ਭੂਸ਼ਨ ਸਰੀਰਕ ਰੂਪ ਵਿਚ ਅੱਜ ਸਾਡੇ ਦਰਮਿਆਨ ਨਹੀਂ; ਪਰ ਉਹ, ਉਸ ਦੇ ਬੋਲ, ਉਸ ਦੇ ਨਿਰਛਲ ਕਹਿਕਹੇ ਤੇ ਉਸ ਦੀਆਂ ਲਿਖਤਾਂ ਕਿਸੇ ਵੀ ਅਜਿਹੇ ਬੰਦੇ ਨੂੰ ਨਹੀਂ ਵਿਸਰ ਸਕਦੇ ਜਿਸ ਨੇ ਉਸ ਨੂੰ ਵੇਖਿਆ, ਸੁਣਿਆ ਜਾਂ ਪੜ੍ਹਿਆ ਹੈ। ਉਸ ਦੇ ਦੂਰ ਜਾਂ ਨੇੜੇ ਹੋਣ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ। ਉਸ ਦਾ ਸਾਹਿਤਕ ਕੱਦ ਓਨੇ ਦਾ ਓਨਾ ਹੈ। ਪੈਸੇ ਦੇ ਪੁੱਤਰਾਂ ਵਾਸਤੇ ਕੋਈ ਵੀ ਆਪਣਾ ਨਹੀਂ ਤੇ ਫੱਕਰਾਂ ਵਾਸਤੇ ਕੋਈ ਬੇਗਾਨਾ ਨਹੀਂ। ਸਾਹਿਤਕ/ਸਮਾਜਿਕ/ਪਰਿਵਾਰਕ ਹਰ ਪੱਖ ਤੋਂ ਫੱਕਰ ਸ਼ਖ਼ਸੀਅਤ ਦਾ ਨਾਂ ਸੀ ਭੂਸ਼ਨ। ਫੂਹੜ, ਫਾਹਸ਼ ਤੇ ਮੋਟਾ ਠੁੱਲ੍ਹਾ ਵਿਅੰਗ ਲਿਖਣ ਵਾਲੇ ਬਥੇਰੇ ਹੋਣਗੇ, ਪਰ ਭੂਸ਼ਨ ਵਰਗਾ ਸੂਖ਼ਮ, ਅਰਥਪੂਰਨ, ਕਾਟਵਾਂ ਤੇ ਸਮੇਂ/ਸਥਾਨ ਤੋਂ ਪਾਰ ਜੀਣ ਵਾਲਾ ਵਿਅੰਗ ਲਿਖਣ ਵਾਲੇ ਪੁੱਤਰ ਕਦੇ ਕਦਾਈਂ ਹੀ ਜੰਮਦੇ ਹਨ। ਸਾਹਿਤ/ ਸਾਹਿਤਕਾਰ/ ਸਿਆਸਤ/ ਸਮਾਜ/ ਵਿਅਕਤੀ ਉੱਤੇ ਉਸ ਦੀ ਤਿੱਖੀ ਨਜ਼ਰ ਇਨ੍ਹਾਂ ਦੇ ਟੇਢ, ਕੁਢੱਬੇਪਣ, ਦੋਸ਼, ਕਮਜ਼ੋਰੀਆਂ ਤੇ ਉਲਾਰ ਨੂੰ ਤਹਿ ਦਰ ਤਹਿ ਫਰੋਲ ਦਿੰਦੀ। ਉਸ ਦੀ ਜ਼ੁਬਾਨ, ਸ਼ਬਦਾਂ ਦੀ ਚੋਣ ਤੇ ਗੱਲ ਕਹਿਣ ਦਾ ਅੰਦਾਜ਼ ਉਸ ਨੂੰ ਗਜ਼ਬ ਦੇ ਸੁਹਜ, ਨਫ਼ਾਸਤ ਤੇ ਸੁਆਦ ਵਾਲੇ ਵਾਕਾਂ ਦਾ ਰੂਪ ਦੇ ਦਿੰਦੇ। ਕਾਵਿ ਤੇ ਵਾਰਤਕ ਦੋਹਾਂ ਦਾ ਸੁਆਦ। ਗੱਲ ਅਜਿਹੇ ਪੋਲੇ ਜਿਹੇ ਤਰੀਕੇ ਨਾਲ ਕਹਿੰਦਾ ਕਿ ਅਗਲਾ ਵਰ੍ਹਿਆਂਬੱਧੀ ਹਰਮਲ ਬੰਨ੍ਹੀ ਫਿਰੇ। ਉਸੇ ਭੂਸ਼ਨ ਦੇ ਨਿੱਕੇ ਨਿੱਕੇ ਉੱਨੀ ਨਿਬੰਧ ਹਨ ਇਸ ਪੁਸਤਕ ‘ਕਿਆ ਨੇੜੇ ਕਿਆ ਦੂਰ, ਭੂਸ਼ਨ’ (ਸੰਪਾਦਕ: ਸੁਭਾਸ਼ ਪਰਿਹਾਰ; ਕੀਮਤ: 100 ਰੁਪਏ; ਪੀਪਲਜ਼ ਫੋਰਮ, ਬਰਗਾੜੀ) ਵਿਚ। ਇਨ੍ਹਾਂ ਨਿਬੰਧਾਂ ਵਿਚ ਧਰਮ, ਦਰਸ਼ਨ, ਕਲਾ, ਸਾਹਿਤ, ਵਿਗਿਆਨ ਤੇ ਲੋਕ ਵੇਦ ਸਭ ਕੁਝ ਨੂੰ ਵਿਅੰਗ ਦੇ ਸੂਤਰ ਵਿਚ ਬੰਨ੍ਹਣ ਦਾ ਹੁਨਰ ਹੈ ਜੋ ਕਦਮ ਕਦਮ ’ਤੇ ਪਾਠਕ ਨੂੰ ਜਾਣੇ-ਪਛਾਣੇ, ਪੜ੍ਹੇ ਸੁਣੇ ਅਤੇ ਜੀਵਨ ਦਾ ਸਹਿਜ ਅੰਗ ਬਣੇ ਵਿਹਾਰ ਬਾਰੇ ਨਿੱਠ ਕੇ ਸੋਚਣ ਲਈ ਮਜਬੂਰ ਕਰਦੇ ਹਨ।
ਸੁਭਾਸ਼ ਪਰਿਹਾਰ ਦੁਆਰਾ ਸੰਪਾਦਿਤ ਇਸ ਪੁਸਤਕ ਦੇ ਨਿਬੰਧਾਂ ਦੇ ਵਿਸ਼ੇ ਤੇ ਸਿਰਲੇਖ ਬਹੁ-ਭਾਂਤੀ ਹਨ। ਕਿਸੇ ਵੀ ਇਕ ਨਿਬੰਧ ਵਿਚ ਉਹ ਇੰਨਾ ਕੁਝ ਕਹਿ ਜਾਂਦਾ ਹੈ ਕਿ ਭਾਵੇਂ ਪੂਰੀ ਕਿਤਾਬ ਉਸ ਦੀ ਵਿਆਖਿਆ ਲਈ ਲਿਖ ਲਓ। ਵਾਕ ਦਰ ਵਾਕ, ਕਦਮ ਦਰ ਕਦਮ, ਤਹਿ ਦਰ ਤਹਿ ਉਹ ਕਦੇ ਡੂੰਘਾ ਉਤਰਦਾ ਹੈ, ਕਦੇ ਮਨਮਰਜ਼ੀ ਨਾਲ ਸਮੇਂ ਸਥਾਨ ਵਿਚ ਫੈਲਦਾ ਹੈ ਅਤੇ ਸਮੇਂ ਸਥਾਨ ਤੋਂ ਪਾਰ ਜੀਣ ਵਾਲੇ ਸੱਚ ਨੂੰ ਉਜਾਗਰ ਕਰਦਾ ਤੁਰਿਆ ਜਾਂਦਾ ਹੈ।
