ਚੰਡੀਗੜ੍ਹ, 8 ਅਪ੍ਰੈਲ, 2017 : ਸਾਰਾਗੜ੍ਹੀ ਦੀ ਲੜਾਈ ਦੀ ਮਹਾਨਤਾ ਨੂੰ ਲਾਜਵਾਬ ਢੰਗ ਨਾਲ ਦਰਸਾਉਣ ਵਾਲੀ ਕਿਤਾਬ ਦੀ ਅੱਜ ਇੱਥੇ ਹੋਈ ਘੁੰਡ ਚੁਕਾਈ ਵੀ ਉਨ੍ਹੀਂ ਹੀ ਲਾਜਵਾਬ ਰਹੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਅਨੇਕਾਂ ਸੀਨੀਅਰ ਫੌਜੀ ਅਫਸਰਾਂ ਅਤੇ ਸਿਆਸੀ ਤੇ ਮੀਡੀਆ ਜਗਤ ਦੀਆਂ ਅਹਿਮ ਹਸਤੀਆਂ ਦੀ ਹਾਜ਼ਰੀ ਵਿੱਚ ਆਪਣੀ ਨਵੀਂ ਅਤੇ ਕਲਾਤਮਕ ਕਿਤਾਬ 'ਦਾ ਥਰਟੀਸਿਕਥ ਸਿੱਖਸ ਇਨ ਦਾ ਤਿਰਾਹ ਕੈਂਪੇਨ 1897-98-ਸਾਰਾਗੜ੍ਹੀ ਐਂਡ ਦਾ ਡਿਫੈਂਸ ਆਫ਼ ਦਾ ਸਮਾਣਾ ਫੋਰਟ' ਲੋਕ ਅਰਪਿਤ ਕੀਤੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਰਾਜਪਾਲ ਸ੍ਰੀ ਬਦਨੌਰ, ਜਿਨ੍ਹਾਂ ਸਨਮਾਨਿਤ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ, ਨੂੰ ਇਹ ਕਿਤਾਬ ਭੇਟ ਕੀਤੀ ਗਈ। ਇਸ ਮੌਕੇ ਵਿਚਾਰ ਚਰਚਾ ਵੀ ਹੋਈ ਜਿਸ ਦੌਰਾਨ ਸੀਨੀਅਰ ਪੱਤਰਕਾਰਾਂ ਸ੍ਰੀ ਸ਼ੇਖਰ ਗੁਪਤਾ ਅਤੇ ਸ੍ਰੀ ਵੀਰ ਸਾਂਗਵੀ, ਸਿੱਖ ਰੈਜੀਮੈਂਟ ਦੇ ਬ੍ਰਿਗੇਡੀਅਰ ਇੰਦਰਜੀਤ ਸਿੰਘ ਗਾਖਲ ਅਤੇ ਸਾਰਗੜ੍ਹੀ ਦੇ ਯੁੱਧ 'ਤੇ ਆਧਾਰਤ ਨਵੀਂ ਆ ਰਹੀ ਫਿਲਮ ਦੇ ਅਦਾਕਾਰ ਸ੍ਰੀ ਰਣਦੀਪ ਹੁੱਡਾ ਨੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ, ਰਾਜਪਾਲ ਸ੍ਰੀ ਬਦਨੌਰ ਨੇ ਪੰਜਾਬ ਸਰਕਾਰ ਨੂੰ 'ਰੱਖਿਆ ਅਤੇ ਜੰਗ' ਦੇ ਵਿਸ਼ੇ 'ਤੇ ਚੰਡੀਗੜ੍ਹ ਵਿੱਚ ਸਾਹਿਤਕ ਮੇਲਾ ਕਰਵਾਉਣ ਦੇ ਸੁਝਾਅ ਦਿੱਤਾ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਸਵੀਕਾਰ ਕਰਦਿਆਂ ਪਹਿਲਾ ਅਜਿਹਾ ਮੇਲਾ ਕਰਵਾਉਣ ਲਈ 27 ਅਕਤੂਬਰ ਦੀ ਸੰਭਾਵਤ ਤਾਰੀਕ ਵਜੋਂ ਐਲਾਨ ਕੀਤਾ।
ਇਸ ਉਪਰੰਤ ਰਾਜਪਾਲ ਸ੍ਰੀ ਬਦਨੌਰ ਵੱਲੋਂ ਸਿੱਖ ਰੈਜੀਮੈਂਟ ਦੇ ਜਨਰਲ ਕਮਾਂਡਿੰਗ ਇਨ ਚੀਫ ਲੈਫ. ਜਨਰਲ ਸੁਰਿੰਦਰ ਸਿੰਘ, ਆਰਮੀ ਸਟਾਫ ਦੇ ਡਿਪਟੀ ਚੀਫ ਲੈਫ. ਜਨਰਲ ਜੇ.ਐਸ. ਚੀਮਾ ਅਤੇ ਸਮਾਗਮ ਵਿੱਚ ਹਾਜਰ ਹੋਰਨਾਂ ਸੀਨੀਅਰ ਫੌਜੀ ਅਧਿਕਾਰੀਆਂ ਅਤੇ ਅਹਿਮ ਹਸਤੀਆਂ ਨੂੰ ਅੱਜ ਲੋਕ ਅਰਪਿਤ ਕੀਤੀ ਗਈ ਕਿਤਾਬ ਦੇ ਨਾਲ ਤਸਵੀਰ ਭੇਟ ਕੀਤੀ। ਉਨ੍ਹਾਂ ਵੱਲੋਂ ਸਿੱਖ ਰੈਜੀਮੈਂਟ ਦੇ ਕਰਨਲ ਨੂੰ ਸਾਰਾਗੜੀ ਨਾਲ ਸਬੰਧਤ 2 ਪੇਂਟਿੰਗ ਵੀ ਭੇਟ ਕੀਤੀਆਂ ਗਈਆਂ।
ਭਾਰਤ ਦੇ ਫੌਜੀ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਇੱਕ ਅਹਿਮ ਸਥਾਨ ਰੱਖਦੀ ਹੈ ਅਤੇ ਇਸ ਇਤਿਹਾਸਕ 36ਵੀਂ ਸਿੱਖ ਰੈਜੀਮੈਂਟ ਨਾਲ ਸਬੰਧ ਰੱਖਣ ਵਾਲੇ ਫੌਜੀ ਇਤਿਹਾਸਕਾਰ ਅਤੇ ਸਾਬਕਾ ਫੌਜੀ ਅਫਸਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਲੜਾਈ ਨੂੰ ਦਰਸਾਉਣ ਲਈ ਵਰਤੀ ਗਈ ਸ਼ਬਦਾਵਲੀ ਨੇ ਇਸ ਵਿੱਚ ਹੋਰ ਵੀਰ ਰਸ ਭਰ ਦਿੱਤਾ ਹੈ।
ਇਹ ਕਿਤਾਬ 36 ਸਿੱਖ ਰੈਜੀਮੈਂਟ ਦੇ ਉਨ੍ਹਾਂ ਬਹਾਦਰ 21 ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਹੈ ਜਿਨ੍ਹਾਂ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਇੱਕ ਅਜਿਹੀ ਜੰਗ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ ਜੋ ਅੱਜ ਤੱਕ ਦੇ ਯੁੱਧਾਂ ਵਿੱਚ ਮਹਾਨ ਸਥਾਨ ਰੱਖਦੀ ਹੈ। ਇਹ ਕਿਤਾਬ ਖਾਸਕਰ ਸਮਰਪਿਤ ਹੈ ਉਸ ਬਹਾਦਰ ਨੂੰ ਜਿਸ ਨੂੰ 'ਦਾਦ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਜਿਸ ਨੇ ਜੰਗ ਦੀ ਅਖੀਰਲੇ ਪਲਾਂ ਦੌਰਾਨ ਸ਼ਹੀਦ ਹੋਣ ਤੋਂ ਪਹਿਲਾਂ ਸੂਰਮਿਆਂ ਵਾਂਗ ਜੂਝਦਿਆਂ ਕਈ ਕਬਾਇਲੀ ਹਮਲਾਵਰਾਂ ਨੂੰ ਮੌਤ ਦੀ ਘਾਟ ਉਤਾਰਿਆ। ਕਿਤਾਬ ਦੇ ਲੋਕ ਅਰਪਣ ਦੌਰਾਨ ਸ੍ਰੀ ਰਣਦੀਪ ਹੁੱਡਾ ਨੇ ਸਾਰਗੜ੍ਹੀ ਦੀ ਲੜਾਈ 'ਤੇ ਆਧਾਰਤ ਫਿਲਮ ਵਿੱਚ ਹਵਲਦਾਰ ਈਸ਼ਰ ਸਿੰਘ ਦੀ ਭੂਮਿਕਾ ਨੂੰ ਮੂਰਤੀਮਾਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਭਾਵੁਕ ਹੁੰਦਿਆਂ ਆਖਿਆ ਕਿ ਇਹ ਇਕ ਅਣਕਹੀ ਕਹਾਣੀ ਸੀ ਜੋ ਬਹੁਤ ਚਿਰ ਤੋਂ ਆਪਣੇ ਕਹਾਣੀਕਾਰ ਨੂੰ ਉਡੀਕ ਰਹੀ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਰਾਗੜ੍ਹੀ ਦੀ ਲੜਾਈ ਬਾਰੇ ਬਹੁਤ ਸਾਰੀਆਂ ਕਿਤਾਬਾਂ ਤੇ ਲੇਖ ਲਿਖੇ ਗਏ ਹਨ ਪਰ ਤਿਰਾਹ ਮੁਹਿੰਮ ਮੁਕੰਮਲ ਤੌਰ 'ਤੇ ਬਿਆਨ ਹੋਣ ਤੋਂ ਵਾਂਝੀ ਹੀ ਰਹਿ ਗਈ। ''ਮੈਂ ਤਿਰਾਹ ਦੀ ਕਹਾਣੀ ਸਾਂਝੀ ਕਰਨੀ ਚਾਹੁੰਦਾ ਸਾਂ ਅਤੇ ਖਾਸ ਕਰਕੇ 'ਦਾਦ' ਦੀ-ਉਹ 22ਵਾਂ ਵਿਅਕਤੀ ਜਿਸ ਦੇ ਨਾਂਅ ਤੇ ਧਰਮ ਤੋਂ ਹੁਣ ਤੱਕ ਸਾਰੇ ਅਣਜਾਣ ਹਨ ਅਤੇ ਜਿਸ ਦੇ ਪਿਛੋਕੜ ਬਾਰੇ ਵੀ ਹੁਣ ਤੱਕ ਇਸ ਤੋਂ ਵੱਧ ਕੁਝ ਸਾਫ ਨਹੀਂ ਹੋ ਸਕਿਆ ਕਿ ਉਹ ਨੌਸ਼ਹਿਰਾ ਨੇੜੇ ਦਾ ਸੀ।''
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਇਹ ਕਿਤਾਬ ਉਸ 22ਵੇਂ ਵਿਅਕਤੀ ਨੂੰ ਉਭਾਰਨ ਲਈ ਇਕ ਨਿਮਾਣਾ ਜਿਹਾ ਯਤਨ ਹੈ ਜੋ ਅਫਗਾਨ ਹਮਲਾਵਰਾਂ ਵਿਰੁੱਧ ਲੜਨ ਵਾਲੇ ਹੋਰਨਾਂ 21 ਫੌਜੀਆਂ ਵਾਂਗ ਕਦੇ ਵੀ ਬਣਦਾ ਸਨਮਾਨ ਨਹੀਂ ਹਾਸਲ ਕਰ ਸਕਿਆ।
