ਪੰਜਾਬ ਭਵਨ-ਸਰੀ ਕੈਨੇਡਾ ਵਲੋਂ ਮਸਤੂਆਣਾ ਸਾਹਿਬ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਫ਼ਲਤਾ ਪੂਰਵਕ ਹੋਇਆ ਸੰਪੰਨ
- ਪ੍ਰਾਇਮਰੀ ਵਰਗ ਤੇ ਮਿਡਲ ਵਰਗ ਦੇ ਬੱਚਿਆਂ ਮੁਕਾਬਲਿਆਂ ’ਚ ਲਿਆ ਹਿੱਸਾ
- ਸੁੱਖੀ ਬਾਠ ਵਲੋਂ ਜੱਜ ਦੀ ਸੇਵਾ ਨਿਭਾਉਣ ਆਏ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਕੀਤਾ ਗਿਆ ਵਿਸ਼ੇਸ਼
ਚੰਡੀਗੜ੍ਹ, 19 ਨਵੰਬਰ 2024 - ਸ੍ਰੀ ਮਸਤੂਆਣਾ ਸਾਹਿਬ ਦੇ ਅਕਾਲ ਕਾਲਜ ਆਫ ਫ਼ਿਜੀਕਲ ਐਜੂਕੇਸ਼ਨ ਸੰਗਰੂਰ ਵਿਖੇ ‘‘ਨਵੀਆਂ ਕਲਮਾਂ ਨਵੀ ਉਡਾਣ’’ ਪ੍ਰਜੈਕਟ ਤਹਿਤ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ 16 -17 ਨਵੰਬਰ ਨੂੰ ਪੰਜਾਬ ਭਵਨ-ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਵਲੋਂ ਕਰਵਾਇਆ ਗਿਆ।
ਦੋ ਦਿਨ ਚੱਲੇ ਇਸ ਪ੍ਰੋਗਰਾਮ ਵਿਚ ਪ੍ਰਾਇਮਰੀ ਵਰਗ ਤੇ ਮਿਡਲ ਵਰਗ ਦੇ ਬੱਚਿਆਂ ਕਵਿਤਾ, ਕਹਾਣੀ, ਲੇਖ, ਭਗੰੜਾ ਆਦਿ ਮੁਕਾਬਲਿਆਂ ’ਚ ਹਿੱਸਾ ਲਿਆ। ਦੋ-ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ’ਚ ਪੰਜਾਬ ਭਵਨ-ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ ਜੱਜ ਵਜੋਂ ਹਾਜ਼ਰ ਹੋਏ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਿੰ. ਗੋਸਲ ਨੂੰ ਸਨਮਾਨਿਤ ਕਰਨ ਲਈ ਉਹਨਾਂ ਨੂੰ ਇੱਕ ਮੋਮੈਂਟੋ ਅਤੇ ਕੈਸ਼ ਰਾਸ਼ੀ ਸਨਮਾਨ-ਪੂਰਵਕ ਦਿੱਤੀ ਗਈ।
ਸ੍ਰੀ ਮਸਤੂਆਣਾ ਸਾਹਿਬ ਵਿਖੇ ਇਹ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਪੰਜਾਬ ਭਰ ਦੇ ਬਾਲ ਲੇਖਕਾਂ ਲਈ ਰੱਖੀ ਗਈ ਸੀ ਤਾਂ ਕਿ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਛੋਟੀ ਉਮਰ ਤੋਂ ਹੀ ਉਹਨਾਂ ਅੰਦਰ ਛੁਪੀ ਲਿਖਣ ਕਲਾ ਨੂੰ ਉਭਾਰਨਾ ਅਤੇ ਬੱਚਿਆਂ ਦੇ ਦਿਲਾਂ ਵਿਚ ਮਾਂ ਬੋਲੀ ਪੰਜਾਬੀ ਲਈ ਪਿਆਰ-ਸਤਿਕਾਰ ਪੈਦਾ ਕਰਨਾ ਸੀ। ਇਸ ਦੋ ਰੋਜ਼ਾ ਕਾਨਫ਼ਰੰਸ ਵਿਚ ਬੱਚਿਆਂ ਦੇ ਕਾਵਿ-ਉਚਾਰਣ ਮੁਕਾਬਲੇ, ਲੇਖ, ਕਹਾਣੀਆਂ ਲਿਖਣਾ ਅਤੇ ਭੰਗੜਾ ਆਦਿ ਦੇ ਮੁਕਾਬਲੇ ਕਰਵਾਏ ਗਏ।
ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਨਾਮੀ ਬਾਲ-ਸਾਹਿਤਕਾਰ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਬਤੌਰ ਜੱਜ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ ਸੀ। ਇਸੇ ਸਬੰਧ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ, ਡਾ. ਦਰਸ਼ਨ ਸਿੰਘ ਆਸ਼ਟ ਅਤੇ ਬਲਜਿੰਦਰ ਮਾਨ ਨੇ ਜੱਜਮੈਂਟ ਲਈ ਵਿਸ਼ੇਸ਼ ਭੂਮਿਕਾ ਨਿਭਾਈ।
ਬਾਲ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਅਤੇ ਉੱਘੇ ਸਾਹਿਤਕਾਰ ਹੋਣ ਕਰਕੇ ਪੰਜਾਬ-ਭਵਨ ਸਰੀ ਕੈਨੇਡਾ ਦੇ ਪ੍ਰਬੰਧਕਾਂ ਵਲੋਂ ਪ੍ਰਿੰਸੀਪਲ ਗੋਸਲ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਮੁਹਾਲੀ ਟੀਮ ਦੀ ਸਹਿ ਸੰਪਾਦਕ ਬਲਜਿੰਦਰ ਕੌਰ ਸ਼ੇਰਗਿੱਲ ਨੇ ਪ੍ਰਾਇਮਰੀ ਵਰਗ ਦੇ ਬੱਚਿਆਂ ਦੇ ਮੁਕਾਬਲੇ ’ਚ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਜ਼ਿਲ੍ਹਾ ਮੁਹਾਲੀ ਤੋਂ ਤਿੰਨ ਬੱਚਿਆਂ ਨੇ ਮੁਕਾਬਲੇ ਹਿੱਸਾ ਲਿਆ। ਮੁਕਾਬਲੇ ’ਚ ਪਹੁੰਚੇ ਬੱਚਿਆਂ ਦੇ ਮੋਨਬਲ ਦੇਖ ਕੇ ਪਤਾ ਚੱਲਦਾ ਸੀ ਕਿ ਬੱਚੇ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਹਨ । ਉਨ੍ਹਾਂ ਦੀ ਸਟੇਜ ਭੂਮਿਕਾ ਨੇ ਆਏ ਮਾਪਿਆਂ ਤੇ ਜੱਜਾਂ ਦਾ ਮੰਨ ਮੋਹ ਲਿਆ।
ਸਮਾਗਮ ਦੌਰਾਨ ਜੱਜ ਸਾਹਿਬਾਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੂੰ 70-72 ਬੱਚਿਆਂ ’ਚੋਂ ਨਤੀਜਾ ਦੇਣਾ ਮੁਸ਼ਕਿਲ ਹੋ ਗਿਆ ਸੀ। ਕਿਉਂਕਿ ਹਰ ਇੱਕ ਬੱਚਾ ਆਪੋਂ ਆਪਣੀ ਕਵਿਤਾ ਨਾਲ ਇਕ ਤੋਂ ਇੱਕ ਵਧੀਆ ਪੇਸ਼ਕਾਰੀ ਦੇ ਰਿਹਾ ਸੀ। ਇਸ ਮੌਕੇ ਜੱਜ ਸਾਹਿਬਾਨ ਨੇ ਬੱਚਿਆਂ ਨੂੰ ਆਪਣੇ ਆਸ਼ਰੀਵਾਦ ਦਿੰਦਿਆਂ ਕਿਹਾ ਕਿ ਤੁਸੀਂ ਸਾਰੇ ਹੀ ਜੇਤੂ ਹੋ ਜੋ ਇਸ ਇੰਨੀ ਵੱਡੀ ਸਟੇਜ ’ਤੇ ਆ ਕੇ ਆਪਣੀ ਪੇਸ਼ਕਾਰੀ ਦੇਣਾ ਬਹੁਤ ਵੱਡੀ ਗੱਲ ਹੈ।
