ਲਾਲ ਸਿੰਘ ਦੀ ਕਹਾਣੀ, “ਐਥੇ ਕੁ ਪਿੰਡ ਹੁੰਦਾ ਸੀ-ਨਿਹਾਲਪੁਰ” ਉੱਤੇ ਵਿਚਾਰ ਗੋਸ਼ਟੀ
ਦਸੂਹਾ, 6 ਮਈ 2023 - ਸਾਹਿਤ ਸਭਾ ਦਸੂਹਾ ਗੜਦੀਵਾਲਾ ਦੇ ਸਰਪ੍ਰਸਤ ਅਤੇ ਉੱਘੇ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ, “ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ” ਉੱਪਰ ਇੱਕ ਵਿਸ਼ਾਲ ਚਰਚਾ ਗੋਸ਼ਟੀ ਦਸੂਹਾ ਵਿਖੇ ਹੋਏ । ਇਸ ਮੌਕੇ ਪ੍ਰੋ ਬਲਦੇਵ ਸਿੰਘ ਬੱਲੀ ਨੇ “ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ” ਕਹਾਣੀ ਬਾਰੇ ਵਿਸਥਾਰਪੂਰਵਕ ਪਰਚਾ ਪੜਿਆ ।ਪ੍ਰੋ. ਬਲਦੇਵ ਸਿੰਘ ਬੱਲੀ ਕਿਹਾ ਕਿ ਕਹਾਣੀ ਲਾਲ ਸਿੰਘ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦ੍ਰਿਸ਼ਟੀ ਦਾ ਪੂਜਕ ਨਹੀ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿੱਚ ਲੋਕ ਹਿਤੂ ਸਿਧਾਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜ਼ਰੀਏ ਤੋਂ ਪੇਸ਼ ਕਰਨ ਵਾਲੀ ਲੇਖਕ ਹੈ । ਇਸੇ ਨਜ਼ਰ ਤੋਂ ਉਹਨਾਂ “ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ” ਕਹਾਣੀ ਨੂੰ ਚੇਤਨਾ ਪ੍ਰਵਾਹ ਦੀ ਤਕਨੀਕ ਨਾਲ ਲਿਖੀ ਕਹਾਣੀ ਦਸਦਿਆ ਕਿਹਾ ਕਿ ਇਹ ਕਹਾਣੀ ਵਿਅਕਤੀਗਤ ਪੀੜਾ ਨੂੰ ਜਨ ਸਧਾਰਣ ਦੀ ਪੀੜਾ ਵਿੱਚ ਢਾਲਣ ਦੇ ਸਮਰਥ ਹੈ ।