ਸਾਧਾਰਨ ਜਿਹੇ ਵਿਸ਼ੇ ਨੂੰ ਉਸ ਦੀ ਕਲਮ ਅਸਾਧਾਰਨ ਦਾਰਸ਼ਨਿਕ ਛੋਹ ਦੇ ਦਿੰਦੀ ਹੈ। ਉਸ ਦੇ ਵਾਕਾਂ ਨੂੰ ਕਈ ਪੱਧਰਾਂ ਅਰਥਾਂ ਸੰਦਰਭਾਂ ਵਿਚ ਬਦਲੇ ਹਾਲਾਤ ਵਿਚ ਸਮਝਣ ਦੀਆਂ ਸੰਭਾਵਨਾਵਾਂ ਹਨ। ਉਦਾਹਰਣ ਲਈ ਦੂਰ ਜਾਣ ਦੀ ਲੋੜ ਨਹੀਂ। ਪਹਿਲਾਂ ਹੀ ਨਿਬੰਧ ‘ਕੀ ਦੱਸਾਂ ਆਪਣੀ ਵਡਿਆਈ’ ਤੇ ਇਸ ਦੇ ਪਹਿਲੇ ਹੀ ਦੋ ਤਿੰਨ ਵਾਕ ਲਓ: ‘‘ਉਹ ਇਕੱਲਾ ਸੀ। ਉਸ ਨੇ ਸ੍ਰਿਸ਼ਟੀ ਸਾਜੀ ਤੇ ਆਪ ਓਹਲੇ ਹੋ ਗਿਆ। ਜਦ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।’’… ਇਸ ਤੋਂ ਅੱਗੇ ਤੁਰਦਾ ਉਹ ਅੰਤਿਮ ਸੱਚ ਦੀ ਚਾਹ, ਇਸ ਦੀ ਪ੍ਰਾਪਤੀ ਦੇ ਵੱਖਰੇ ਵੱਖਰੇ ਰਾਹਾਂ, ਓਹਲੇ, ਓਹਲਿਆਂ ਵਿਚ ਇਕੱਲੇ ਰੱਬ, ਸੱਚ ਤੇ ਮਨੁੱਖ ਦੀ ਇਕੱਲਤਾ, ਓਹਲੇ ਦੇ ਭਰਮ, ਮਹੱਤਵ, ਸੀਮਾਵਾਂ, ਆਵੱਸ਼ਕਤਾ, ਭੇਦਾਂ, ਭੇਦਾਂ ਦੇ ਲੁਕਾਉਣ, ਛਿਪਣ ਤੇ ਉਜਾਗਰ ਹੋਣ ਦੇ ਸਮਾਜਿਕ ਵਿਹਾਰ, ਧੰਦੇ, ਰੁਤਬੇ, ਨਕਾਬ, ਆਸਰੇ, ਨਿੱਕੀਆਂ ਨਿੱਕੀਆਂ ਦੀਵਾਰਾਂ, ਵੰਡੀਆਂ, ਓਹਲਿਆਂ ਵਿਚ ਝਾਤੀ,
ਸਟਿੰਗ ਅਪਰੇਸ਼ਨ, ਨਕਾਬ ਉਤਾਰਨ ਦੇ ਖ਼ਤਰੇ, ਖ਼ਤਰਿਆਂ ਨਾਲ ਖੇਡਣ ਦੇ ਜਨੂੰਨ ਜਿਹੇ ਕਿੰਨੇ ਹੀ ਵਿਸ਼ਿਆਂ ਨੂੰ ਇਕ ਇਕ ਵਾਕ ਵਿਚ ਨਿਪਟਾਈ ਜਾਂਦਾ ਹੈ।
