ਗੁਰਭਜਨ ਗਿੱਲ ਦਾ ਪਹਿਲਾ ਕਾਵਿ ਸੰਗ੍ਰਹਿ ਸ਼ੀਸ਼ਾ ਝੂਠ ਬੋਲਦਾ ਹੈ
- ਪ੍ਰਕਾਸ਼ਕਃ ਨਿਊ ਏਜ ਬੁੱਕ ਸੈਂਟਰ ਅੰਮ੍ਰਿਤਸਰ
- ਮੇਰੀ ਪਹਿਲੀ ਕਿਤਾਬ ਦਾ ਪਹਿਲਾ ਰੀਵੀਊ, ਜੋ ਘੋਲੀਆ ਕਲਾਂ (ਮੋਗਾ) ਵਾਲੇ ਸੁਰਜੀਤ ਗਿੱਲ ਨੇ 1979 ਵਿਚ ਤ੍ਰੈਮਾਸਿਕ ਪੱਤਰ ਸਿਰਜਣਾ 'ਚ ਛਪਵਾਇਆ ਸੀ।
ਪਿਛਲੇ ਕੁਝ ਸਮੇਂ ਤੋਂ ਇਕ ਸਵਾਲ ਕਾਫੀ ਉਭਾਰਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਕੀ ਕਵਿਤਾ ਦਾ ਯੁਗ ਖ਼ਤਮ ਨਹੀਂ ਹੋ ਗਿਆ ? "
ਉਂਜ ਨਵੀਨ ਵਿਗਿਆਨ ਦੇ ਜਨਮ ਤੋਂ ਹੀ ਇਹ ਸਵਾਲ ਖੜ੍ਹਾ ਹੋ ਗਿਆ ਸੀ ਪਰੰਤੂ ਸਮੇਂ ਸਮੇਂ ਜਾਂ ਕਿਸੇ ਕੌਮੀ ਸਾਹਿਤ ਦੇ ਵਿਕਾਸ ਦੇ ਕਿਸੇ ਮੋੜ ਉਤੇ ਇਹ ਸਵਾਲ ਅਵੱਸ਼ ਖੜਾ ਹੋਇਆ ਹੈ । ਅੱਜ ਪੰਜਾਬੀ ਸਾਹਿਤ ਵਿਚ ਇਹ ਸਵਾਲ ਉਭਰਿਆ ਹੈ । ਇਸ ਸਵਾਲ ਦੇ ਉੱਭਰਨ ਪਿਛੇ ਹੋਰਨਾਂ ਕਾਰਨਾਂ ਤੋਂ ਬਿਨਾਂ ਇਕ ਕਾਰਨ ਪੰਜਾਬੀ ਅੰਦਰ ਲਿਖੀ ਜਾ ਰਹੀ ਅਜੋਕੀ ਕਵਿਤਾ ਹੈ । ਜਿਹੜੀ ਰੂਪ ਤੇ ਵਿਸ਼ੇ ਦੇ ਪੱਖੋਂ ਸਮੂਹਕਤਾ ਦੀ ਪ੍ਰਤਿਨਿਧਤਾ ਕਰਨ ਦੀ ਥਾਂ ਅਕਸਰ ਵਿਅਕਤੀ ਦੀ ਹੀ ਪ੍ਰਤਿਨਿਧਤਾ ਕਰਦੀ ਹੈ । ਆਮ ਤੌਰ ' ਤੇ ਕਿਸੇ ਵਿਅਕਤੀ ਵਿਸ਼ੇਸ਼ ਦੀ ਅੰਤਰਮੁਖਤਾ ਦਾ ਪ੍ਰਗਟਾਵਾ ਹੁੰਦੀ ਹੈ । ਜਿਸ ਕਾਰਨ ਆਮ ਪਾਠਕ ਲਈ ਇਹ ਓਪਰੀ ਰਹਿੰਦੀ ਹੈ ।
ਸਾਹਿਤ ਦਾ ਕੋਈ ਵੀ ਰੂਪ ਸਮੇਂ ਤੇ ਸਥਿਤੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ । ਬਹੁਤੀ ਵੇਰ ਅਚੇਤ ਜਾਂ ਸੁਚੇਤ ਤੌਰ ' ਤੇ ਸਾਹਿਤ ਸਮਕਾਲੀ ਸਮਾਜਕ ਪਰਿਸਥਿਤੀਆਂ ਸਿਰਜਣ,