ਪ੍ਰਿੰਸੀਪਲ ਗੋਸਲ ਨੇ ਇਸ ਵਿਸ਼ੇਸ਼ ਸਨਮਾਨ ਲਈ ਸ੍ਰੀ ਸੁੱਖੀ ਬਾਠ ਅਤੇ ਦੂਜੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ। ਸ੍ਰੀ ਜਗਤਾਰ ਸਿੰਘ ਜੋਗ ਅਤੇ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ ਨੇ ਇਸ ਮੌਕੇ ਕਿਹਾ ਕਿ ਪ੍ਰਿੰਸੀਪਲ ਗੋਸਲ ਦਾ ਅਜਿਹਿਆਂ ਮੌਕਿਆਂ ਤੇ ਅੰਤਰਰਾਸ਼ਟਰੀ ਸੰਸਥਾ ਵਲੋਂ ਸਨਮਾਨ ਕਰਨਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਸਮੁੱਚੇ ਤੌਰ ਤੇ ਸਨਮਾਨ ਹੋਇਆ ਹੈ ਅਤੇ ਉਹਨਾਂ ਨੇ ਪ੍ਰਿੰ. ਗੋਸਲ ਨੂੰ ਇਸ ਸਨਮਾਨ ਦੀ ਪ੍ਰਾਪਤੀ ਲਈ ਵਧਾਈ ਦਿੱਤੀ।
ਇਹ ਦੱਸਣਯੋਗ ਹੈ ਕਿ ਇਸ ਦੋ-ਰੋਜ਼ਾ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਰਾਜਸਥਾਨ ਗੰਗਾਨਗਰ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਵਿੱਚ ਆਏ ਹੋਏ ਸਨ, ਜਿਹਨਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਉੱਚ ਪੱਧਰੀ ਪ੍ਰਬੰਧ ਕੀਤਾ ਗਿਆ ਸੀ। ਇਹ ਬੱਚੇ ਵੱਖ ਵੱਖ ਵੰਨਗੀਆਂ ਲਈ ਵੱਖ ਵੱਖ ਉਮਰ ਵਰਗਾਂ ਵਿੱਚ ਵੰਡੇ ਹੋਏ ਸਨ ਅਤੇ ਹਰ ਵੰਨਗੀ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਲਈ ਵੱਡੇ ਵੱਡੇ ਕੈਸ਼ ਇਨਾਮ ਰੱਖੇ ਗਏ ਸਨ, ਜਿਸ ਕਾਰਨ ਬੱਚੇ ਪੂਰੀ ਤਿਆਰੀ ਅਤੇ ਵੱਡੀ ਗਿਣਤੀ ਵਿੱਚ ਆਏ ਹੋਏ ਸਨ।
ਇਸ ਮੌਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਮੁੱਖ ਸਲਾਹਕਾਰ ਅਤੇ ਨਾਮੀ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ ਵੀ ਹਾਜ਼ਰ ਸਨ। ਪ੍ਰਬੰਧਕਾਂ ਵਿਚ ਪੰਜਾਬ ਭਵਨ-ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ, ਸ੍ਰ. ਓਕਾਰ ਸਿੰਘ ਤੇਜੇ, ਹਰਜਿੰਦਰ ਸਿੰਘ ਸੰਧੂ, ਮਨਦੀਪ ਕੌਰ ਅਤੇ ਕਾਲਜ ਦੇ ਪ੍ਰਬੰਧਕ, ਬੱਚਿਆਂ ਤੋਂ ਇਲਾਵਾ ਮਾਪੇ ਵੀ ਨਾਲ ਸਾਮਲ ਸਨ।