ਝਲਕ ਮਾਤਰ ਉਸ ਦੇ ਕੁਝ ਸਿਰਲੇਖ/ਵਿਸ਼ੇ ਵੇਖੋ। ਕ੍ਰਿਸ਼ਨਾ ਮੂਰਤੀ ਦੀ ‘ਮਾਰਨਿੰਗ ਗਲੋਰੀ’ ਵਿਚ ਗੱਲ ਮੌਤ ਦੁਆਲੇ ਘੁੰਮਾਈ ਗਈ ਹੈ। ਅਸਤਿਤਵ, ਸੱਤਾ ਤੇ ਸਾਹਿਤ ਵਿਚ ਕੁਰਸੀ ਤੋਂ ਗੱਲ ਸ਼ੁਰੂ ਕਰਕੇ ਆਲੋਚਕ, ਵਾਦਾਂ, ਸਾਹਿਤਕਾਰ, ਸਾਹਿਤਕ ਕਿਰਤਾਂ, ਪਦ ਪਦਕ ਪੁਰਸਕਾਰਾਂ ਦੀ ਭ੍ਰਿਸ਼ਟ ਗੁਟਬੰਦੀ ਤੱਕ ਫੈਲਦੀ ਹੈ। ਕਾਨਫਰੰਸਾਂ, ਗੋਸ਼ਟੀਆਂ, ਵਿਸ਼ਵ ਕਾਨਫਰੰਸਾਂ ਤੇ ਉਸ ਆਸਰੇ ਹੋਈ ਕਬੂਤਰਬਾਜ਼ੀ ਤਕ ਵੱਲ ਸੰਕੇਤ ਕਰਦੀ ਹੈ। ਆਤਮ ਸੰਵਾਦ ਵਿਚ ਸਾਹਿਤ ਸਿਰਜਨਾ ਦੇ ਸਾਰੇ ਪੈਰਾਮੀਟਰਾਂ ਤੇ ਧਿਰਾਂ ਦੇ ਸੋਚਣ ਲਈ ਢੇਰ ਸਾਮੱਗਰੀ ਹੈ। ਕੱਚ ਸੱਚ ਦੀ ਖੇਤੀ, ਸਾਹਿਤ ਅਤੇ ਜੀਵਨ ਵਿਚਲੇ ਕੱਚ ਸੱਚ ਬਾਰੇ ਬਾਤਾਂ ਪਾਉਂਦਾ ਨਿਬੰਧ ਹੈ। ਦਫ਼ਤਰ ਦੀ ਵਰਣ ਵਿਵਸਥਾ, ਮੁਲਾਜ਼ਮ, ਦਫ਼ਤਰ ਅਧਿਕਾਰੀ, ਅਨੁਸ਼ਾਸਨ ਤੇ ਵਿਅਕਤੀ ਨਾਲ ਜੁੜੇ ਬਹੁ-ਭਾਂਤੀ ਸਰੋਕਾਰਾਂ ਦੀ ਗੱਲ ਕਰਦੀ ਲਿਖਤ ਹੈ। ਭੂਮਿਕਾ ਪਿਆਰ ਦੀ ਪਿਆਰ ਦੇ ਅਸੀਮ ਸਰੋਕਾਰਾਂ ਬਾਰੇ ਸੰਵਾਦ ਹੈ। ਆਨੰਦ ਬੇ-ਸਬੱਬ ਹੈ। ਗੱਲ ਆਨੰਦ ਦੀ ਚੂਲ ਦੁਆਲੇ ਉਸਾਰੀ ਗਈ ਹੈ। ਜੀਵਨ ਵਿਚ ਪਸਰੇ ਅਨਾਚਾਰ ਨੂੰ ਨੰਗਾ ਕੀਤਾ ਗਿਆ ਹੈ। ਅੰਤਰ-ਸੋਹਜ ਦੀ ਸਹਿਜ ਯਾਤਰਾ ਵਿਚ ਵੀ ਸਾਹਿਤ ਸਿਰਜਨਾ ਦੇ ਆਪਣੇ ਆਕਰਸ਼ਣ ਦੇ ਸਮਵਿਥ ਪੁਰਸਕਾਰਾਂ ਦੀ ਚੂਹਾ ਦੌੜ ਦੀ ਨਿਰਾਰਥਕਤਾ ਉਜਾਗਰ ਕੀਤੀ ਗਈ ਹੈ।
