- ਕਹਾਣੀਕਾਰ ਨੇ ਸਮਾਜਿਕ ਤਾਣੇ-ਬਾਣੇ ਨੂੰ ਆਪਣੀਆਂ ਕਹਾਣੀਆਂ 'ਚ ਕੀਤਾ ਹੈ ਪੇਸ਼ : ਡਾ. ਮਨਹਾਸ
- ਪੰਜਾਬ ਦੇ ਵੱਖੋ-ਵੱਖ ਸੰਕਟਾਂ ਦੀ ਨਿਸ਼ਾਨਦੇਹੀ ਕਰਦੀ ਹੈ ਰਾਏ ਦੀ ਕਿਤਾਬ : ਡਾ. ਖੀਵਾ
ਚੰਡੀਗੜ੍ਹ, 27 ਫਰਵਰੀ 2020 - ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵਲੋਂ ਉਤਮ ਰੈਸਟੋਰੈਂਟ ਸੈਕਟਰ 46 ਵਿਖੇ ਸਜਾਈ ਗਈ ਇਕ ਸਾਹਿਤਕ ਮਿਲਣੀ ਦੌਰਾਨ ਐਨ.ਆਰ.ਆਈ. ਲੇਖਕ ਤੇ ਉਘੇ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਦਾ ਕਹਾਣੀ ਸੰਗ੍ਰਹਿ 'ਇਕ ਟੱਕ ਹੋਰ' ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਦੂਰਦਰਸ਼ਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਨਸੀਬ ਸਿੰਘ ਮਨਹਾਸ, ਪ੍ਰਧਾਨਗੀ ਕਰ ਰਹੇ ਡਾ. ਲਾਭ ਸਿੰਘ ਖੀਵਾ, ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਉਪ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਤੇ ਦੀਪਕ ਚਨਾਰਥਲ ਹੋਰਾਂ ਵਲੋਂ ਸਾਂਝੇ ਤੌਰ 'ਤੇ ਸੁਰਿੰਦਰ ਸਿੰਘ ਰਾਏ ਹੋਰਾਂ ਦਾ ਕਹਾਣੀ ਸੰਗ੍ਰਹਿ 'ਇਕ ਟੱਕ ਹੋਰ' ਲੋਕ ਅਰਪਣ ਕਰਨ ਉਪਰੰਤ ਇਸ 'ਤੇ ਵਿਸਥਾਰਤ ਚਰਚਾ ਹੋਈ।
ਸਮਾਗਮ ਦੇ ਮੁੱਖ ਮਹਿਮਾਨ ਡਾ. ਨਸੀਬ ਸਿੰਘ ਮਨਹਾਸ ਨੇ ਐਨ.ਆਰ.ਆਈ. ਲੇਖਕ ਨੂੰ ਸਾਫ ਸੁਥਰੀਆਂ ਕਹਾਣੀਆਂ ਦੀ ਸਿਰਜਣਾ ਕਰਨ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਲੇਖਕ ਨੇ ਸਮਾਜਿਕ ਤਾਣੇ-ਬਾਣੇ ਵਿਚੋਂ ਜੋ ਪੀੜ, ਜੋ ਦਰਦ, ਜੋ ਮੁਸ਼ਕਲਾਂ ਦੇਖੀਆਂ ਉਸ ਨੂੰ ਆਪਣੀਆਂ ਕਹਾਣੀਆਂ ਦੇ ਰੂਪ ਵਿਚ ਪੇਸ਼ ਕੀਤਾ।
