ਚੰਡੀਗੜ੍ਹ, 9 ਅਕਤੂਬਰ, 2016 : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਰੋਡਰਿਕ ਮੈਥਿਊਜ਼ ਦੀ ਲਿਖੀ ਕਿਤਾਬ 'ਜਿਨਾਹ ਬਨਾਮ ਗਾਂਧੀ' ਦਾ ਪੰਜਾਬੀ ਅਨੁਵਾਦ ਜੋ ਕਿ ਗੁਰਨਾਮ ਕੰਵਰ ਹੁਰਾਂ ਵੱਲੋਂ ਕੀਤਾ ਗਿਆ ਹੈ, ਉਸ ਨੂੰ ਲੋਕ ਅਰਪਣ ਕੀਤਾ ਗਿਆ। ਚੰਡੀਗੜ੍ਹ ਦੇ ਸੈਕਟਰ 36 ਵਿਚ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਸਮਾਰੋਹ ਵਿਚ ਸਭ ਤੋਂ ਪਹਿਲਾਂ ਮਹਿਮਾਨ ਪ੍ਰੋ. ਹਰਕਿਸ਼ਨ ਸਿੰਘ ਮਹਿਤਾ, ਡਾ. ਸਰਬਜੀਤ ਸਿੰਘ ਅਤੇ ਕਿਤਾਬ ਦੇ ਅਨੁਵਾਦਤ ਲੇਖਕ ਗੁਰਨਾਮ ਕੰਵਰ ਹੁਰਾਂ ਦਾ ਸਭਾ ਦੇ ਅਹੁਦੇਦਾਰਾਂ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਰਸਮੀ ਤੌਰ 'ਤੇ ਕਿਤਾਬ ਲੋਕ ਅਰਪਣ ਕੀਤੀ ਗਈ।
'ਜਿਨਾਹ ਬਨਾਮ ਗਾਂਧੀ' ਕਿਤਾਬ 'ਤੇ ਸਟੀਕ ਟਿੱਪਣੀਆਂ ਕਰਦਿਆਂ ਹੋਇਆਂ ਡਾ. ਸਰਬਜੀਤ ਸਿੰਘ ਨੇ ਆਖਿਆ ਕਿ ਪਾਕਿਸਤਾਨ ਦੇ ਲਈ ਜਿਨਾਹ ਜੇ ਹੀਰੋ ਹੈ ਤਾਂ ਗਾਂਧੀ ਵਿਲਨ ਤੇ ਭਾਰਤ ਦੇ ਲਈ ਗਾਂਧੀ ਜੇ ਆਦਰਸ਼ ਹੈ ਤਾਂ ਜਿਨਾਹ ਇਕ ਵਿਲਨ ਹੈ। ਡਾ.ਸਰਬਜੀਤ ਨੇ ਕਿਹਾ ਜਿਨਾਹ ਨੇ ਆਪਣਾ ਸਾਰਾ ਜੀਵਨ ਮੁਸਲਿਮ ਭਾਈਚਾਰੇ ਲਈ ਤੇ ਮੁਸਲਮਾਨਾਂ ਨੂੰ ਹਿੰਦੂਆਂ ਤੋਂ ਵੱਖਰਾ ਦਿਖਾਉਣ ਲਈ ਮੁਸਲਿਮ ਕੌਮ ਵਜੋਂ ਉਭਾਰਨ ਲਈ ਕੰਮ ਕੀਤਾ। ਜਦੋਂ ਕਿ ਗਾਂਧੀ ਪੂਰੇ ਦੇਸ਼ ਨੂੰ ਨਾਲ ਲੈ ਕੇ ਤੁਰਨ ਦੇ ਉਪਰਾਲੇ ਕਰਦਾ ਰਿਹਾ। ਉਨ੍ਹਾਂ ਆਖਿਆ ਕਿ ਅੱਜ ਸਾਡੇ ਸਾਹਮਣੇ ਮੌਜੂਦਾ ਪ੍ਰਸਿਥਤੀਆਂ ਵਿਚ ਵੀ ਇਹ ਸਵਾਲ ਬਹੁਤ ਵੱਡਾ ਖੜ੍ਹਾ ਹੈ ਕਿ ਸਾਨੂੰ ਜਿਨਾਹ ਦੀ ਲੋੜ ਹੈ ਜਾਂ ਗਾਂਧੀ ਦੀ। ਫਿਰ ਸਰਬਜੀਤ ਖੁਦ ਹੀ ਜਵਾਬ ਦਿੰਦੇ ਹਨ ਕਿ ਮੈਂ ਤਾਂ ਇਸ ਮਾਮਲੇ 'ਚ ਸਪੱਸ਼ਟ ਹਾਂ ਕਿ ਸਾਨੂੰ ਗਾਂਧੀ ਦੀ ਲੋੜ ਹੈ ਨਾ ਕਿ ਜਿਨਾਹ ਦੀ। ਪਰ ਨਾਲ ਹੀ ਡਾ. ਸਰਬਜੀਤ ਸੁਚੇਤ ਵੀ ਕਰਦੇ ਹਨ ਕਿ 1947 ਦੀ ਵੰਡ ਨੂੰ ਦੁਬਾਰਾ ਨਾਲ ਦੁਹਰਾ ਲਿਆ ਜਾਵੇ ਕਿਉਂਕਿ ਵੰਡ ਦਾ ਸੰਤਾਪ ਤਾਂ ਪੰਜਾਬ ਨੂੰ ਭੋਗਣਾ ਪਿਆ ਹੈ।
ਕਿਤਾਬ 'ਜਿਨਾਹ ਬਨਾਮ ਗਾਂਧੀ' ਸਬੰਧੀ ਆਪਣੇ ਤਜ਼ਰਬਿਆਂ ਨੂੰ ਸਾਂਝੇ ਕਰਦੇ ਹੋਏ ਕਿਤਾਬ ਦੇ ਅਨੁਵਾਦਤ ਲੇਖਕ ਗੁਰਨਾਮ ਕੰਵਰ, ਨਾਲ ਨਜ਼ਰ ਆ ਰਹੇ ਹਨ ਪ੍ਰੋ. ਹਰਕਿਸ਼ਨ ਸਿੰਘ ਮਹਿਤਾ, ਸਿਰੀਰਾਮ ਅਰਸ਼, ਡਾ. ਗੁਰਮੇਲ ਸਿੰਘ ਅਤੇ ਡਾ. ਜੋਗਿੰਦਰ I
ਇਸ ਮੌਕੇ 'ਤੇ ਮੁੱਖ ਵਕਤਾ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਨੇ ਤਾਜੀਆਂ ਘਟਨਾਕ੍ਰਮਾਂ ਵਿਚੋਂ ਉਦਾਹਰਨਾਂ ਦੇ ਹਵਾਲੇ ਨਾਲ ਆਖਿਅ ਕਿ ਗਾਂਧੀ ਨੇ ਖੁਦ ਨੂੰ ਉਭਾਰਨ ਲਈ ਜੋ ਰਾਹ ਚੁਣਿਆ ਸੀ ਉਸ ਦੀ ਨਕਲ ਅੱਜ ਕੇਜਰੀਵਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਗਾਂਧੀ ਦੇਸ਼ ਵੰਡਣ ਦਾ ਹਮਾਇਤੀ ਨਹੀਂ ਸੀ ਪਰ ਭਾਸ਼ਾਵਾਂ ਦੇ ਆਧਾਰ 'ਤੇ ਉਹ ਸੂਬਿਆਂ ਨੂੰ ਆਜ਼ਾਦ ਰੱਖਣ ਦੇ ਪੱਖ ਵਿਚ ਸੀ। ਜਿਸ ਨਾਲ ਵਿਕਾਸ ਜ਼ਿਆਦਾ ਹੁੰਦਾ। ਉਨ੍ਹਾਂ ਸਪੱਸ਼ਟ ਕਿਹਾ ਕਿ ਲੋੜ ਅੱਜ ਗਾਂਧੀ ਜਾਂ ਜਿਨਾਹ ਦੀ ਨਹੀਂ ਲੋੜ ਤਾਂ ਅੱਜ ਸੈਕੂਲਰਇਜ਼ਮ ਦੀ ਹੈ ਤੇ ਇਹ ਸੈਕੂਲਰਇਜ਼ਮ ਵੀ ਯੂਰਪ ਵਾਲਾ। 'ਗਾਂਧੀ ਬਨਾਮ ਜਿਨਾਹ' ਕਿਤਾਬ 'ਤੇ ਵੱਖੋ-ਵੱਖ ਹਵਾਲਿਆਂ ਨਾਲ ਆਪਣੀ ਗੱਲ ਰੱਖਦੇ ਹੋਏ ਲੇਖਕ ਸਭਾ ਦੇ ਪ੍ਰਧਾਨ ਸਿਰੀਰਾਮ ਅਰਸ਼ ਨੇ ਆਖਿਆ ਕਿ ਇਸ ਕਿਤਾਬ ਦੇ ਪੰਜਾਬੀ ਅਨੁਵਾਦ ਦੀ ਸਿਰਜਣਾ ਕਰਕੇ ਗੁਰਨਾਮ ਕੰਵਰ ਹੁਰਾਂ ਨੇ ਪੰਜਾਬੀ ਪਾਠਕਾਂ ਦੇ ਹੱਥ ਵਿਚ ਇਸ ਯੁੱਗ ਦੀ ਮਹੱਤਵਪੂਰਨ ਕਿਤਾਬ ਫੜਾ ਦਿੱਤੀ ਹੈ। ਅਰਸ਼ ਹੁਰਾਂ ਨੇ ਸ਼ਿਮਲੇ ਦੀ ਇਕ ਘਟਨਾ ਦਾ ਜ਼ਿਕਰ ਕਰਕੇ ਸਭ ਸਾਹਮਣੇ ਲਿਆਂਦਾ ਕਿ ਕਿਵੇਂ ਜਿਨਾਹ-ਗਾਂਧੀ 'ਤੇ ਖੁਦ ਨੂੰ ਭਾਰੂ ਦਿਖਾਉਣ ਲਈ ਜਾਂ ਵੱਡਾ ਦਿਖਾਉਣ ਲਈ ਕੋਸ਼ਿਸ਼ਾਂ ਕਰਦਾ ਰਿਹਾ। ਉਨ੍ਹਾਂ ਵੀ ਵੰਡ ਦਾ ਕਾਰਨ ਫਸਾਦ ਦੱਸਿਆ ਤੇ ਕਿਹਾ ਕਿ ਇਸ ਦਾ ਨਤੀਜਾ ਪੰਜਾਬ ਨੇ ਭੁਗਤਿਆ।
ਇਸ ਮੌਕੇ 'ਤੇ ਡਾ. ਜੋਗਿੰਦਰ ਹੁਰਾਂ ਨੇ ਬੜਾ ਵਿਸਥਾਰਤ ਪਰਚਾ ਪੜ੍ਹਿਆ। ਕਿਤਾਬ ਦੇ ਸਬੰਧ ਵਿਚ ਵੱਡੀਆਂ ਦਲੀਲਾਂ ਦੇ ਹਵਾਲੇ ਨਾਲ ਜਿੱਥੇ ਗਾਂਧੀ ਦਾ ਚਿਤਰਨ ਕੀਤਾ। ਉਥੇ ਜਿਨਾਹ ਦੇ ਜੀਵਨ 'ਤੇ ਵੀ ਝਾਤੀ ਮਾਰੀ। ਡਾ. ਜੋਗਿੰਦਰ ਨੇ ਇਸ ਨੂੰ ਇਕ ਹਿਸਟਰੀ ਦੀ ਕਿਤਾਬ ਦਾ ਦਰਜ਼ਾ ਦਿੱਤਾ। ਸਾਹਿਤ ਅਕਾਦਮੀ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਹੁਰਾਂ ਨੇ ਕਿਤਾਬ ਦੇ ਹਵਾਲਿਆਂ ਨੂੰ ਮੌਜੂਦਾ ਵਕਤ ਨਾਲ ਤੁਲਨਾ ਕਰਦਿਆਂ ਕਿਹਾ ਕਿ ਅੱਜ ਫਿਰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਨਾਗਪੁਰ ਤੋਂ ਜਿਹੋ ਜਿਹੇ ਹੁਕਮ ਆ ਰਹੇ ਹਨ ਉਹ ਦੇਸ਼ ਨੂੰ ਫਿਰ ਤੋਂ ਵੰਡ ਦੇ ਮੂੰਹ 'ਤੇ ਲੈ ਜਾਣਗੇ। ਡਾ. ਮਨਦੀਪ ਨੇ ਆਖਿਆ ਕਿ ਗਾਂਧੀ ਅਤੇ ਜਿਨਾਹ ਨੂੰ ਸਮਝਣ ਲਈ ਇਹ ਕਿਤਾਬ ਬਹੁਤ ਲਾਹੇਵੰਦ ਹੈ ਪਰ ਉਨ੍ਹਾਂ ਦੋਵਾਂ ਦਾ ਕਾਰਜ ਇੰਨਾ ਵਿਸ਼ਾਲ ਹੈ ਕਿ ਉਸ ਨੂੰ ਹੋਰ ਗਹਿਰਾਈ ਨਾਲ ਸਮਝਣ ਲਈ ਹੋਰ ਪੜ੍ਹਨ ਦੀ ਵੀ ਲੋੜ ਹੈ। ਇਸ ਮੌਕੇ 'ਤੇ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਕਿਤਾਬ ਦੇ ਹਵਾਲੇ ਨਾਲ ਗਾਂਧੀ ਅਤੇ ਜਿਨਾਹ ਦੀ ਤੁਲਨਾ ਕਰਦਿਆਂ ਕਿਹਾ ਕਿ ਜਿਨਾਹ ਜਿੱਥੇ ਵੰਡ ਵਿਚੋਂ ਆਪਣੀ ਜਿੱਤ ਦੇਖਣ ਲੱਗ ਪਿਆ ਸੀ ਉਥੇ ਗਾਂਧੀ ਨਿੱਜੀ ਤੌਰ 'ਤੇ ਵੰਡ ਦੇ ਹੱਕ ਵਿਚ ਨਹੀਂ ਸੀ ਪਰ ਸੱਚਾਈ ਇਹ ਵੀ ਹੈ ਕਿ 1947 ਦੇ ਆਉਂਦੇ ਆਉਂਦੇ ਦੋਵੇਂ ਆਗੂਆਂ ਦਾ ਕੰਟਰੋਲ ਰਾਜਨੀਤਿਕ ਏਜੰਡੇ ਉਤੋਂ ਖਤਮ ਹੋ ਗਿਆ ਸੀ।
ਸਮਾਗਮ ਦੇ ਆਖਰ ਵਿਚ ਅਨੁਵਾਦਤ ਕਿਤਾਬ ਦੇ ਲੇਖਕ ਗੁਰਨਾਮ ਕੰਵਰ ਹੁਰਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਮੈਨੂੰ ਕਿਤਾਬ ਵਿਚ ਕਿਤਾਬ ਦਾ ਮੂਲ ਲੇਖਕ ਨਾ ਗਾਂਧੀ ਪੱਖੀ ਲੱਗਿਆ ਨਾ ਜਿਨਾਹ ਪੱਖੀ, ਹਾਂ ਉਸ ਦਾ ਉਲਾਰ ਥੋੜ੍ਹਾ ਜਿਹਾ ਅੰਗਰੇਜ਼ਾਂ ਪੱਖੀ ਜ਼ਰੂਰ ਰਿਹਾ। ਗੁਰਨਾਮ ਕੰਵਰ ਹੁਰਾਂ ਨੇ ਪੰਜਾਬੀ ਲੇਖਕ ਸਭਾ ਦੇ ਨਾਲ-ਨਾਲ ਆਏ ਹੋਏ ਮਹਿਮਾਨਾਂ, ਵੱਖੋ-ਵੱਖ ਅਹੁਦੇਦਾਰਾਂ, ਕਵੀਆਂ ਅਤੇ ਲੇਖਕਾਂ ਦਾ ਉਚੇਚਾ ਧੰਨਵਾਦ ਕੀਤਾ। ਇਸ ਮੌਕੇ 'ਤੇ ਦਰਸ਼ਨ ਤ੍ਰਿਊਣਾ ਨੇ 'ਕੌਣ ਗਿਆਂ ਨੂੰ ਮੋੜੇ ਵੇ ਲੋਕੋ, ਕੌਣ ਗਿਆਂ ਮੋੜੇ' ਆਪਣ ਲਿਖੇ ਗੀਤ ਰਾਹੀਂ ਜਿੱਥੇ ਭਰਵੀਂ ਹਾਜ਼ਰੀ ਲਗਵਾਈ, ਉਥੇ ਪੂਰੇ ਸਮਾਗਮ ਦਾ ਸੰਚਾਲਨ ਬਾਖੂਬੀ ਸਭਾ ਦੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਨੇ ਕੀਤਾ। ਇਸ ਮੌਕੇ 'ਤੇ ਵੱਡੀ ਗਿਣਤੀ 'ਚ ਸਰੋਤਿਆਂ ਦੇ ਨਾਲ-ਨਾਲ ਅਵਤਾਰ ਸਿੰਘ ਪਤੰਗ, ਪ੍ਰਿੰਸੀਪਲ ਗੁਰਦੇਵ ਕੌਰ, ਮਨਜੀਤ ਕੌਰ ਮੀਤ, ਪੰਨੂ ਪਰਵਾਜ਼, ਧਿਆਨ ਸਿੰਘ ਕਾਹਲੋਂ, ਹਰਮਿੰਦਰ ਕਾਲੜਾ, ਊਸ਼ਾ ਕੰਵਰ, ਪਾਲ, ਡਾ. ਬਲਦੇਵ ਸਿੰਘ ਆਦਿ ਮੌਜੂਦ ਸਨ।