ਤਰਕਸ਼ੀਲ ਬੁੱਧੀਜੀਵੀ ਡਾ: ਮੁਖਵਿੰਦਰ ਸਿੰਘ ਚੋਹਲਾ ਸੁਰਗਵਾਸ
ਗੁਰਭਜਨ ਗਿੱਲ
ਲੁਧਿਆਣਾ , 16 ਜੂਨ, 2019 :
ਬਹੁਤ ਉਦਾਸ ਖ਼ਬਰ ਮਿਲੀ ਹੈ ਕਿ ਡਾ: ਮੁਖਵਿੰਦਰ ਸਿੰਘ ਚੋਹਲਾ ਜੀ ਸਾਡੇ ਵਿੱਚ ਸਰੀਰਕ ਤੋਰ ਤੇ ਨਹੀਂ ਰਹੇ ।ਉਨ੍ਹਾਂ ਦੀ ਜਹਾਨ ਤੋਂ ਰੁਖਸਤੀ ਦੀ ਇਸ ਖਬਰ ਨਾਲ ਚੁਫੇਰੇ ਸੋਗ ਦਾ ਆਲਮ ਪਸਰ ਗਿਆ।
ਇਕ ਨਾਮਾਵਰ ਵਿਦਵਾਨ ,ਬੁੱਧੀਜੀਵੀ ਅਤੇ ਸੰਘਰਸ਼ਸ਼ੀਲ ਨੇਤਾ ਦਾ ਸਦੀਵੀ ਵਿਛੋੜਾ ਅਕਹਿ ਅਤੇ ਅਸਹਿ ਤਾਂ ਹੈ ਹੀ , ਸਾਡੇ ਸਭ ਲਈ ਨਾ ਪੂਰਾ ਹੋਣ ਵਾਲਾ ਘਾਟਾ ਵੀ ਹੈ।
ਡਾ: ਮੁਖਵਿੰਦਰ ਸਿੰਘ ਚੋਹਲਾ ਤਰਨਤਾਰਨ ਜ਼ਿਲ੍ਹੇ ਦੇ ਉਘੇ ਸਮਾਜ ਸੇਵਕ,ਤਰਕਸ਼ੀਲ ਸੋਚ ਵਾਲੇ ਸਰਗਰਮ ਆਗੂ ,ਸੰਜੀਦਾ ਚਿੰਤਕ ,ਸੁਚੇਤ ਲੇਖਕ ,ਹੱਕ ਸੱਚ ਦੇ ਮੁਦੱਈ ਅਤੇ ਵਿਗਿਆਨਕ ਸੋਚ ਤੇ ਹੋਕਾ ਦੇਣ ਵਾਲੇ ਸਾਡੇ ਸਭ ਦੇ ਜ਼ਹੀਨ ਮਾਰਗਦਰਸ਼ਕ ਸਨ।
ਚੋਹਲਾ ਸਾਹਿਬ ਦੀ ਕਲਮ ਨੂੰ ਇਨ੍ਹੀ ਸ਼ਫਕਤ ਹਾਸਲ ਸੀ ਕਿ ਉਨ੍ਹਾਂ ਸਮਾਜ ਦੇ ਹਰੇਕ ਖੇਤਰ ਦੀਆਂ ਵਿਸਥਾਰ ਪੂਰਵਿਕ ਵੱਡਮੁੱਲੀਆਂ ਤੇ ਤੱਥਾਂ ਲਿਖਤਾਂ ਤਰਕ ਸਹਿਤ ਪੇਸ਼ ਕੀਤੀਆਂ ।
ਡਾ: ਮੁਖਵਿੰਦਰ ਸਿੰਘ ਚੋਹਲਾ ਪਿਛਲੇ ਕੁਝ ਸਾਲਾਂ ਤੋਂ ਕੈੰਸਰ ਦੀ ਭਿਆਨਕ ਬੀਮਾਰੀ ਤੋਂ ਪੀੜਤ ਸਨ ਪਰ ਇਸ ਮੁਸ਼ਿਕਲ ਦੌਰ ਵਿੱਚ ਵੀ ਉਹ ਇਸ ਰੋਗ ਤੋਂ ਤੋਂ ਘਬਰਾਏ ਨਹੀਂ ਸਗੋਂ ਬਹਾਦਰੀ ,ਨਿਡਰਤਾ ਅਤੇ ਸਾਹਸ ਨਾਲ ਲੜਦੇ ਰਹੇ।
ਤਰਲੋਚਨ ਸਿੰਘ ਤਰਨਤਾਰਨ ਮੁਤਾਬਕ ਗੁਰੂ ਨਾਨਕ ਦੇਵ ਹਸਪਤਾਲ ਤਰਨਤਾਰਨ ਵਿਖੇ ਦਿਮਾਗ ਦੇ ਓਪਰੇਸ਼ਨ ਤੋਂ ਕੁਝ ਸਮੇਂ ਉਪਰੰਤ ਅੱਜ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। 16 ਮਈ 2019 ਨੂੰ ਸਵੇਰੇ 10-00 ਵਜੇ ਉਨ੍ਹਾਂ ਦੀ ਦੇਹ ਖੋਜ ਕਾਰਜਾਂ ਲਈ ਚੋਹਲਾ ਸਾਹਿਬ ਤੋਂ ਮੈਡੀਕਲ ਖੋਜ ਅਦਾਰੇ ਲਈ ਰਵਾਨਾ ਕੀਤੀ ਜਾਵੇਗੀ ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੁਖਵਿੰਦਰ ਸਿੰਘ ਚੋਹਲਾ ਜੀ ਦਾ ਚਲਾਣਾ ਸਾਡੇ ਸਭ ਲਈ ਦੁਖਦਾਈ ਹੈ। ਪਿਛਲੇ ਪੰਜ ਛੇ ਸਾਲਾਂ ਤੋਂ ਉਹ ਮੇਰੇ ਸੰਪਰਕ ਚ ਸਨ। ਮੇਰੀ ਹਰ ਲਿਖਤ ਪੜ੍ਹਦੇ ਤੇ ਆਪਣਾ ਪ੍ਰਤੀਕਰਮ ਲਿਖ ਭੇਜਦੇ ਸਨ।
ਚੰਗੇ ਸੱਜਣ ਦੇ ਜਾਣ ਤੇ ਮਨ ਉਦਾਸ ਹੋ ਗਿਆ ਹੈ।