ਰਾਏਸਰ (ਬਰਨਾਲਾ) ਦਾ ਜੰਮਪਲ ਇਸੇ ਮਿੱਟੀ ਵਿੱਚ ਪਰਵਾਨ ਚੜ੍ਹਿਆ ਕੂਕਿਆਂ ਦਾ ਮੁੰਡਾ ਸੰਤ ਰਾਮ ਬਚਪਨ ਚ ਗਰੀਬੀ ਨੇ ਰੱਜ ਕੇ ਝੰਬਿਆ ਪਰ ਉਹ ਭੋਰਾ ਨਾ ਝੰਵਿਆਂ।
ਸਿੱਧਾ ਸਤੋਰ ਖੜ੍ਹਾ ਰਿਹਾ। ਸੰਘਰਸ਼ ,ਸਿਦਕ ,ਲੋਕ ਲਹਿਰਾਂ ਦਾ ਜਾਇਆ ਸੰਤ ਰਾਮ ਉਦਾਸੀ ਲੋਕ ਪੱਖੀ ਕਲਮਕਾਰ ਰਿਹਾ।
ਜਦ ਕਮਿਉਨਿਸਟ ਪਾਰਟੀ ਨੇ ਕਾਂਗਰਸ ਨਾਲ ਜੋਟੀ ਪਾ ਲਈ ਤਾਂ ਉਦਾਸੀ ਬੋਲਿਆ,
ਹਨੂਮਾਨ ਲਲਕਾਰੇ ਕਿਹੜੇ ਰਾਵਣ ਨੂੰ,
ਰਾਵਣ ਦੇ ਤਾਂ ਸਾਹਵੇਂ ਰਾਮ ਖਲੋਇਆ ਹੈ।
ਸਾਡਾ ਉਮਰੋਂ ਵੱਡਾ ਬੇਲੀ ਸੀ। ਆੜੀ ਜਿਹਾ ਦਿਲ ਲਗੀਆਂ ਕਰਨ ਵਾਲਾ। ਲਾਜਪਤ ਰਾਇ ਮੈਮੋਰੀਅਲ ਕਾਲਿਜ ਚ ਪੜ੍ਹਾਉਂਦਿਆਂ ਅਸੀਂ ਕਈ ਵਾਰ ਕਵੀ ਦਰਬਾਰਾਂ ਚ ਬੁਲਾਇਆ।
ਮਜ਼ਦੂਰ ਦੀ ਕਲੀ ਉਦਾਸੀ ਨੇ ਪਹਿਲੀ ਵਾਰ ਇਥੇ ਹੀ ਸੁਣਾਈ ਸੀ।
ਤੂੰ ਮਜ਼ਦੂਰ ਤੇ ਤੇਰੀ ਵਿਥਿਆ ਵੀ ਮਜ਼ਦੂਰ ਹੈ,
ਇਹ ਕੋਈ ਗੱਲ ਨਵੀਂ ਨਾ ਤੇਰੇ ਸੁਣਨ ਸੁਨਾਉਣ ਨੂੰ।
ਜਦ ਤੂੰ ਬਾਲਮੀਕਿ ਸੀ ਪਹਿਲੀ ਕਵਿਤਾ ਤੂੰ ਲਿਖ'ਤੀ,
ਵਿਹਲੜ ਭੜੂਵਿਆਂ ਦੇ ਤੂੰ ਐਵੇਂ ਚਿੱਤ ਪਰਚਾਉਣ ਨੂੰ।
ਤੇਰੇ ਮਿੱਠੂ ਦੀ ਤਾਂ ਜਾਏ ਤੜਾਗੀ ਢਿਲਕਦੀ,
ਵਹੁਟੀ ਤੇਰੀ ਜਾਂਦੀ ਬੰਗਲੀਂ ਬਾਲ ਖਿਡਾਉਣ ਨੂੰ।
ਤੇਰੇ ਸਾਈਕਲ ਦੀ ਤਾਂ ਓਹੀ ਢਿਚਕੂੰ ਢਿਚਕੂੰ ਹੈ,
ਹੈਂ ਤੂੰ ਬਹੁਕਰ ਫਿਰਦੈਂ ਕਿਓਂ ਬੰਦਾ ਅਖਵਾਉਣ ਨੂੰ।