ਜਮਾਤੀ ਦਵੰਦ ਤੇ ਵਿਅਕਤੀ ਦੇ ਆਪਣੇ ਅੰਦਰਲੇ ਮਾਨਸਿਕ ਦਵੰਦ ਦਾ ਅਕਸ ਹੁੰਦਾ ਹੈ । ਭਾਵ ਇਸ ਵਿਚੋਂ ਲੇਖਕ ਦੀ ਆਪਣੀ ਨਿੱਜੀ ਮਾਨਸਿਕ ਦਸ਼ਾ ਤੇ ਉਸ ਉਤੇ ਪੈ ਰਹੇ ਸਮਾਜਕ ਪ੍ਰਸਥਿਤੀਆਂ ਦੇ ਪ੍ਰਭਾਵ ਨੂੰ ਦੇਖਿਆ ਜਾ ਸਕਦਾ ਹੈ । ਅਜੋਕੀ ਸਥਿਤੀ ਵਿੱਚ ਲਿਖੀ ਜਾ ਰਹੀ ਕਵਿਤਾ ਤੇ ਹੋਰ ਸਾਹਿਤ ਨੂੰ ਘੋਖਣ ਲਈ ਅਜੋਕੀ ਸਮਾਜਕ ਅਵਸਥਾ ਦਾ ਮੋਟਾ ਜਿਹਾ ਜਾਇਜ਼ਾ ਲੈਣਾ ਕੁਥਾਂ ਨਹੀਂ ਹੋਵੇਗਾ ।
ਅੱਜ ਦੇਸ਼ ਅੰਦਰ ਸਰਮਾਏਦਾਰ ਵਿਕਾਸ ਕਰਨ ,ਪੁਰਾਤਨ ਜਗੀਰਦਾਰੀ ,ਸਮਾਜ ਆਰਥਿਕ ਤੇ ਸਮਾਜਕ ਪੱਖੋਂ ਤੇਜ਼ੀ ਨਾਲ ਟੁੱਟ ਰਿਹਾ ਹੈ । ਇਸ ਸਮਾਜਕ ਢਾਂਚੇ ਵਿਚ ਪਰਿਵਾਰ ਵੀ ਟੁੱਟ ਕੇ ਖੇਰੂੰ ਖੇਰੂੰ ਹੋ ਰਿਹਾ ਹੈ । ਇਸ ਦਵੰਦ ਵਿਚ ਵਿਅਕਤੀ ਆਪਣੇ ਆਪ ਨੂੰ ਇਕੱਲਾ ਤੇ ਨਿਖੜਿਆ ਹੋਇਆ ਮਹਿਸੂਸ ਕਰਦਾ ਹੈ । ਇਸੇ ਇਕੱਲਤਾ ਵਿਚੋਂ ਅਜੋਕੀ ਕਵਿਤਾ ਦਾ ਜਨਮ ਹੋਇਆ ਹੈ ।
ਕੁਝ ਸਮਾਂ ਪਹਿਲਾਂ ਛਪੇ ਗੁਰਭਜਨ ਗਿੱਲ ਦੇ ਪਹਿਲੇ ਕਾਵਿ ਸੰਗ੍ਰਹਿ ਸ਼ੀਸ਼ਾ ਝੂਠ ਬੋਲਦਾ ਹੈ ਨੂੰ ਵੀ ਇਸੇ ਸੰਦਰਭ ਵਿਚ ਪਰਖਣਾ ਚਾਹੀਦਾ ਹੈ । ਗੁਰਭਜਨ ਗਿੱਲ ਦੀ ਸਮੁੱਚੀ ਕਵਿਤਾ ਉਤੇ ਉਹਦੇ ਆਪਣੇ ਅਨੁਭਵਾਂ , ਸੋਚਾਂ ਤੇ ਗ੍ਰਹਿਣ ਕੀਤੇ ਪ੍ਰਤਿਕਰਮਾਂ ਦੀ ਗੂੜ੍ਹੀ ਛਾਪ ਹੈ । ਇਸ ਲਈ ਉਹਦੇ ਵਲੋਂ ਦਿਤੇ ਅਰਥ , ਬਿੰਬ ਤੇ ਪ੍ਰਤੀਕ ਨਿਰੋਲ ਉਹਦੇ ਆਪਣੇ ਹਨ । ਜਿਥੇ ਕਿਤੇ ਉਹਨੇ ਆਪੇ ਤੋਂ ਬਾਹਰ ਆਕੇ ਸਮਾਜ ਤੇ ਪਰਿਸਥਿਤੀਆਂ ਦੀ ਗੱਲ ਕੀਤੀ ਹੈ ਉਥੇ ਵੀ ਉਹਦਾ ਨਿਜੱਤਵ ਭਾਰੂ ਹੈ । ਕਲਾ ਦੇ ਪੱਖੋਂ ਕਵੀ ਲਈ ਰੂਪ ਤੇ ਵਿਸ਼ੇ ਦੇ ਪੱਖੋਂ ਵਿਲੱਖਣ ਹੋਣਾ ਜ਼ਰੂਰੀ ਹੈ । ਪਰ ਇਸ ਵਿਲੱਖਣਤਾ ਵਿਚ ਕੋਈ ਨਾ ਕੋਈ ਅੰਸ਼ ਅਜਿਹਾ ਹੋਣਾ ਜ਼ਰੂਰੀ ਹੈ ਜਿਹੜਾ ਉਹਨੂੰ ਸਮੂਹਕਤਾ ਨਾਲ ਜੋੜੋ । ਗੁਰਭਜਨ ਗਿੱਲ ਦੀ ਕਵਿਤਾ ਵਿਚ ਅਜਿਹਾ ਅੰਸ਼ ਹੈ । ਕਿਉਂਕਿ ਉਹ ਨਿੱਜ ਦੀ ਗੱਲ ਵੀ ਕਰਦਾ ਹੈ ਤਾਂ ਆਲੇ ਦੁਆਲੇ ਤੋਂ ਟੁੱਟ ਕੇ ਨਹੀਂ ਕਰਦਾ । ਉਹਦੀਆਂ ਕਵਿਤਾਵਾਂ ‘ ‘ ਆਪਣੇ ਖਿਲਾਫ਼ ‘ ਤੇਈ ਮਾਰਚ ਆਦਿ ਅਜਿਹੀਆਂ ਹਨ । ਪਰਿਸਥਿਤੀਆਂ ਨਾਲ ਨਾਰਾਜ਼ਗੀ ਪ੍ਰਗਟ ਕਰਨ ਦਾ ਇਕ ਢੰਗ ਵਿਅੰਗ ਹੈ ।
ਪੰਜਾਬੀ ਵਿਚ ਇਹ ਸਾਧਨ ਅਕਸਰ ਵਰਤਿਆ ਜਾਂਦਾ ਰਿਹਾ ਹੈ ਤੇ ਹੁਣ ਵੀ ਵਰਤਿਆ ਜਾ ਰਿਹਾ ਹੈ । ਪਰੰਤੂ ਗੁਰਭਜਨ ਦੇ ਵਿਅੰਗ ਦਾ ਢੰਗ ਕੁਝ ਵਧੇਰੇ ਹੀ ਤਿੱਖਾ ਹੈ । ਉਹ ਵਿਅੰਗ ਕਰਨ ਲੱਗਿਆਂ ਆਪੇ ਨੂੰ ਵੀ ਨਹੀਂ ਬਖ਼ਸ਼ਦਾ । ਜਿਵੇਂ ਉਹ ਕਹਿੰਦਾ ਹੈ ;
ਮਨ ਚੰਦਰੇ ਨੂੰ ਕਿਹੜਾ ਆਖੇ
ਤੇਰੇ ਪਿਛੇ ਤੁਰਕੇ
ਮੈਂ ਭੁੱਖਾ ਨਹੀਂ ਮਰਨਾ।
ਤੇਰੇ ਪਿੱਛੇ ਲੱਗ ਕੇ
ਮੈਂ ਭੜੂਆ ਨਹੀਂ ਬਣਨਾ।
ਮੇਰਾ ਤਾਂ ਸੰਗਰਾਮਾਂ ਵਿਚ
ਵਿਸ਼ਵਾਸ ਨਹੀਂ ਹੈ ।
ਗੁਰਭਜਨ ਗਿੱਲ ਨੇ ਆਪਣੇ ਸਮੇਂ ਦੀਆਂ ਘਟਨਾਵਾਂ ਦੇ ਪਰਿਸਥਿਤੀਆਂ ' ਤੇ ਵਿਅੰਗ ਦੇ ਭਰਪੂਰ ਵਾਰ ਕੀਤੇ ਹਨ । ਰੂਪ ਦੇ ਪੱਖੋਂ ਗੁਰਭਜਨ ਨੇ ਛੋਟੀ ਕਵਿਤਾ ਤੇ ਗ਼ਜ਼ਲ ' ਤੇ ਵੀ ਹੱਥ ਅਜ਼ਮਾਇਆ ਹੈ । ਉਹ ਇਹਨਾਂ ਦੋਹਾਂ ਵਿਚ ਹੀ ਕਾਫ਼ੀ ਸਫ਼ਲ ਹੈ ।
ਇਸ ਸੰਗ੍ਰਹਿ ਵਿੱਚ ਛੋਟੀਆਂ ਕਵਿਤਾਵਾਂ ਬਹੁਤ ਵਧੀਆ ਹਨ। ਗੁਰਭਜਨ ਵੱਡੀ ਗੱਲ ਥੋੜ੍ਹੇ ਸ਼ਬਦਾਂ ਵਿੱਚ ਕਹਿਣ ਦਾ ਮਾਹਿਰ ਹੈ
ਮੌਸਮ ਕਵਿਤਾ ਵਿਚ ਉਹ
ਕਹਿੰਦਾ ਹੈ , ...