ਸੰਕਟ ਮਿੱਤਰਾਂ ਦਾ ਸਾਹਿਤ, ਪਾਠਕ, ਆਲੋਚਕ, ਸਾਹਿਤਕ ਡੇਰਿਆਂ/ ਮੱਠਾਂ/ ਅਦਾਰਿਆਂ/ ਲੇਖਕਾਂ ਦੀਆਂ ਆਕਾਂਖਿਆਵਾਂ/ ਸਥਾਪਤੀ/ ਪਛਾਣ/ ਲੇਖਣ ਦੀ ਨੈਤਿਕਤਾ ਜਿਹੇ ਵਿਸ਼ਿਆਂ ਉੱਤੇ ਝਾਤੀ ਪਾਉਂਦਾ ਨਿਬੰਧ ਹੈ। ਮੰਡੀ ਦੇ ਯੁੱਗ ਵਿਚ ਉਕਤ ਪੱਖੋਂ ਬਹੁਤੇ ਲੇਖਕ ਨੰਗੇ ਹੀ ਹਨ। ਅਸਲੋਂ ਦਿਗੰਬਰ ਅਤੇ ਕਲਾ ਦੀ ਸੁਰਸਤੀ ਕੀ ਕਰੇ। ਇਹੀ ਦੁਬਿਧਾ ਕਹੇ ਦਿਗੰਬਰ ਸੁਣੇ ਸੁਰੱਸਤੀ ਨਿਬੰਧ ਦਾ ਬੀਜ ਹੈ। ਸੁਣਤੇ ਪੁਨੀਤ ਕਹਿਤੇ ਪਵਿਤ ਵਿਚ ਬੋਲਾਂ, ਗੋਸ਼ਟੀਆਂ, ਖੋਜ ਪ੍ਰਬੰਧਾਂ, ਖੋਜ ਪੱਤਰਾਂ, ਡਿਗਰੀਆਂ, ਅਧਿਆਪਨ ਵਿਚ ਹੋ ਰਹੀਆਂ ਧਾਂਦਲੀਆਂ, ਮੂੰਹ ਮੁਲਾਹਜ਼ਿਆਂ, ਪਰਸਪਰ ਪਿੱਠ ਥਾਪੜੇ ਤੇ ਸੱਚੀ ਪ੍ਰਤਿਭਾ/ਖੋਜ ਦੀ ਦੁਰਗਤ ਦਾ ਕੱਚਾ ਚਿੱਠਾ ਹੈ। ਉੱਚੇ ਚੜ੍ਹ ਕੇ ਵੇਖਿਆ ਵਿਚ ਜ਼ਿੰਦਗੀ ਤੇ ਸਾਹਿਤ ਦੋਹਾਂ ਵਿਚ ਸਥਿਤੀਆਂ/ਘਟਨਾਵਾਂ ਨੂੰ ਵਿੱਥ ਤੋਂ ਵੇਖਣ ਅਤੇ ਸਵਸਥ ਦ੍ਰਿਸ਼ਟੀਕੋਣ ਦੀ ਆਵੱਸ਼ਕਤਾ ਵੱਲ ਧਿਆਨ ਦਿਵਾਇਆ ਗਿਆ ਹੈ। ‘ਉਮਰ ਬਨਾਮ ਸਾਹਿਤ’ ਵਿਚ ਰਚਨਾਕਾਰ ਤੇ ਰਚਨਾ ਦੀ ਉਮਰ ਦੀ ਵੱਖਰਤਾ ਵੱਲ ਸੰਕੇਤ ਕਰ ਕੇ ਲੇਖਕਾਂ ਦੀ ਆਪਣੀ ਲਿਖਤ ਆਸਰੇ ਅਮਰ ਹੋਣ ਦੀ ਆਕਾਂਖਿਆ ਦੀ ਚਰਚਾ ਹੈ। ਥੀਮ ਦੀ ਮਰਿਆਦਾ ਨਿਬੰਧ ਸਾਹਿਤ/ਜੀਵਨ ਵਿਚ ਵਿਤਕਰਿਆਂ ਦੇ ਵੱਖ ਵੱਖ ਰੂਪਾਂ/ਵਿਸਤਾਰਾਂ ਬਾਰੇ ਚਿੰਤਨ ਹੈ। ਰੂ-ਬ-ਰੂ ਇਕ ਮਸਖਰੇ ਦਾ ਨਿਬੰਧ ਅਸਿੱਧੇ ਰੂਪ ਵਿਚ ਭੂਸ਼ਨ ਵਿਚਲੇ ਮਸਖਰੇ ਨਾਲ ਹੀ ਰੂ-ਬ-ਰੂ ਹੈ ਜੋ ਸਮੇਂ ਸਥਾਨ ਦੇ ਬੰਧਨਾਂ ਤੋਂ ਮੁਕਤ ਹੈ। ਕਿਤਾਬ ਕਦੇ ਪੂਰੀ ਨਹੀਂ ਹੁੰਦੀ। ਨਿਬੰਧ ਕਿਤਾਬਾਂ ਦੇ ਲੇਖਣ ਪੜ੍ਹਨ, ਭੇਟ ਕਰਨ, ਸੰਭਾਲਣ ਜਿਹੇ ਸਾਧਾਰਨ ਵਿਹਾਰ ਨੂੰ ਵਿੱਥ ਤੋਂ ਵੇਖ ਕੇ ਕਿਤਾਬ ਸੱਭਿਆਚਾਰ ਬਾਰੇ ਪੁਨਰ ਚਿੰਤਨ ਕਰਨ ਵਾਲੀ ਰਚਨਾ ਹੈ। ਅੰਤਿਮ ਨਿਬੰਧ ਅਥ ਪਿਤਾ-ਪੁਰਾਣ ਲਿਖਯਤੇ ਵਿਚ ਭੂਸ਼ਨ ਨੇ ਆਪਣੇ ਸਰਲ ਚਿੱਤ ਪਿਤਾ ਤੋਂ ਜੀਵਨ/ਸਾਹਿਤ/ਵਿਹਾਰ ਬਾਰੇ ਸਹਿਜ ਰੂਪ ਵਿਚ ਉਚਰੇ ਬੋਲਾਂ, ਦਿੱਤੀਆਂ ਅੰਤਰ-ਦ੍ਰਿਸ਼ਟੀਆਂ ਨੂੰ ਉਚੇਰੇ, ਡੂੰਘੇਰੇ ਤੇ ਵਿਸ਼ਾਲ ਸੰਦਰਭਾਂ ਵਿਚ ਗ੍ਰਹਿਣ ਕਰਨ ਦੀ ਆਪਣੀ ਸਾਹਿਤ ਯੋਗਤਾ ਉਜਾਗਰ ਕੀਤੀ ਹੈ।
ਭੂਸ਼ਨ ਨੂੰ ਮਾਣਨ ਲਈ ਉਸ ਬਾਰੇ ਜਾਂ ਉਸ ਦੀ ਰਚਨਾ ਬਾਰੇ ਬਹੁਤ ਕੁਝ ਪੜ੍ਹ ਕੇ ਵੀ ਗੱਲ ਨਹੀਂ ਬਣਨੀ। ਚੰਗਾ ਹੋਵੇ ਕਿ ਪਾਠਕ ਆਪ ਉਸ ਦੀ ਰਚਨਾ ਦੇ ਰੂ-ਬ-ਰੂ ਹੋਣ।
* ਸਾਬਕਾ ਪ੍ਰੋਫ਼ੈਸਰ ਤੇ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98722-60550