ਕਹਾਣੀ ਵਿੱਚ ਅਰਜਨ ਸੂਤਰਧਾਰ ਪਾਤਰ ਹੈ , ਜੋ ਪੜਿਆ ਲਿਖਿਆ ਹੈ ਤੇ ਅਧਿਆਪਕ ਹੈ ਜੋ ਹੋ ਰਹੇ ਵਪਾਰੀਕਰਨ ਤੋਂ ਚਿੰਤਤ ਹੈ। ਕਹਾਣੀਕਾਰ ਲਾਲ ਸਿੰਘ ਦੇ ਕਹਾਣੀ ਵਿਚਲੇ ਪਾਤਰ ਆਪਣੀ ਆਪਣੀ ਸਮੱਸਿਆ ਵਿੱਚ ਜਕੜੇ ਹੋਣ ਦੇ ਬਾਵਜੂਦ ਇਸ ਕਹਾਣੀ ਦੇ ਮੁਖ ਥੀਮ ਨਾਲ ਜੁੜੇ ਮਹਿਸੂਸ ਹੁੰਦੇ ਹਨ। ਸੁਰਿੰਦਰ ਸਿੰਘ ਨੇਕੀ ਨੇ “ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ” ਕਹਾਣੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਵਾਹੀਯੋਗ ਜਮੀਨ ਤੇ ਸਭਿਆਚਾਰ ਨੂੰ ਉਸਰ ਰਹੀਆਂ ਕੋਠੀਆਂ ਤੇ ਬੰਗਲਿਆਂ ਨੇ ਕਿਵੇਂ ਨਿਗਲ ਲਿਆ ਹੈ, ਬਾਰੇ ਇਸ ਕਹਾਣੀ ਵਿਚ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ।
ਉਹਨਾਂ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ ਦਾ ਕੇਂਦਰੀ ਥੀਮ ਵੀ ਸਮਕਾਲ ਦੇ ਸੰਸਾਰੀਕਰਨ ਦੇ ਵਰਤਾਰੇ ਦੀ ਗ੍ਰਿਫਤ ਵਿੱਚ ਆਏ ਪੰਜਾਬੀ ਜਨ ਜੀਵਨ, ਸੂਚਨਾ ਸੰਚਾਰ ਸਾਧਨਾਂ ਦੇ ਵਹਿਣ ਵਿੱਚ ਰੁੜੀ ਜਾਂਦੀ ਨੌਜਵਾਨ ਪੀੜ੍ਹੀ ਦੇ ਦੁਖਾਂਤ , ਨਵ ਪੂੰਜੀਵਾਦ ਤੋਂ ਪੈਦਾ ਉਪਭੋਗਤਾਵਾਦੀ ਰੁਝਾਨਾਂ ਅਤੇ ਲੋਕ ਪੱਖੀ ਲਹਿਰਾਂ ਦੀ ਸਿਧਾਂਤਕ ਵਿਹਾਰਕ ਵਿੱਥ ਤੋਂ ਉਪਜੇ ਸੰਤਾਪ ਅਤੇ ਸੱਤਾ ਦੇ ਸ਼ੋਸ਼ਣ ਵਿੱਚ ਪਿਸਦੇ ਪੰਜਾਬੀ ਬੰਦੇ ਦੇ ਸਹਿਜ ਜੀਵਨ ਵਿੱਚ ਆਈ ਅਸਹਿਜਤਾ ਦੇ ਵਿਖਿਆਨ ਪੇਸ਼ ਕਰਨਾ ਹੈ । ਦਿਲਪ੍ਰੀਤ ਸਿੰਘ ਕਾਹਲੋ ਨੇ ਕਿਹਾ ਕਿ ਇਸ “ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ” ਕਹਾਣੀ ਵਿਚਲੀਆਂ ਘਟਨਾਵਾਂ ਤੇ ਪਾਤਰ ਅਸਲ ਵਿੱਚ ਸਮੁੱਚੀ ਮਾਨਵਜਾਤੀ ਦੀ ਪ੍ਰਤੀਨਿਧਤਾ ਕਰਦੇ ਹਨ । ਲਾਲ ਸਿੰਘ ਨੇ ਇਸ ਕਹਾਣੀ ਦੀ ਰਚਨਾ ਦੇ ਪਿਛੋਕੜ ਤੇ ਪਾਤਰਾਂ ਦੀ ਸਮਾਜ ਪ੍ਰਤੀ ਪ੍ਰਤੀਨਿਧਤਾ ਬਾਰੇ ਜਾਣਕਾਰੀ ਸਾਂਝੀ ਕੀਤੀ ।