ਸੰਤ ਰਾਮ ਉਦਾਸੀ ਵਿਸ਼ਵ ਅਮਨ ਦਾ ਪਹਿਰੂਆ ਸੀ। ਮਾਰੂ ਹਥਿਆਰਾਂ ਦੀ ਦੌੜ ਦੇ ਨੰਗ ਨਮੂਜ ਨੂੰ ਸਮਝਣ ਵਾਲਾ। ਇਹ ਵੀ ਜਾਣਦਾ ਸੀ ਅਮਨ ਦਾ ਨਾਅਰਾ ਵੇਚਣ ਵਾਲੇ ਵੀ ਦਿਆਨਤਦਾਰ ਨਹੀਂ।
ਤਾਂ ਹੀ ਤਾਂ ਕਹਿੰਦਾ ਹੈ
ਅਜੇ ਤਾਂ ਹਿੰਸਾ ਖੁੱਲੀ ਚਰਦੀ,
ਵਿਸ਼ਵ ਅਮਨ ਦੇ ਨਾਅਰੇ ਥੱਲੇ।
ਅਜੇ ਹੈ ਦੁਨੀਆ ਨਰਕ ਭੋਗਦੀ,
ਜੱਨਤ ਦੇ ਇਕ ਲਾਰੇ ਥੱਲੇ।
ਅਜੇ ਨਾ ਕਾਲੇ ਬੱਦਲਾਂ ਵਿਚੋਂ,
ਚਮਕੀ ਕੋਈ ਕਿਰਨ ਸੁਨਹਿਰੀ।
ਭਾਵੇਂ ਮੰਤਰ ਯਾਦ ਅਸਾਡੇ,
ਅਜੇ ਕੀਲਣੀ ਸੱਪਣੀ ਜ਼ਹਿਰੀ।
ਅਜੇ ਅਸੀਂ ਹੈ ਰੱਬ ਨੂੰ ਦੱਸਣਾ,
ਉਹ ਜਨਤਾ ਤੋਂ ਮਾੜਾ ਏ।
ਅਜੇ ਨਾ "ਹੂਟਰ" ਵੱਜਿਆ ਸਾਥਿਓ,
ਅਜੇ ਹਨੇਰਾ ਗਾੜਾ ਏ..
ਸੰਤ ਰਾਮ ਉਦਾਸੀ ਦੇ ਗੀਤਾਂ ਨੂੰ ਇਨਕਲਾਬੀ ਸੁਰ ਵਾਲੇ ਮੇਲਿਆਂ ਤੋਂ ਬਿਨਾ ਵੀ ਗਾਇਆ ਜਾਂਦਾ ਹੈ।
ਉਸ ਦੀ ਆਵਾਜ਼ ਚ ਕੈਨੇਡਾ ਦੇ ਅਗਾਂਹਵਧੂ ਦੋਸਤਾਂ ਦੀ ਜਥੇਬੰਦੀ ਨੇ ਇੱਕ ਐੱਲ ਪੀ ਰੀਕਾਰਡ ਕਰਕੇ ਲੋਕ ਅਰਪਨ ਕੀਤਾ। ਯੂ ਟਿਉਬ ਚੋਂ ਤੁਸੀਂ ਵੀ ਸੁਣ ਸਕਦੇ ਹੋ।
ਸ: ਜਗਦੇਵ ਸਿੰਘ ਜੱਸੋਵਾਲ ਉਸ ਦੇ ਬੜੇ ਕਦਰਦਾਨ ਸਨ। 1983 ਚ ਉਸ ਨੂੰ ਪੰਜਾਬੀ ਭਵਨ ਲੁਧਿਆਣਾ ਚ ਬੁਲਾ ਕੇ ਸਿੱਕਿਆਂ ਨਾਲ ਤੋਲਿਆ।
ਬੇਕਦਰਿਆਂ ਨੇ ਕਿਹਾ, ਉਦਾਸੀ ਵਿਕ ਗਿਆ। ਉਹ ਰੱਜ ਕੇ ਰੋਇਆ।
ਸ਼ਿਬਲੀਆਂ ਨੇ ਫੁੱਲ ਕਿਓ ਂ ਮਾਰੇ?