ਕੇਹੀ ਅਨੋਖੀ ਰੁੱਤ ਹੈ ।
ਜਦ ਜੰਮਦੇ ਨੇ ਸਿਰਫ਼ ਅੰਗਿਆਰ
ਤੇ ਦੱਬ ਦੇਣ ਦੇ ਬਾਵਜੂਦ ਵੀ
ਚੀਕਦੇ ਨੇ “
ਸੰਗਰਾਮ ਦੀ ਜਿੱਤ ਹੁੰਦੀ ਹੈ ”
ਕੋਈ ਕਿੰਨਾ ਵੀ ਅੰਤਰਮੁਖੀ ਹੋਵੇ ਪਰ ਪਰਿਸਥਿਤੀਆਂ ਤੋਂ ਅਣਭਿੱਜ ਨਹੀਂ ਰਹਿ ਸਕਦਾ । ਗੁਰਭਜਨ ਗਿੱਲ ਦਾ ਨਿੱਜ ਤਾਂ ਹੈ ਹੀ ਚੇਤਨ । ਉਹਨੇ ਸਮਕਾਲੀ ਘਟਨਾਵਾਂ ਦਾ ਅਸਰ ਕਬੂਲਿਆ ਹੈ ।
ਸਮੁੱਚੇ ਤੌਰ ' ਤੇ ਗੁਰਭਜਨ ਗਿੱਲ ਪੜ੍ਹੀ ਲਿਖੀ ਮੱਧ ਸ਼੍ਰੇਣੀ ਦਾ ਕਵੀ ਹੈ ਅਤੇ ਉਹਦੀ ਪਹੁੰਚ ਉਸੇ ਜਮਾਤ ਤਕ ਹੀ ਹੈ । ਲੋਕ ਪੱਖੀ ਵਿਸ਼ਿਆ ਦੇ ਹੁੰਦਿਆਂ ਵੀ ਉਹਨਾਂ ਨੂੰ ਪੇਸ਼ ਕਰਨ ਦਾ ਢੰਗ ਬਿੰਬ ਤੇ ਪ੍ਰਤੀਕ ਅਜਿਹੇ ਹਨ ਜਿਹੜੇ ਆਮ ਲੋਕਾਂ ਦੀ ਸਮਝ ਤੋਂ ਓਪਰੇ ਹਨ ।
ਦੂਜੇ ਅਜੋਕੀਆਂ ਪ੍ਰਸਥਿਤੀਆਂ ਤੇ ਸਮਾਜਕ ਦਵੰਦ ਨੂੰ ਸਮਝਕੇ ਵੀ ਉਨ੍ਹਾਂ ਦਾ ਵਿਗਿਆਨਕ ਨਿਰਣਾ ਤੇ ਹੱਲ ਪੇਸ਼ ਨਹੀਂ ਕਰਦਾ ।
ਪਰਿਸਥਿਤੀਆਂ ਤੇ ਵਿਅੰਗ ਕਰਕੇ ਉਨ੍ਹਾਂ ਨਾਲ ਅਸਿਹਮਤੀ ਤਾਂ ਪ੍ਰਗਟ ਕਰਦਾ ਹੈ ਪਰ ਅੱਗੇ ਸਭ ਕੁਝ ਖਿਲਾਅ ਵਿਚ ਲਟਕਦਾ ਛੱਡ ਦਿੰਦਾ ਹੈ । ਪਤਾ ਨਹੀਂ ਇਹ ਕੁਝ ਉਹ ‘ ‘ ਪ੍ਰਤੀਬੱਧਤਾ ’ ਦੇ ਲੇਬਲ ਲੱਗਣ ਤੋਂ ਡਰਦਾ ਜਾਂ ਆਪਣੀ ਮੱਧ ਸ਼੍ਰੇਣਿਕ ਬੁਧੀਜੀਵੀ ਹਉਮੈ ਨੂੰ ਪੱਠੇ ਪਾਉਣ ਲਈ ਕਰਦਾ ਹੈ ।
ਸੁਰਜੀਤ ਗਿੱਲ
ਪਿੰਡਃ ਘੋਲੀਆ ਕਲਾਂ (ਮੋਗਾ)