ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ
ਬਰਨਾਲਾ, 12 ਸਤੰਬਰ 2021 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਕਵੀ ਮਾਲਵਿੰਦਰ ਸਿੰਘ ਦੀ ਕਾਵਿ ਪੁਸਤਕ ਮੁਹੱਬਤ ਦੀ ਸਤਰ ਉੱਪਰ ਗੋਸ਼ਟੀ ਕਰਵਾਈ ਗਈ ਅਤੇ ਸਿਮਰਜੀਤ ਕੌਰ ਬਰਾਡ਼ ਦੀ ਪੁਸਤਕ ਮਨ ਅੰਦਰ ਪ੍ਰਕਾਸ਼ ਦਾ ਲੋਕ ਅਰਪਣ ਕੀਤਾ ਗਿਆ ।
ਮੁਹੱਬਤ ਦੀ ਸਤਰ ਪੁਸਤਕ ਤੇ ਪਰਚਾ ਪੜ੍ਹਦਿਆਂ ਡਾ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਮਾਲਵਿੰਦਰ ਦੇ ਕਾਵਿ ਜਗਤ ਦਾ ਕੇਂਦਰ ਬਿੰਦੂ ਮੁਹੱਬਤ ਹੈ ਉਸ ਦੀ ਸ਼ਾਇਰੀ ਮੁਹੱਬਤ ਦੇ ਸੰਕਲਪ ਨੂੰ ਮੁੱਖ ਰੱਖ ਕੇ ਇਸ ਦੇ ਵਿਭਿੰਨ ਪਸਾਰਾਂ ਨੂੰ ਵਿਭਿੰਨ ਰੰਗਾਂ ਵਿਚ ਬਿਖੇਰਦੀ ਹੈ ਵੇਖਿਆ ਜਾਵੇ ਤਾਂ ਮੁਹੱਬਤ ਹੀ ਮਨੁੱਖੀ ਜੀਵਨ ਨੂੰ ਗਤੀਸ਼ੀਲਤਾ ਅਨੰਦਿਤਾ ਅਤੇ ਜ਼ਿੰਦਗੀ ਜਿਉਣ ਦੀ ਨਵੀਂ ਰੋਸ਼ਨੀ ਪ੍ਰਦਾਨ ਕਰਦੀ ਹੈ। ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਕਿ ਮਾਲਵਿੰਦਰ ਨੇ ਆਪਣੇ ਕਾਵਿ ਸੰਗ੍ਰਹਿ ਵਿਚ ਜਿੱਥੇ ਮੁਹੱਬਤ ਦੀ ਇਬਾਰਤ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਉੱਥੇ ਫਿਲਾਸਫੀ ਭਰੇ ਸ਼ੇਅਰਾਂ ਨਾਲ ਗ਼ਜ਼ਲ ਕਾਵਿ ਨੂੰ ਅਮੀਰੀ ਬਖ਼ਸ਼ੀ ਹੈ।
ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਮਾਲਵਿੰਦਰ ਦੀ ਸ਼ਾਇਰੀ ਇੱਕ ਮੁਹੱਬਤ ਦਾ ਗੀਤ ਹੈ ਇਸ਼ਕ ਦੀ ਇਬਾਰਤ ਹੈ ਬਿਰਹੋਂ ਦੀ ਉਦਾਸੀ ਹੈ ਚੜ੍ਹਦੇ ਸੂਰਜ ਦੀ ਲਾਲੀ ਤੇ ਚੰਨ ਦੀਆਂ ਰਿਸ਼ਮਾਂ ਵਾਂਗ ਠੰਢੀ ਹੈ ਜੋ ਧੁਰ ਅੰਦਰੋਂ ਫੁੱਟਦੀ ਹੈ ।ਮਨ ਅੰਦਰ ਪ੍ਰਕਾਸ਼ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਜੁਗਰਾਜ ਧੌਲਾ ਨੇ ਕਿਹਾ ਕਿ ਹਾਇਕੂ ਜਪਾਨੀ ਕਵਿਤਾ ਦਾ ਇੱਕ ਰੂਪ ਹੈ ਪੰਜਾਬੀ ਟੱਪਿਆਂ ਜਾਂ ਬੋਲੀਆਂ ਵਾਂਗ ਬੜਾ ਸੰਖੇਪ ਹੁੰਦਾ ਹੈ ਪਰ ਸਾਡੇ ਦਿਲੋ ਦਿਮਾਗ ਤੇ ਡੂੰਘਾ ਅਸਰ ਛੱਡਣ ਦੀ ਸਮਰੱਥਾ ਰੱਖਦਾ ਹੈ ਹਾਇਕੂ ਰਾਹੀਂ ਕੁਦਰਤ ਅਤੇ ਮਨੁੱਖੀ ਜ਼ਿੰਦਗੀ ਦੋਹਾਂ ਵਿੱਚ ਇੱਕੋ ਸਮੇਂ ਦਾਖ਼ਲ ਹੋਇਆ ਜਾ ਸਕਦਾ ਹੈ ।ਡਾ ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਹਾਇਕੂ ਪ੍ਰਕਿਰਤੀ ਦੀ ਸੁੰਦਰਤਾ ਨੂੰ ਮੁੱਖ ਰੱਖ ਕੇ ਲਿਖੇ ਜਾਂਦੇ ਹਨ ਲਿਖਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ ਕਿ ਇਹ ਵਰਤਮਾਨ ਵਿੱਚ ਰਹਿ ਕੇ ਲਿਖੇ ਜਾਣ ਸਿਮਰਜੀਤ ਕੌਰ ਬਰਾੜ ਇਸ ਗੱਲ ਵਿਚ ਸਫ਼ਲ ਹੋਈ ਹੈ ਕਿ ਉਸ ਨੇ ਚਲੰਤ ਮਸਲਿਆਂ ਤੇ ਵੀ ਸਫ਼ਲਤਾਪੂਰਵਕ ਹਾਇਕੂ ਲਿਖੇ ਹਨ।
ਇਨ੍ਹਾਂ ਤੋਂ ਇਲਾਵਾ ਓਮ ਪ੍ਰਕਾਸ਼ ਗਾਸੋ ਸਾਗਰ ਸਿੰਘ ਸਾਗਰ ਦਰਸ਼ਨ ਸਿੰਘ ਗੁਰੂ ਜਗਤਾਰ ਜਜ਼ੀਰਾ ਡਾ ਹਰਪ੍ਰੀਤ ਰੂਬੀ ਪ੍ਰੋ ਤਰਸਪਾਲ ਕੌਰ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਡਾ ਅਨਿਲ ਸ਼ੋਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।ਉਪਰੰਤ ਹੋਏ ਕਵੀ ਦਰਬਾਰ ਵਿਚ ਹਾਕਮ ਸਿੰਘ ਰੂੜੇਕੇ ਸੁਖਵਿੰਦਰ ਸਿੰਘ ਸਨੇਹ ਰਘਵੀਰ ਸਿੰਘ ਗਿੱਲ ਕੱਟੂ ਜਗਤਾਰ ਬੈਂਸ ਸਰੂਪ ਚੰਦ ਹਰੀਗੜ੍ਹ ਹਰੀ ਮਾਨ ਧਨੌਲਾ ਦਲਵਾਰਾ ਸਿੰਘ ਧਨੌਲਾ ਰਾਮ ਸਰੂਪ ਸ਼ਰਮਾ ਮੇਜਰ ਸਿੰਘ ਰਾਜਗਡ਼੍ਹ ਰਾਜਿੰਦਰ ਸ਼ੌਂਕੀ ਜਸਪਾਲ ਪਾਲੀ ਖੇੜੀ ਮਨਦੀਪ ਕੁਮਾਰ ਸੁਰਜੀਤ ਸਿੰਘ ਦਿਹੜ ਓਂਕਾਰ ਸਿੰਘ ਦਿਲਪ੍ਰੀਤ ਚੌਹਾਨ ਮਨਜੀਤ ਸ਼ਰਮਾ ਧਨੌਲਾ ਰਜਨੀਸ਼ ਕੌਰ ਬਬਲੀ ਐੱਸਪੀ ਕਾਲੇ ਕੇ ਹਰਦੀਪ ਬਾਵਾ ਅੰਜਨਾ ਮੈਨਨ ਚਤਿੰਦਰ ਸਿੰਘ ਰੁਪਾਲ ਗਮਦੂਰ ਸਿੰਘ ਰੰਗੀਲਾ ਡਾ ਉਜਾਗਰ ਸਿੰਘ ਮਾਨ ਜਤਿੰਦਰ ਸਿੰਘ ਉੱਪਲੀ ਰਾਮ ਸਿੰਘ ਬੀਹਲਾ ਜੁਗਰਾਜ ਚੰਦ ਰਾਏਸਰ ਅਤੇ ਨਿਰਮਲ ਸਿੰਘ ਕਾਹਲੋਂ ਨੇ ਆਪੋ ਆਪਣੀਆਂ ਕਾਵਿ ਵੰਨਗੀਆਂ ਪੇਸ਼ ਕੀਤੀਆਂ ਸਭਾ ਦੀ ਰਵਾਇਤ ਮੁਤਾਬਕ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ ।