ਲੁਧਿਆਣਾ, 27 ਮਈ, 2017 : ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਪ੍ਰਸਿੱਧ ਸਾਹਿਤਕਾਰਾਂ ਅਤੇ ਵਿਦਵਾਨਾਂ ਦੁਆਰਾ ਪ੍ਰਸਿੱਧ ਪੱਤਰਕਾਰ ਅਤੇ ਸਾਬਕਾ ਸੂਚਨਾ ਕਮਿਸ਼ਨਰ ਸ. ਪੀ ਪੀ ਐਸ ਗਿੱਲ ਦੀ ਪੁਸਤਕ 'ਬਲੱਡ ਆਨ ਦੀ ਗਰੀਨ' ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਇਹ ਪੁਸਤਕ ਇੱਕ ਰਿਪੋਰਟਰ ਦੁਆਰਾ 1984 ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਵਿੱਚ ਪੰਜਾਬ ਵਿੱਚ ਵਾਪਰੇ ਦੁਖਦਾਈ ਸਮੇਂ ਤੇ ਇੱਕ ਡੂੰਘੀ ਝਾਤ ਪਾਉਂਦੀ ਹੈ ਕਿਉਂਕਿ ਇਹ ਸਮਾਂ ਪੰਜਾਬ ਦੇ ਗੰਭੀਰ ਸੰਕਟ ਦਾ ਹੈ । ਸ. ਪੀ.ਪੀ.ਐਸ. ਗਿੱਲ ਪੀਏਯੂ ਵਿਖੇ ਅਪਰ ਨਿਰਦੇਸ਼ਕ ਸੰਚਾਰ ਦੀ ਸੇਵਾ ਵੀ ਨਿਭਾ ਚੁੱਕੇ ਹਨ ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਚਾਂਸਲਰ, ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਡਾ. ਐਸ. ਐਸ. ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਗਿੱਲ ਦੁਆਰਾ ਇੱਕ ਬਹੁਤ ਵੱਡਾ ਉਪਰਾਲਾ ਇਤਿਹਾਸ ਨੂੰ ਸਾਂਭਣ ਲਈ ਕੀਤਾ ਗਿਆ ਹੈ ਜੋ ਕਿ ਬਿਲਕੁਲ ਨਿਰਪੱਖ ਅਤੇ ਬਿਨਾਂ ਕਿਸੇ ਰਾਜਨੀਤਿਕ ਦਖਲ-ਅੰਦਾਜ਼ੀ ਦੇ ਸਿਰੇ ਚੜ੍ਹਿਆ ਹੈ । ਡਾ. ਜੌਹਲ ਨੇ ਇਸ ਪੁਸਤਕ ਨੂੰ ਇੱਕ ਇਤਿਹਾਸਕ ਦਸਤਾਵੇਜ ਦੱਸ ਕੇ ਸਨਮਾਨਿਆ ਅਤੇ ਕਿਹਾ ਕਿ ਇਸ ਲਈ ਸ. ਗਿੱਲ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਦੇ ਪਾਤਰ ਬਣਦੇ ਹਨ ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਸ. ਗਿੱਲ ਨੇ ਉਸ ਸਮੇਂ ਵਾਪਰੀਆਂ ਪੰਜਾਬ ਦੀਆਂ ਦੁਖਦਾਈ ਘਟਨਾਵਾਂ ਦਾ ਵਰਣਨ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਕੇ ਸਮਾਜ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ । ਉਨ੍ਹਾਂ ਨੇ ਸ. ਗਿੱਲ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ।
ਵਿਸ਼ੇਸ਼ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਡਾ. ਐਸ. ਪੀ. ਸਿੰਘ ਨੇ ਕਿਹਾ ਕਿ ਇਸ ਪੁਸਤਕ ਦੁਆਰਾ ਪੰਜਾਬ ਦੀ ਸੱਚੀ ਅਤੇ ਸੁੱਚੀ ਤਸਵੀਰ ਸਾਹਮਣੇ ਆਉਂਦੀ ਹੈ ।
ਪ੍ਰਮੁੱਖ ਬੁਲਾਰੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਅਤੇ ਪ੍ਰਸਿੱਧ ਸਾਹਿਤਕਾਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਹ ਪੁਸਤਕ ਸ. ਗਿੱਲ ਦੀ ਪੱਤਰਕਾਰੀ ਉਸ ਸਮੇਂ ਵਿੱਚ ਵਾਪਰਨ ਵਾਲੀਆਂ ਦੁਖਦਾਈ ਘਟਨਾਵਾਂ ਦੀ ਵਿਸ਼ੇਸ਼ ਗਵਾਹੀ ਭਰਦੀਆਂ ਹਨ । ਉਨ੍ਹਾਂ ਕਿਹਾ ਕਿ ਇਸ ਪੁਸਤਕ ਨੂੰ ਸ. ਗਿੱਲ ਦੁਆਰਾ ਬੜੇ ਸਹਿਜ ਅਤੇ ਸੰਤੁਲਨ ਨਾਲ ਰਚਿਆ ਗਿਆ ਹੈ ਜਿਸ ਵਿੱਚ ਪੰਜਾਬ ਦੀਆਂ ਰੱਤ ਰੰਗੀਆਂ ਫ਼ਸਲਾਂ, ਜਵਾਨੀਆਂ ਦਾ ਘਾਣ, ਮੌਕਾ ਪ੍ਰਸਤੀ, ਅਨਪੜ੍ਹਤਾ ਅਤੇ ਰਾਜਨੀਤਿਕ ਧੋਖੇਬਾਜ਼ੀ ਆਦਿ ਸਭ ਕੁਝ ਹੀ ਨਜ਼ਰੀਂ ਪੈਂਦਾ ਹੈ ।
ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਸ. ਗੁਰਭਜਨ ਸਿੰਘ ਗਿੱਲ ਨੇ ਸ. ਗਿੱਲ ਦੀ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਸਤਕ ਪੰਜਾਬ ਦੇ ਬੁਰੇ ਦੌਰ ਦੀ ਤਸਵੀਰ ਨੂੰ ਪੂਰੀ ਸ਼ਿੱਦਤ ਨਾਲ ਸਾਹਮਣੇ ਲੈ ਕੇ ਆਉਂਦੀ ਹੈ । ਇਸ ਪੁਸਤਕ ਨੂੰ ਪੰਜਾਬੀ ਵਿੱਚ ਜਲਦੀ ਤੋਂ ਜਲਦੀ ਅਨੁਵਾਦ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਪਾਠਕ ਇਸ ਨੂੰ ਪੜ੍ਹ ਸਕਣ ।
ਸ. ਪੀ.ਪੀ.ਐਸ. ਗਿੱਲ ਨੇ ਇਸ ਸਮਾਰੋਹ ਦਾ ਸਫ਼ਲਤਾਪੂਰਵਕ ਆਯੋਜਨ ਕਰਨ ਲਈ ਪੀਏਯੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਇਤਿਹਾਸਕ ਤੱਤਾਂ ਨੂੰ ਪੂਰੇ ਸਹਿਜ ਅਤੇ ਸੰਤੁਲਨ ਨਾਲ ਬਰਕਰਾਰ ਰੱਖਿਆ ਗਿਆ ਹੈ ।
ਅਪਰ ਨਿਰਦੇਸ਼ਕ ਸੰਚਾਰ ਡਾ. ਜਗਦੀਸ਼ ਕੌਰ ਨੇ ਸਮਾਰੋਹ ਦਾ ਸੰਚਾਲਨ ਬਾਖੂਬੀ ਢੰਗ ਨਾਲ ਨਿਭਾਇਆ ।