ਇਸੇ ਤਰ੍ਹਾਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉਘੇ ਚਿੰਤਕ ਡਾ. ਲਾਭ ਸਿੰਘ ਖੀਵਾ ਨੇ ਆਖਿਆ ਕਿ ਵਿਸ਼ਾ ਮਿਲਣਾ ਅਸਾਨ ਹੁੰਦਾ ਹੈ, ਪਰ ਉਸ ਨੂੰ ਕਲਮ ਦੀ ਧਾਰ 'ਤੇ ਖਰਾ ਉਤਾਰਨਾ ਅਸਾਨ ਨਹੀਂ ਹੁੰਦਾ ਤੇ ਇਹ ਕਾਰਜ ਕਰਨ ਵਿਚ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਸਫਲ ਰਹੇ ਹਨ। ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਰਾਏ ਦੀਆਂ ਕਹਾਣੀਆਂ ਪੰਜਾਬ ਦੇ ਵੱਖੋ-ਵੱਖ ਸੰਕਟਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ।
ਜ਼ਿਕਰਯੋਗ ਹੈ ਕਿ ਸਮਾਗਮ ਦੀ ਸ਼ੁਰੂਆਤ ਵਿਚ ਜਿੱਥੇ ਪ੍ਰਧਾਨਗੀ ਮੰਡਲ ਦਾ ਸਵਾਗਤ ਫੁੱਲਾਂ ਨਾਲ ਕੀਤਾ ਗਿਆ, ਉਥੇ ਹੀ ਸ਼ਬਦਾਂ ਨਾਲ ਸਭ ਦਾ ਸਵਾਗਤ ਕਰਦਿਆਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਕ ਨੂੰ ਕਿਤਾਬ ਸਿਰਜਣਾ 'ਤੇ ਵਧਾਈ ਦਿੱਤੀ, ਡਾ. ਮਨਹਾਸ, ਡਾ. ਲਾਭ ਸਿੰਘ ਖੀਵਾ ਸਣੇ ਲੇਖਕ ਰਾਏ ਨੂੰ ਜੀ ਆਇਆਂ ਆਖਦਿਆਂ, ਉਨ੍ਹਾਂ ਮਹਿਫਲ ਵਿਚ ਮੌਜੂਦ ਸਾਰੇ ਸਾਹਿਤਕਾਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਲੇਖਕ ਨਾਲ ਸਰੋਤਿਆਂ ਦੀ ਗੂੜ੍ਹੀ ਸਾਂਝ ਪਾਉਂਦਿਆਂ ਡਾ. ਅਵਤਾਰ ਸਿੰਘ ਪਤੰਗ ਨੇ ਜਾਣਕਾਰੀ ਦਿੱਤੀ ਕਿ ਬਲਾਚੌਰ ਖੇਤਰ ਦੇ ਪਿੰਡ ਰੱਕੜਾ ਬੇਟ ਖਿੱਤੇ ਵਿਚੋਂ ਉਠ ਕੇ ਆਸਟਰੇਲੀਆ ਵਰਗੇ ਮੁਲਕ ਵਿਚ ਪਹੁੰਚ ਕੇ ਸੁਰਿੰਦਰ ਰਾਏ ਨੇ ਜਿੱਥੇ ਆਪਣੀਆਂ ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ, ਉਥੇ ਕਵਿਤਾ ਤੋਂ ਸ਼ੁਰੂ ਹੋ ਕੇ ਉਨ੍ਹਾਂ ਕਹਾਣੀ ਤੱਕ ਦਾ ਸਫਰ ਤੈਅ ਕੀਤਾ, ਜੋ ਅਜੇ ਵੀ ਜਾਰੀ ਹੈ। ਡਾ. ਅਵਤਾਰ ਪਤੰਗ ਨੇ ਆਖਿਆ ਕਿ ਅਸੀਂ ਸੁਰਿੰਦਰ ਸਿੰਘ ਰਾਏ ਦੇ ਪਿਤਾ ਦੇ ਵਿਦਿਆਰਥੀ ਵੀ ਰਹੇ ਹਾਂ। ਉਸ ਨਾਤੇ ਵੀ ਇਸ ਪਰਿਵਾਰ ਨਾਲ ਗੂੜ੍ਹਾ ਰਿਸ਼ਤਾ ਹੈ।
ਇਸੇ ਤਰ੍ਹਾਂ ਕਿਤਾਬ 'ਇਕ ਟੱਕ ਹੋਰ' ਉਤੇ ਵਿਸਥਾਰਤ ਪਰਚਾ ਪੇਸ਼ ਕਰਦਿਆਂ ਡਾ. ਸੁਖਜਿੰਦਰ ਸਿੰੰਘ ਸਿੱਧੂ ਨੇ ਕਿਹਾ ਕਿ ਲੇਖਕ ਨੇ ਬਹੁਤ ਗੰਭੀਰ ਵਿਸ਼ੇ ਚੁਣੇ ਹਨ, ਕਿਤਾਬ ਦੀਆਂ ਦਸ ਕਹਾਣੀਆਂ ਵੱਖੋ-ਵੱਖ ਵਿਧਾਵਾਂ ਤੇ ਵੱਖੋ-ਵੱਖ ਵਿਸ਼ਿਆਂ ਰਾਹੀਂ ਪੰਜਾਬ ਦੀ ਪੀੜ ਨੂੰ ਬਿਆਨ ਕਰਦੀਆਂ ਹਨ। ਡਾ. ਸੁਖਜਿੰਦਰ ਨੇ ਕਿਹਾ ਕਿ 'ਇਕ ਟੱਕ ਹੋਰ' ਇਸ ਗੱਲ ਦਾ ਸਪੱਸ਼ਟ ਸੁਨੇਹਾ ਦੇ ਰਹੀ ਹੈ ਕਿ 47 ਦੀ ਵੰਡ ਤੋਂ ਤਾਂ ਅਸੀਂ ਜਾਣੂ ਸੀ, ਪਰ ਇਕ ਹੋਰ ਵੰਡ ਜਿਹੜੀ ਚੁੱਪ-ਚਾਪ ਪੰਜਾਬ ਵਿਚ ਹੋ ਰਹੀ ਹੈ, ਉਹ ਹੈ ਨੌਜਵਾਨਾਂ ਦਾ ਵਿਦੇਸ਼ਾਂ ਨੂੰ ਪਰਵਾਸ। ਉਨ੍ਹਾਂ ਕਿਹਾ ਕਿ ਇਸੇ ਵੰਡ ਦਾ ਜ਼ਿਕਰ ਲੇਖਕ ਨੇ ਕਹਾਣੀਆਂ ਰਾਹੀਂ ਬਾਖੂਬੀ ਕੀਤਾ ਹੈ। ਉਨ੍ਹਾਂ ਸਮੁੱਚੀਆਂ ਕਹਾਣੀਆਂ ਦੇ ਹਵਾਲੇ ਨਾਲ ਸੁਰਿੰਦਰ ਸਿੰਘ ਰਾਏ ਦੇ ਕਹਾਣੀ ਸੰਗ੍ਰਹਿ ਦੀ ਪੜਚੋਲ ਕਰਦਿਆਂ ਉਸ ਨੂੰ ਉਚ ਪਾਏ ਦੀ ਰਚਨਾ ਦੱਸਿਆ।
ਜ਼ਿਕਰਯੋਗ ਹੈ ਕਿ ਕਹਾਣੀ ਸੰਗ੍ਰਹਿ ਦੇ ਲੇਖਕ ਸੁਰਿੰਦਰ ਸਿੰਘ ਰਾਏ ਨੇ ਸਮੁੱਚੇ ਪ੍ਰਧਾਨਗੀ ਮੰਡਲ ਦਾ, ਪੰਜਾਬੀ ਲੇਖਕ ਸਭਾ ਦਾ, ਉਤਮ ਰੈਸਟੋਰੈਂਟ ਦੇ ਕਰਤਾ-ਧਰਤਾ ਬਲਵਿੰਦਰ ਸਿੰਘ ਦਾ ਤੇ ਆਏ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਤੱਕ ਇਹ ਕਹਾਣੀਆਂ ਖਰੜੇ ਦੇ ਰੂਪ ਵਿਚ ਸਨ, ਤਦ ਤੱਕ ਮੇਰੀਆਂ ਸਨ। ਕਿਤਾਬ ਦਾ ਰੂਪ ਧਾਰਨ ਤੋਂ ਬਾਅਦ ਤੇ ਲੋਕ ਅਰਪਣ ਹੋਣ 'ਤੇ ਹੁਣ ਇਹ ਕਹਾਣੀਆਂ ਸਮਾਜ ਦੀਆਂ ਹਨ ਤੇ ਮੈਂ ਪਾਠਕਾਂ ਦੀ ਝੋਲੀ ਇਹ ਕਹਾਣੀ ਸੰਗ੍ਰਹਿ ਪਾ ਦਿੱਤਾ ਹੈ। ਉਮੀਦ ਹੈ ਕਿ ਉਹ ਇਸ ਨੂੰ ਪਿਆਰ ਦੇਣਗੇ।
ਸਮਾਗਮ ਦੇ ਅਖੀਰ ਵਿਚ ਇਕ ਛੋਟੀ ਜਿਹੀ ਕਾਵਿ ਮਹਿਫਲ ਵੀ ਸਜਾਈ ਗਈ, ਜਿਸ ਵਿਚ ਕਵਿੱਤਰੀ ਰਾਜਿੰਦਰ ਕੌਰ, ਮਲਕੀਅਤ ਬਸਰਾ, ਸਿਮਰਜੀਤ ਕੌਰ ਗਰੇਵਾਲ, ਤੇਜਾ ਸਿੰਘ ਥੂਹਾ, ਧਿਆਨ ਸਿੰਘ ਕਾਹਲੋਂ ਤੇ ਦਰਸ਼ਨ ਤ੍ਰਿਊਣਾ ਨੇ ਆਪੋ-ਆਪਣੀਆਂ ਕਵਿਤਾਵਾਂ ਤੇ ਗੀਤਾਂ ਰਾਹੀਂ ਬਾਖੁਬੀ ਹਾਜ਼ਰੀ ਲਗਵਾਈ। ਆਖਰ ਵਿਚ ਸਮੁੱਚੇ ਸਮਾਗਮ ਦੀ ਕਾਰਵਾਈ ਚਲਾ ਰਹੇ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮਨਜੀਤ ਕੌਰ ਮੀਤ, ਪਾਲ ਅਜਨਬੀ, ਹਰਮਿੰਦਰ ਕਾਲੜਾ, ਗੁਰਦਰਸ਼ਨ ਸਿੰਘ ਮਾਵੀ, ਬੂਟਾ ਸਿੰਘ ਅਸ਼ਾਂਤ, ਬਲਵਿੰਦਰ ਸਿੰਘ ਉਤਮ ਰੈਸਟੋਰੈਂਟ, ਨਿਰਮਲ ਸਿੰਘ ਬਾਸੀ, ਸਤਬੀਰ ਕੌਰ, ਮਲਕੀਅਤ ਬਸਰਾ, ਕਲਮ ਗਹੂੰਣ, ਸਰਦਾਰਾ ਸਿੰਘ ਚੀਮਾ, ਰਾਜਿੰਦਰ ਕੌਰ, ਨਿਰਮਲ ਸਿੰਘ, ਰਾਣਾ ਬੂਲਪੁਰੀ, ਦੀਦਾਰ ਸਿੰਘ ਬਲਾਚੌਰੀਆ, ਸਿਮਰਜੀਤ ਗਰੇਵਾਲ, ਤੇਜਾ ਸਿੰਘ ਥੂਹਾ, ਮਲਕੀਤ ਸਿੰਘ ਨਾਗਰਾ, ਧਿਆਨ ਸਿੰਘ ਕਾਹਲੋਂ, ਦਰਸ਼ਨ ਤ੍ਰਿਊਣਾ, ਸੁਰਿੰਦਰ ਸਿੰਘ, ਨਿਰਮਲ ਸਿੰਘ, ਤਰਸੇਮ ਰਾਜ, ਬਲਵਿੰਦਰ ਸਿੰਘ, ਸੁਰਿੰਦਰਪਾਲ ਸ਼ਰਮਾ ਸਣੇ ਵੱਡੀ ਗਿਣਤੀ ਵਿਚ ਲੇਖਕ, ਸਾਹਿਤ ਪ੍ਰੇਮੀ ਤੇ ਬਲਾਚੌਰ ਖੇਤਰ ਤੋਂ ਉਚੇਚੇ ਤੌਰ 'ਤੇ ਇਸ ਸਮਾਗਮ ਦਾ ਹਿੱਸਾ ਬਣਨ ਆਏ ਮਹਿਮਾਨ ਮੌਜੂਦ ਸਨ।