ਉਹਨਾਂ ਕਿਹਾ ਕਿ ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ । ਕਹਾਣੀ ਵਿਚ ਮੌਜੂਦਾ ਸਮੇਂ ਅੰਦਰ ਰਾਜਨੀਤੀ ਵਿੱਚ ਪਰਿਵਾਰਵਾਦ, ਭ੍ਰਿਸ਼ਟ ਤੰਤਰ ਅਤੇ ਬੇਰੁਜ਼ਗਾਰੀ ਕਾਰਨ ਦਿਸ਼ਾਹੀਣਤਾ ਭੋਗਦੀ ਨੌਜਵਾਨ ਪੀੜ੍ਹੀ ਦੀ ਸੰਵੇਦਨਾ ਦਾ ਵਰਨਣ ਹੈ ।ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਨੇ ਕਹਾਣੀਕਾਰ ਲਾਲ ਬਾਰੇ ਕਿਹਾ ਕਿ ਲਾਲ ਸਿੰਘ ਸਚਮੁੱਚ ਸਮਕਾਲੀ ਕਹਾਣੀ ਦਾ ਲਾਲ ਹੈ ਜਿਸਦਾ ਲਗਾਤਾਰ ਲਿਖਦੇ ਰਹਿਣਾ ਅਤੇ ਵਰਤਮਾਨ ਦੇ ਵਰਤਾਰਿਆਂ ਨਾਲ ਅਪਡੇਟ ਰਹਿ ਕੇ ਮਨੁੱਖ ਮਾਰੂ ਪ੍ਰਬੰਧ ਨੂੰ ਵੰਗਾਰਨਾ ਇਸ ਕਹਾਣੀ ਦੀ ਵੱਡੀ ਸਾਰਥਿਕਤਾ ਹੈ ।
ਲਾਲ ਸਿੰਘ ਦੀ ਕਹਾਣੀ ਪੰਜਾਬੀ ਸਮਾਜ ਦੇ ਜਾਤੀ ਜਮਾਤੀ ਪ੍ਰਸੰਗਾਂ ਨੂੰ ਪ੍ਰਸਤਤ ਕਰਦੀ ਪੰਜਾਬੀ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਕਾਬਜ਼ ਧਿਰਾਂ ਵੱਲੋਂ ਮਿਹਨਤਕਸ਼ ਵਰਗਾਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਪ੍ਰਤੀ ਤਿੱਖੇ ਪ੍ਰਵਚਨ ਉਚਾਰਦੀ ਹੈ। ਸ਼ਾਇਰ ਅਮਰੀਕ ਡੋਗਰਾ ਨੇ ਇਸ ਮੌਕੇ ਕਿਹਾ ਕਿ ਲਾਲ ਸਿੰਘ ਦੀ ਕਹਾਣੀ ਦਾ ਕੇਂਦਰੀ ਨੁਕਤਾ ਸਾਮਰਾਜੀ ਤਾਕਤਾਂ ਦੇ ਵਿਦੇਸ਼ੀ ਅਤੇ ਦੇਸੀ ਰੂਪਾਂ ਦੁਆਰਾ ਹਾਸ਼ੀਅਤ ਵਰਗਾਂ ਨਾਲ ਕੀਤੇ ਜਾਂਦੇ ਸਮਾਜਿਕ ਅਨਿਆਂ ਵਿਰੁੱਧ ਉਗਰ ,ਖਰ੍ਹਵੇਂ ਅਤੇ ਬੜਬੋਲੇ ਉਚਾਰਾਂ ਵਾਲੇ ਕਥਾ ਸ਼ਿਲਪ ਦਾ ਪ੍ਰਸਾਰ ਕਰਨਾ ਹੈ ।
