'ਵਰਿਆਮ ਸਿੰਘ ਸੇਖੋਂ ਪੁਸ਼ਤਾਂ ਤੇ ਪਤਵੰਤੇ' ਪੁਸਤਕ ਗੁਲਜ਼ਾਰ ਸਿੰਘ ਸੰਧੂ, ਸੁਰਿੰਦਰ ਕੌਰ, ਗੁਰਕੀਰਤ ਸਿੰਘ ਕੋਟਲੀ ਤੇ ਅਨੋਖ ਸਿੰਘ ਸੇਖੋਂ ਵੱਲੋਂ ਲੋਕ ਅਰਪਣ
ਲੁਧਿਆਣਾਃ 25 ਨਵੰਬਰ 2021 - ਮੁਬਾਰਕ ਮਹਿਲ ਰਾਏਕੋਟ ਰੋਡ ਹਿੱਸੋਵਾਲ(ਨੇੜੇ ਮੁੱਲਾਂਪੁਰ)ਵਿਖੇ ਸਃ ਵਰਿਆਮ ਸਿੰਘ ਸੇਖੋਂ ਪੁਸ਼ਤਾਂ ਤੇ ਪਤਵੰਤੇ ਪੁਸਤਕ ਗੁਲਜ਼ਾਰ ਸਿੰਘ ਸੰਧੂ, ਤੇਜਪ੍ਰਕਾਸ਼ ਸਿੰਘ ਕੋਟਲੀ ਤੇ ਸਃ ਅਨੋਖ ਸਿੰਘ ਸੇਖੋਂ ਵੱਲੋਂ ਲੋਕ ਅਰਪਣ ਕਰਦਿਆਂ ਪੰਜਾਬ ਆਰਟਸ ਕੌਂਸਲ ਦੇ ਸਾਬਕਾ ਚੇਅਰਮੈਨ ਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਹੈ ਕਿ ਜਿਸ ਅੰਦਾਜ਼ ਨਾਲ ਸਃ ਵਰਿਆਮ ਸਿੰਘ ਸੇਖੋਂ ਤੇ ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਗੁਲਾਬ ਕੌਰ ਨੇ ਅੱਡਾ ਦਾਖਾ ਮੁੱਲਾਂਪੁਰ ਨਗਰ ਵਸਾਇਆ, ਇੱਟਾਂ ਦੇ ਅੱਠ ਭੱਠੇ ਲਾ ਕੇ ਪੇਂਡੂ ਖੇਤਰ ਵਿੱਚ ਸ੍ਵੈ ਰੁਜ਼ਗਾਰ ਦਾ ਆਰੰਭ ਕੀਤਾ, ਪਿਛਲੀ ਸਦੀ ਦੇ ਪੰਜਵੇਂ ਦਹਾਕੇ ਵਿੱਚ ਇਸਤਰੀ ਸਿੱਖਿਆ ਲਈ ਮੁਫ਼ਤ ਬੱਸ ਸੇਵਾ ਸਹੂਲਤ ਦਿੱਤੀ ਉਹ ਆਪਣੇ ਆਪ ਵਿੱਚ ਹੀ ਇਨਕਲਾਬੀ ਕਦਮ ਹੈ। ਇਹ ਵੀ ਮਹੱਤਵਪੂਰਨ ਪ੍ਰਾਪਤੀ ਹੈ ਕਿ ਆਪਣੇ ਪਰਿਵਾਰ ਦੀਆਂ ਬੇਟੀਆਂ ਨੂੰ ਉਚੇਰੀ ਸਿੱਖਿਆ ਲਈ ਵੀ ਯੋਗ ਪ੍ਰਬੰਧ ਕੀਤਾ।
ਪੰਜਾਬ ਦੇ ਉਦਯੋਗ ਮੰਤਰੀ ਸਃ ਗੁਰਕੀਰਤ ਸਿੰਘ ਕੋਟਲੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਪੜਨਾਨਾ ਜੀ ਵਰਿਆਮ ਸਿੰਘ ਸੇਖੋਂ ਦੇ ਜੀਵਨ ਬਾਰੇ ਸਃ ਦਲਜੀਤ ਸਿੰਘ ਭੰਗੂ ਦੀ ਪ੍ਰੇਰਨਾ ਨਾਲ ਸਃ ਉਜਾਗਰ ਸਿੰਘ ਪਟਿਆਲਾ ਵੱਲੋਂ ਪੁਸਤਕ ਲਿਖਣਾ ਪੰਜਾਬ ਦੀ ਹਿੰਮਤੀ ਪੀੜ੍ਹੀ ਦਾ ਸਮਾਜਿਕ, ਮਨੋਵਿਗਿਆਨਕ ਤੇ ਆਰਥਿਕ ਦ੍ਰਿਸ਼ਟੀਕੋਨ ਸਾਂਭਣ ਵਾਂਗ ਹੈ। ਇਸ ਤੋਂ ਯੂਨੀਵਰਸਿਟੀ ਖੋਜਕਾਰਾਂ ਨੂੰ ਆਧਾਰ ਸਮੱਗਰੀ ਮਿਲ ਸਕੇਗੀ।
ਉਨ੍ਹਾਂ ਆਖਿਆ ਕਿ ਗੁਰੂ ਹਰਗੋਬਿੰਦ ਖਾਲਸਾ ਕਾਲਿਜ ਫਾਰ ਵਿਮੈੱਨ ਚ ਇਸ ਪਰਿਵਾਰ ਦੀਂ ਵੀਹ ਧੀਆਂ ਹੁਣ ਤੀਕ ਪੜ੍ਹੀਆਂ ਹਨ ਜੋ ਆਪਣੇ ਆਪ ਵਿੱਚ ਮਿਸਾਲ ਹੈ। ਉਨ੍ਹਾਂ ਸਿੱਧਵਾਂ ਕਾਲਿਜ ਦੀ ਪ੍ਰਿੰਸੀਪਲ ਡਾਃ ਰਾਜਵਿੰਦਰ ਕੌਰ ਹੁੰਦਲ ਨੂੰ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਅਤੇ ਆਪਣੇ ਅਖਤਿਆਰੀ ਫੰਡ ਚੋਂ ਪੰਜ ਲੱਖ ਰੁਪਏ ਭੇਜਣ ਦਾ ਐਲਾਨ ਵੀ ਕੀਤਾ।
ਪੁਸਤਕ ਰਿਲੀਜ਼ ਸਮਾਗਮ ਵਿੱਚ ਸ਼ਾਮਲ ਹੋਏ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਵੱਡ ਆਕਾਰੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਮੈਂ ਮਹਿਸੂਸ ਕੀਤਾ ਕਿ ਸੰਗਠਿਤ ਪਰਿਵਾਰਾਂ ਦੇ ਸਹੀ ਨਮੂਨੇ ਵਜੋਂ ਇਹੋ ਜਹੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਪ੍ਰਮਾਣੀਕ ਦਸਤਾਵੇਜ਼ੀਕਰਨ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਖਿੱਲਰ ਰਹੇ ਸਮਾਜਿਕ ਤਾਣੇ ਬਾਣੇ ਨੂੰ ਸੰਗਠਿਤ ਰੱਖਣ ਵਿੱਚ ਮਦਦ ਮਿਲੇ। ਉਨ੍ਹਾਂ ਪੁਸਤਕ ਲੇਖਕ ਸਃ ਉਜਾਗਰ ਸਿੰਘ ਕੱਦੋਂ ਵੱਲੋਂ ਇਹ ਰਚਨਾ ਕਰਨ ਲਈ ਮੁਬਾਰਕ ਦਿੱਤੀ।
ਲੇਖਕ ਉਜਾਗਰ ਸਿੰਘ ਨੇ ਕਿਹਾ ਕਿ ਵਰਿਆਮ ਸਿੰਘ ਸੇਖੋਂ, ਪਰਉਪਕਾਰੀ ਅਤੇ ਅਗਾਂਹਵਧੂ ਸੋਚ ਨਾਲ ਲਬਰੇਜ਼ ਨਿਸ਼ਚੇਵਾਨ ਦੂਰਦ੍ਰਿਸ਼ਟੀ ਦੇ ਮਾਲਕ ਸਨ ਜੋ ਮੇਰੇ ਲਈ ਪ੍ਰੇਰਨਾ ਸਰੋਤ ਬਣ ਗਏ। ਉਨ੍ਹਾਂ ਸਃ ਦਲਜੀਤ ਸਿੰਘ ਭੰਗੂ ਪੀ ਸੀ ਐੱਸ ਰੀਟਃ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਆਪਣੇ ਨਾਨਾ ਜੀ ਲਃ ਵਰਿਆਮ ਸਿੰਘ ਸੇਖੋਂ ਪੁਸ਼ਤਾਂ ਤੇ ਪਤਵੰਤੇ ਨਾਮ ਦੀ ਕਿਤਾਬ ਲਿਖਣ ਲਈ ਮੈਨੂੰ ਚੁਣਿਆ। ਅੱਡਾ ਦਾਖਾ ਦੀ ਕਲਪਨਾ ਕਰਨ ਅਤੇ ਉਸ ਨੂੰ ਲਾਗੂ ਕਰਨ ਦੇ ਪਿੱਛੇ ਵਿਅਕਤੀ ਸਃ ਵਰਿਆਮ ਸਿੰਘ ਸੇਖੋਂ ਨੇ ਨਾ ਸਿਰਫ਼ ਇਥੇ ਰਿਹਾਇਸ਼ਾਂ ਨੂੰ ਵਸਾਉਣ ਦੀ ਯੋਜਨਾ ਬਣਾਈ, ਸਗੋਂ ਪਿੰਡਾਂ ਦੇ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਲਈ ਘਰਾਂ ਦੀ ਯੋਜਨਾ ਵੀ ਬਣਾਈ। ਇਹ ਪੁਸਤਕ ਸੇਖੋਂ ਪਰਿਵਾਰ ਵੱਲੋਂ ਔਰਤ ਸ਼ਕਤੀਕਰਨ ਵਿੱਚ ਇਸ ਪਰਿਵਾਰ ਵੱਲੋਂ ਨਿਭਾਈ ਭੂਮਿਕਾ ਨਾਲ ਵੀ ਇਨਸਾਫ਼ ਕਰਦੀ ਹੈ।
ਸਃ ਵਰਿਆਮ ਸਿੰਘ ਸੇਖੋਂ ਦੇ ਦੋਹਤੇ ਸਃ ਦਲਜੀਤ ਸਿੰਘ ਭੰਗੂ ਨੇ ਕਿਹਾ ਕਿ ਇਸ ਪਰਿਵਾਰ ਦਾ ਅਸਰ ਸਿਰਫ਼ ਰਿਸ਼ਤੇਦਾਰੀ ਦੇ ਤਾਣੇਬਾਣੇ ਤੇ ਹੀ ਨਹੀਂ ਹੈ ਸਗੋਂ ਇਸ ਇਲਾਕੇ ਦੇ ਸੈਂਕੜੇ ਪਿੰਡਾਂ ਤੇ ਹੈ। ਅਕਾਲ ਟਰਾਂਸਪੋਰਟ ਰਾਹੀਂ ਪੇਂਡੂ ਭਰਾਵਾਂ ਨੂੰ ਖੇਤੀ ਤੋਂ ਇਲਾਵਾ ਹੋਰ ਰੁਜ਼ਗਾਰਾਂ ਵੱਲ ਵੀ ਲੋਕਾਂ ਨੂੰ ਸਃ ਸੇਖੋਂ ਨੇ ਤੋਰਿਆ। ਸਃ ਵਰਿਆਮ ਸਿੰਘ ਸੇਖੋਂ ਦੀ ਦੋਹਤਰੀ ਬੀਬੀ ਹਰਬਿਮਲ ਕੌਰ ਬਾਜਵਾ ਨੇ ਕਿਹਾ ਕਿ ਆਪਣੀ ਉਮਰ ਵਡੇਰੀ ਹੋਣ ਦੇ ਬਾਵਜੂਦ ਮੈਨੂੰ ਆਪਣੀ ਨਾਨੀ ਜੀ ਸਰਦਾਰਨੀ ਗੁਲਾਬ ਕੌਰ ਦੀ ਦਿੱਤੀ ਇੱਕ ਇੱਕ ਸਿੱਖਿਆ ਅੱਜ ਵੀ ਚੇਤੇ ਹੈ।
ਇਸ ਮੌਕੇ ਪਰਿਵਾਰ ਦੀਆਂ ਨੂੰਹਾਂ ਧੀਆਂ ਤੇ ਆਏ ਮਹਿਮਾਨਾਂ ਨੂੰ ਸਃ ਅਨੋਖ ਸਿੰਘ ਸੇਖੋਂ ਵੱਲੋਂ ਸਨਮਾਨਿਤ ਕੀਤਾ ਗਿਆ। ਪਰਿਵਾਰ ਬਾਰੇ ਸ਼੍ਰੀ ਰਮਨ ਮਿੱਤਲ ਰੰਗਕਰਮੀ ਰੋਪੜ ਵੱਲੋਂ ਤਿਆਰ ਦਸਤਾਵੇਜੀ ਫਿਲਮ ਵੀ ਵਿਖਾਈ ਗਈ।
ਸਾਬਕਾ ਮੰਤਰੀ ਸਃ ਤੇਜ ਪ੍ਰਕਾਸ਼ ਕੋਟਲੀ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਸਃ ਵਰਿਆਮ ਸਿੰਘ ਸੇਖੋਂ ਪਰਿਵਾਰ ਨਾਲ ਉਨ੍ਹਾਂ ਦੀ ਨੇੜਲੀ ਰਿਸ਼ਤੇਦਾਰੀ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। “ਮੇਰੇ ਸਹੁਰਾ ਸਾਹਿਬ ਸਃ ਲਛਮਣ ਸਿੰਘ ਸੇਖੋਂ, ਇੱਕ ਸੁਤੰਤਰਤਾ ਸੈਨਾਨੀ ਸਨ ਅਤੇ ਵਰਿਆਮ ਸਿੰਘ ਸੇਖੋਂ ਦੇ ਸਪੁੱਤਰ ਸਨ। ਉਨ੍ਹਾਂ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸਾਨੂੰ ਪੇਰਨੀ ਸਰੋਤ ਬਣ ਕੇ ਜੀਵਨ ਸੇਧ ਦਿੱਤੀ। ਇਹ ਉੱਚ ਵੱਕਾਰੀ ਪਰਿਵਾਰ ਉਨ੍ਹਾਂ ਦੇ ਮਾਨਵਤਾਵਾਦੀ ਅਤੇ ਬਹਾਦਰੀ ਭਰੇ ਕੰਮਾਂ ਲਈ ਪ੍ਰਵਾਨਿਤ ਹੈ, ਸਾਬਕਾ ਮੰਤਰੀ ਸਃ ਮੰਤਰੀ ਨੇ ਕਿਹਾ।
ਉਨ੍ਹਾਂ ਕਿਹਾ ਕਿ ਇਹ ਪੁਸਤਕ ਵਿਧਾਨ ਸਭਾ ਦੀ ਲਾਇਬ੍ਰੇਰੀ ਵਿੱਚ ਵੀ ਰੱਖੀ ਜਾਣੀ ਚਾਹੀਦੀ ਹੈ ਤਾਂ ਜੋ ਸੁਨੇਹਾ ਅੱਗੇ ਤੋਂ ਅੱਗੇ ਜਾਵੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀਆਂ ਨੂੰ ਸੋਮਵਾਰੀ ਮੀਟਿੰਗ ਵਿੱਚ ਇਹ ਪੁਸਤਕ ਸਭ ਨੂੰ ਭੇਂਟ ਕੀਤੀ ਜਾਵੇਗੀ, ਉਦਯੋਗ ਮੰਤਰੀ ਸਃ ਗੁਰਕੀਰਤ ਸਿੰਘ ਕੋਟਲੀ ਨੇ ਸਮਾਗਮ ਦੇ ਅੰਤ ਚ ਮੰਚ ਤੋਂ ਕਿਹਾ।
ਇਸ ਮੌਕੇ ਸਃ ਗੁਰਬੀਰ ਸਿੰਘ ਕੋਹਲੀ ਐੱਸ ਡੀ ਐੱਮ ਰਾਏ ਕੋਟ,ਸਃ ਲਖਬੀਰ ਸਿੰਘ ਪੀ ਸੀ ਐੱਸ, ਸਃ ਪਰਮਜੀਤ ਸਿੰਘ ਸੇਖੋਂ, ਅੰਮ੍ਰਿਤ ਕੌਰ, ਸੁਰਿੰਦਰ ਕੌਰ ਭੰਗੂ, ਸਤਵਿੰਦਰ ਕੌਰ ਮਾਂਗਟ, ਅਮਰਜੀਤ ਕੌਰ ਮੰਢੇਰ, ਜਬਰਜੰਗ ਸਿੰਘ ਸੇਖੋਂ, ਜਸਕੀਰਤ ਸਿੰਘ ਸੇਖੋਂ,ਡਾਃ ਕਰਮ ਸਿੰਘ ਸੰਧੂ, ਡਾਃ ਪ੍ਰੀਤਮ ਸਿੰਘ ਗਿੱਲ ਚੰਡੀਗੜ੍ਹ, ਡਾਃ ਗੁਰਮੀਤ ਸਿੰਘ ਹੁੰਦਲ, ਗੁਰਪ੍ਰੀਤ ਸਿੰਘ ਜੌਹਲ ਮੰਡਿਆਣੀ, ਰਾਜਵਿੰਦਰ ਸਿੰਘ ਹਿੱਸੋਵਾਲ, ਰਾਜ ਕੁਮਾਰ ਮੁੱਲਾਂਪੁਰ ਅਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।