ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 11 ਅਪ੍ਰੈਲ 2021 - ਸਾਹਿਤ ਸਭਾ (ਰਜਿ:) ਕੋਟਕਪੂਰਾ ਦੀ ਮਹੀਨਾਵਾਰ ਇਕੱਤਰਤਾ ਮਿਊਸੀਪਲ ਪਾਰਕ ਕੋਟਕਪੂਰਾ ਵਿਖੇ ਬਲਜਿੰਦਰ ਭਾਰਤੀ ਦੀ ਪ੍ਰਾਧਨਗੀ ਹੇਠ ਹੋਈ। ਸਭਾ ਦੀ ਸ਼ੁਰੂਆਤ ਵਿੱਚ ਸਭਾ ਦੇ ਸਕੱਤਰ ਗੁਰਪਿਆਰ ਹਰੀ ਨੌ ਨੇ ਸਭ ਮੈਬਰਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਉਪਰੰਤ ਪਿਛਲੇ ਮਹੀਨੇ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਸਾਹਿਤਕਾਰਾਂ, ਗਾਇਕਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸਰਧਾਜ਼ਲੀ ਭੇਂਟ ਕੀਤੀ ਗਈ। ਸਰਧਾਜ਼ਲੀ ਉਪਰੰਤ ਕਹਾਣੀਕਾਰ ਗੁਰਮੀਤ ਕੜਿਅਲਵੀ ਅਤੇ ਕਹਾਣੀਕਾਰ ਡਾ ਸੁਖਪਾਲ ਸਿੰਘ ਥਿੰਦ ਨੂੰ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਵਿਚ ਸਿਖਿਆ ਦੇ ਮਿਆਰ ਬਾਰੇ ਚਰਚਾ ਕੀਤਾ ।
ਰਚਨਾਵਾਂ ਦਾ ਦੌਰ ਸ਼ੁਰੂ ਕਰਦਿਆਂ ਸੁਰਿੰਦਰ ਸਿੰਘ ਸੰਧੂ ਨੇ ਜੋਵਲ ਨੋ ਹੈਰਾਰੇ ਦੀ ਕਿਤਾਬ “ ਬ੍ਰੀਫ ਹਿਸਟਰੀ ਆੱਫ ਹਿਊਮਨ ਕਾਈਡ” ਬਾਰੇ ਵਿਚਾਰ ਪੇਸ਼ ਕੀਤੇ।ਕੁਲਵਿੰਦਰ ਜੱਜ ਨੇ ਆਪਣਾ ਗੀਤ “ ਕਰ ਦੂਰ ਸਜਨ ਦਿਲ ਦੇ ਸਿ਼ਕਵੇ” ਤਰੰਨੁਮ ਵਿਚ ਪੇਸ਼ ਕੀਤਾ। ਗੁਰਪਿਆਰ ਹਰੀ ਨੌ ਨੇ ਆਪਣੀ ਕਵਿਤਾ ਮੋਰ ਪੇਸ਼ ਕੀਤੀ।ਬਲਜਿੰਦਰ ਭਾਰਤੀ ਨੇ ਆਪਣੀ ਗ਼ਜ਼ਲ “ਗ਼ਮ ਹਿਜ਼ਰ ਦੇ ਭਾਰੇ ਪੱਥਰ” ਸੁਣਾਈ। ਰਵਿੰਦਰ ਸਿੰਘ ਸਿੱਖਾਂਵਾਲਾ ਨੇ ਆਪਣੀ ਰਚਨਾ “ਭਾਬੜ ਸੱਚ ਦੇ” ਸੁਣਾਈ। ਜਸਕਰਤਾਰ ਸਿੰਘ ਨੇ ਆਪਣੀ ਕਹਾਣੀ “ਤਾਕੀਦ” ਸੁਣਾਈ। ਰਾਜਬੀਰ ਮੱਤਾ ਨੇ ਆਪਣੀ ਕਵਿਤਾ” ਆਰ ਦਾ ਮਸਲਾ, ਨਾ ਪਾਰ ਦਾ ਮਸਲਾ” ਸੁਣਾਈ।ਪੇਸ਼ ਕੀਤੀਆਂ ਗਈਆਂ ਰਚਨਾਵਾਂ ਤੇ ਉਸਾਰੂ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮਨਜੀਤ ਕੁਮਾਰ, ਉਦੈ ਹਰੀ ਨੌ ਵੀ ਸ਼ਾਮਿਲ ਸਨ।