ਪੰਜਾਬੀ ਕਵਿਤਾ ਵਿੱਚ ਸੰਵੇਦਨਸ਼ੀਲ ਸਰੋਦੀ ਤੱਤ ਮੁੜ ਸੁਰਜੀਤ ਕਰਨ ਦੀ ਲੋੜ- ਡਾਃ ਦੀਪਕ ਮਨਮੋਹਨ ਸਿੰਘ
ਲੁਧਿਆਣਾਃ 21 ਮਈ 2022 - ਪੰਜਾਬੀ ਭਵਨ ਲੁਧਿਆਣਾ ਵਿੱਚ ਪਿਛਲੇ ਦਿਨੀਂ ਪੰਜਾਬੀ ਕਵੀ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਦੇ ਨਵੇਂ ਛਪੇ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਨੂੰ ਪ੍ਰਾਪਤ ਕਰਨ ਉਪਰੰਤ ਬੋਲਦਿਆਂ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾਃ ਦੀਪਕ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਸਾਹਿੱਤਕ ਗੀਤਾਂ ਦੀ ਸਿਰਜਣਾ ਤੇ ਪ੍ਰਕਾਸ਼ਨ ਅੱਜ ਦੇ ਵਕਤ ਦੀ ਪ੍ਰਮੁੱਖ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਵਿਤਾ ਵਿੱਚ ਅੱਜ ਸਰੋਦੀ ਤੱਤ ਸੁੰਗੜ ਰਿਹਾ ਹੈ, ਜਿਸ ਨੂੰ ਗੰਭੀਰਤਾ ਨਾਲ ਮੁੜ ਸੁਰਜੀਤ ਕਰਨ ਦੀ ਲੋੜ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਤੇ ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਡਾਃ ਲਖਵਿੰਦਰ ਸਿੰਘ ਜੌਹਲ ਨੇ ਗੁਰਭਜਨ ਗਿੱਲ ਨੂੰ ਪਿੱਪਲ ਪੱਤੀਆਂ ਗੀਤ ਸੰਗ੍ਰਿਹਿ ਤੇ ਮੁਬਾਰਕ ਦੇਂਦਿਆਂ ਕਿਹਾ ਕਿ ਅੱਜ ਪੰਜਾਬੀਆਂ ਦੀ ਮਾਨਸਿਕਤਾ ਨੂੰ ਖੁੰਢੇ ਕਰਨ ਵਾਲੇ ਨਸ਼ਿਆਂ , ਹਥਿਆਰਾਂ ਤੇ ਬਾਹੂਬਲੀਆਂ ਦੀ ਮਹਿਮਾ ਵਾਲੇ ਗੀਤਾਂ ਨੇ ਸੋਸ਼ਲ ਮੀਡੀਆ ਅਤੇ ਹੋਰ ਪਲੈਟਫਾਰਮਜ਼ ਤੇ ਅਜਿਹੇ ਕੁਝ ਦੀ ਬਹੁਤਾਤ ਹੈ। ਭਾਵੇਂ ਕਿ ਹੁਣ ਭਗਵੰਤ ਸਿੰਘ ਮਾਨ ਸਰਕਾਰ ਨੇ ਕਰੜਾਈ ਨਾਲ ਇਸ ਕੂੜ ਹਨ੍ਹੇਰੀ ਨੂੰ ਰੋਕਣ ਲਈ ਅਪੀਲ ਕੀਤੀ ਹੈ ਪਰ ਬਦਲਵੇਂ ਸੱਭਿਆਚਾਰ ਦੀ ਵੀ ਬਹੁਤ ਲੋੜ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਪਿੱਪਸ ਪੱਤੀਆਂ ਤੋਂ ਪਹਿਲਾਂ ਜਦ 2005 ਵਿੱਚ ਗਿੱਲ ਸਾਹਿਬ ਨੇ ਫੁੱਲਾਂ ਦੀ ਝਾਂਜਰ ਗੀਤ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਸੀ ਤਾਂ ਉਸ ਦੇ ਬਹੁਤ ਸਾਰੇ ਗੀਤ ਸਾਡੇ ਪ੍ਰਮੁੱਖ ਗਾਇਕਾਂ ਸੁਰਿੰਦਰ ਸ਼ਿੰਦਾ, ਹੰਸ ਰਾਜ ਹੰਸ ,ਜਸਬੀਰ ਜੱਸੀ,ਤੇ ਹਰਭਜਨ ਮਾਨ ਵਰਗਿਆਂ ਨੇ ਗਾਏ। ਇਹ ਸ਼ਬਦ ਦੀ ਸ਼ਕਤੀ ਦਾ ਸਤਿਕਾਰ ਅਤੇ ਪ੍ਰਕਾਸ਼ ਹੈ।
ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਸਕੱਤਰ ਸਰਗਰਮੀਆਂ ਡਾਃ ਗੁਰਚਰਨ ਕੌਰ ਕੋਚਰ, ਲੋਕ ਮੰਚ ਪੰਜਾਬ ਦੇ ਪ੍ਰਧਾਨ ਅਤੇ ਆਪਣੀ ਆਵਾਜ਼ ਮੈਗਜ਼ੀਨ ਦੇ ਸੰਪਾਦਕ ਕਵੀ ਸੁਰਿੰਦਰ ਸਿੰਘ ਸੁੰਨੜ ਕੈਲੇਫੋਰਨੀਆ, ਸ਼੍ਰੀ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾਃ ਸ਼ਿੰਦਰਪਾਲ ਸਿੰਘ,ਡਾਃ ਜਸਬੀਰ ਸਿੰਘ ਬੜੋਦਾ,ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਪ੍ਰੀਤ ਪ੍ਰਕਾਸ਼ਨ ਨਾਭਾ ਦੇ ਮਾਲਕ ਕਵੀ ਸੁਰਿੰਦਰਜੀਤ ਚੌਹਾਨ ਤੇ ਕੁਝ ਹੋਰ ਲੇਖਕ ਮਿੱਤਰ ਹਾਜ਼ਰ ਸਨ।
ਧੰਨਵਾਦ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਇਹ ਗੀਤ ਸੰਗ੍ਰਹਿ ਮੇਰੇ ਜਨਮ ਦਿਨ ਤੇ 2 ਮਈ ਨੂੰ ਡਾਃ ਸ ਸ ਜੌਹਲ ਤੇ ਡਾ. ਸੁਰਜੀਤ ਪਾਤਰ ਜੀ ਨੇ ਲੋਕ ਅਰਪਨ ਕੀਤੀ ਸੀ ਪਰ ਅੱਜ ਆਪਣੇ ਵੱਡੇ ਵੀਰਾਂ,ਲੇਖਕਾਂ ਚਿੰਤਕਾਂ ਤੇ ਪੰਜਾਬੀ ਪਿਆਰਿਆਂ ਵੱਲੋਂ ਏਨਾ ਚੰਗਾ ਹੁੰਗਾਰਾ ਤੇ ਪਿਆਰ ਮੈਨੂੰ ਹੋਰ ਚੰਗਾ ਲਿਖਣ ਤੇ ਅੱਗੇ ਤੁਰਨ ਦੀ ਪ੍ਰੇਰਨਾ ਦੇਵੇਗਾ।