ਇਸ ਪੱਖੋਂ ਉਹ ਵਕਤ ਦੀ ਚਾਲ ਨੂੰ ਪਛਾਣ ਕੇ ਆਪਣੀ ਕਹਾਣੀ ਨੂੰ ਚਿੰਤਨ ਪ੍ਰਧਾਨ ਬਣਾਉਣ ਵਾਲਾ ਸੁਚੇਤ ਕਥਾਕਾਰ ਹੈ। ਕਹਾਣੀਕਾਰ ਲਾਲ ਸਿੰਘ ਖੁਦਕੁਸ਼ੀਆਂ ਦੇ ਰਾਹ ਪਈ ਪੰਜਾਬ ਦੀ ਕਿਸਾਨੀ , ਨੌਜਵਾਨਾਂ ਦੀ ਦਿਸ਼ਾਹੀਣਤਾ, ਦਿਹਾਤੀ ਖੇਤਰ ਵਿੱਚ ਉਪਭੋਗਤਾਵਾਦੀ ਰੁਚੀਆਂ ਦੇ ਦਖ਼ਲ , ਗਲੋਬਲ ਪਿੰਡ ਦੇ ਵਿਕਾਸ ਮਾਡਲ ਵੱਲੋਂ ਮੰਡੀ ਅਤੇ ਬਾਜ਼ਾਰ ਦੇ ਖੜ੍ਹੇ ਕੀਤੇ ਤਲਿੱਸਮ ਵਿੱਚ ਉਲਝੀ ਪੰਜਾਬੀ ਬੰਦਿਆਈ ਨੂੰ ਆਏ ਸੰਕਟਾਂ ‘ਤੇ ਰੁਦਨ ਕਰਨਾ ਵੀ ਉਸ਼ਦਜੇ ਕਥਾ ਮਰਕਜ਼ ਦਾ ਹਿੱਸਾ ਰਿਹਾ ਹੈ ।ਇਸ ਮੌਕੇ ਜਰਨੈਲ ਸਿੰਘ ਘੁੰਮਣ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ ਸਮਕਾਲ ਅੰਦਰ ਦਲਿਤ ਸੰਘਰਸ਼ ਜਿਸ ਕਿਸਮ ਦੇ ਜਾਤੀਗਤ ਟਕਰਾਅ ਅਤੇ ਧਾਰਮਿਕ ਘੁੰਮਣਘੇਰੀ, ਬੌਧਿਕ ਕੰਗਾਲੀ ਵਿਚਾਰਧਾਰਕ ਧੁੰਦਵਾਦ ਵਿੱਚੋ ਗੁਜ਼ਰ ਰਿਹਾ ਹੈ ਉਸਦਾ ਇਕ ਪੱਖ ਉਸ ਪੱਖ ਦਾ ਬਾਖੂਬੀ ਚਿੰਤਰਨ ਕਰਦੀਆਂ ਹਨ ।
ਲੇਖਕ ਦੇ ਦਲਿਤ ਪਾਤਰ ਨੌਕਰੀ ਪੇਸ਼ਾਂ ਮੱਧਸ਼੍ਰੇਣੀ ਵਿੱਚੋਂ ਹਨ ਜਿਹੜੇ ਕਿ ਅਗਲੀ ਪੀੜ੍ਹੀ ਨੂੰ ਜਾਤੀ ਚੇਤਨਾ ਨਾਲੋਂ ਜਮਾਤੀ ਚੇਤਨਾ ਦੇ ਵੱਡੇ ਸੰਕਲਪ ਨਾਲ ਜੋੜ ਕੇ ਉਨ੍ਹਾਂ ਦਾ ਮੁਕਤੀ ਮਾਰਗ ਬਣਨ ਦਾ ਯਤਨ ਕਰਦੇ ਹੈ ।ਮੀਟਿੰਗ ਦੇ ਦੂਸਰੇ ਦੌਰ ਵਿੱਚ ਬਲਦੇਵ ਸਿੰਘ ਬੱਲੀ ਤੇ ਦਿਲਪ੍ਰੀਤ ਸਿੰਘ ਕਾਹਲੋਂ , ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਅਮਰੀਕ ਡੋਗਰਾ , ਜਰਨੈਲ ਸਿੰਘ ਘੁੰਮਣ ਨੇ ਆਪਣੀਆਂ ਨਵੀਆਂ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਦੀ ਸਮੁੱਚੀ ਕਾਰਵਾਈ ਸੁਰਿੰਦਰ ਸਿੰਘ ਨੇਕੀ ਨੇ ਬਾਖੂਬੀ ਨਿਭਾਈ।