ਸੰਤ ਰਾਮ ਉਦਾਸੀ ਦੇ ਗੀਤ ਕਦੇ ਤਿੰਨ ਕੈਸਿਟਾਂ ਚ ਜਰਨੈਲ ਘੁਮਾਣ ਨੇ ਸ਼ਿੰਗਾਰਾ ਸਿੰਘ ਚਾਹਲ(ਸੰਗਰੂਰ) ਦੀ ਆਵਾਜ਼ ਚ ਰੀਲੀਜ਼ ਕੀਤੇ ਸਨ।
ਜਸਬੀਰ ਜੱਸੀ ਨੇ ਵੀ
ਤੂੰ ਮਘਦਾ ਰਹੀਂ ਵੇ ਸੂਰਜਾ
ਕੰਮੀਆਂ ਦੇ ਵਿਹੜੇ
ਗਾਇਆ ਸੀ। ਉਸ ਦੀਆਂ ਧੀਆਂ ਇਕਬਾਲ, ਕੀਰਤਨ ਤੋਂ ਇਲਾਵਾ ਪੁੱਤਰ ਮੋਹਕਮ ਉਦਾਸੀ ਵੀ ਉਸ ਦੇ ਗੀਤ ਗਾਉਂਦਾ ਹੈ। ਮੋਹਕਮ ਦੀ ਆਵਾਜ਼ ਚ ਰੀਕਾਰਡ ਹੋਈ ਕੈਸਿਟ ਚ ਤਾਂ ਭੂਮਿਕਾ ਵੀ ਮੇਰੀ ਆਵਾਜ਼ ਚ ਹੈ।
ਉਦਾਸੀ ਦੀ ਸ਼ਾਇਰੀ ਪਹਿਲੀ ਵਾਰ ਰਾਜਿੰਦਰ ਰਾਹੀ ਨੇ ਸੰਪਾਦਿਤ ਕੀਤੀ ਸੀ, ਓਹੀ ਰਾਹੀ ਜੋ ਹੁਣ ਰਾਜਵਿੰਦਰ ਸਿੰਘ ਹੋ ਗਿਆ ਹੈ। ਵੱਡਾ ਕੰਮ ਕਰ ਗਿਆ।
ਨਵਾਂ ਸ਼ਹਿਰ ਵਾਲਾ ਮੇਰਾ ਨਿੱਕੜਾ ਵੀਰ ਅਜਮੇਰ ਸਿੱਧੂ ਉਦਾਸੀ ਬਾਰੇ ਵੱਡ ਆਕਾਰੀ ਸਿਮਰਤੀ ਗਰੰਥ ਤਿਆਰ ਕਰ ਰਿਹਾ ਹੈ।
ਆਖਰੀ ਸਵਾਸਾਂ ਵੇਲੇ ਉਦਾਸੀ ਕੋਲ ਡਾ: ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਸਨ।
ਲੁਧਿਆਣਾ ਚ ਰਵੀ ਦੀਪ ਤੇ ਜਗਸ਼ਰਨ ਸਿੰਘ ਛੀਨਾ ਹਰ ਸਾਲ ਸਮਾਗਮ ਕਰਦੇ ਨੇ।
ਉਦਾਸੀ ਸਾਡੀ ਜ਼ਬਾਨ ਦਾ ਸੂਰਮਾ ਕਵੀ ਸੀ। ਲੋਕ ਜ਼ਬਾਨ ਦਾ ਅੰਤਰ ਭੇਤੀ।
ਸਲਾਮ! ਸਲਾਮ! ਸੰਤ ਰਾਮਾ।
ਗੁਰਭਜਨ ਗਿੱਲ
ਲੇਖਕ
gurbhajansinghgill@gmail.com
9872631199