ਇਕ ਹਾਜ਼ਰੀਨ ਵੱਲੋਂ ਕੀਤੀ ਗਈ ਅਪੀਲ 'ਤੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਹਵਲਦਾਰ ਈਸ਼ਰ ਸਿੰਘ ਅਤੇ ਦੇਸ਼ ਖਾਤਰ ਜਾਨ ਵਾਰਨ ਵਾਲੇ ਹੋਰਨਾਂ ਫੌਜੀਆਂ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡਾਂ ਵਿੱਚ ਹੀ ਯਾਦਗਾਰਾਂ ਸਥਾਪਤ ਕੀਤੀਆਂ ਜਾਣਗੀਆਂ।
ਵਿਚਾਰ ਚਰਚਾ ਦੌਰਾਨ ਮਾਹਿਰਾਂ ਵੱਲੋਂ ਇਸ ਇਤਿਹਾਸਕ ਲੜਾਈ ਦੇ ਬਹੁਤ ਸਾਰੇ ਤੱਥਾਂ 'ਤੇ ਚਰਚਾ ਕੀਤੀ ਗਈ ਜਿਸ ਵਿੱਚ ਇਹ ਵੀ ਸ਼ਾਮਲ ਸੀ ਕਿ ਕਿਸ ਤਰ੍ਹਾਂ ਜਦੋਂ ਵਿਅਕਤੀ ਨੂੰ ਧੱਕ ਕੇ ਕੰਧ ਨਾਲ ਲਾ ਲਿਆ ਜਾਂਦਾ ਹੈ ਤਾਂ ਉਹ ਮਨੁੱਖੀ ਸਮਰਥਾ ਤੋਂ ਕਿਤੇ ਵੱਧ ਤਾਕਤ ਨਾਲ ਕੁਝ ਕਰ ਗੁਜ਼ਰਦਾ ਹੈ।
ਸ਼ੇਖਰ ਗੁਪਤਾ ਨੇ ਕਿਹਾ ਕਿ ਇਹ ਵੀ ਮੰਦਭਾਗਾ ਹੈ ਕਿ ਲੋਕਾਂ ਵੱਲੋਂ ਅਜਿਹੀਆਂ ਗਥਾਵਾਂ ਦੇ ਗੁਣਗਾਣ ਨੂੰ ਉਦੋਂ ਹੀ ਮਾਣਿਆ ਜਾਂਦਾ ਹੈ, ਜਦੋਂ ਇਹ ਉਨ੍ਹਾਂ ਦੇ ਹੱਕ ਵਿੱਚ ਭੁਗਤਦੀਆਂ ਹਨ। ਉਨ੍ਹਾਂ ਕਿਹਾ ਕਿ ਅਸਲ ਸਮੱਸਿਆ ਕਬਾਇਲੀਆਂ ਵਿੱਚ ਪੀੜੀ ਦਰ ਪੀੜੀ ਚੱਲਿਆ ਆ ਰਿਹਾ ਖੁਦਮੁਖਤਿਆਰ ਸ਼ਾਸਨ ਹੈ ਜਿਸ ਨੂੰ ਸਮੇਂ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਸਮੇਤ ਹੋਰਨਾਂ ਦੇਸ਼ਾਂ ਦੀਆਂ ਰੱਖਿਆ ਸੈਨਾਵਾਂ ਤੋਂ ਵੱਧ ਹਥਿਆਰ ਰੱਖਣ ਵਾਲੇ ਅਫਗਾਨਿਸਤਾਨੀ ਤੇ ਪਾਕਿਸਤਾਨੀ ਲੋਕਾਂ ਅੰਦਰ ਪ੍ਰਚਲਿਤ ਗੰਨ ਕਲਚਰ ਦਾ ਅੰਤ ਕੀਤਾ ਜਾਣਾ ਚਾਹੀਦਾ ਹੈ।
ਸਾਰਾਗੜ੍ਹੀ ਜੰਗ ਦੇ 120ਵੇਂ ਸਾਲ ਦੌਰਾਨ ਲੋਕ ਅਰਪਿਤ ਕੀਤੀ ਗਈ ਇਸ ਕਿਤਾਬ ਦੀ ਕਮਾਈ ਅੰਗਹੀਣ ਸੈਨਿਕਾਂ, ਬੇਸਹਾਰਾ ਅਤੇ ਵਿਧਵਾਵਾਂ ਲਈ ਕੰਮ ਕਰ ਰਹੀ ਲੁਧਿਆਣਾ ਵੈਲਫੇਅਰ ਐਸੋਸੀਏਸ਼ਨ ਕੋਲ ਜਾਵੇਗੀ।
ਚੋਣ ਮੁਹਿੰਮ ਦੀ ਸਿਖਰ ਦੌਰਾਨ ਇਹ ਕਿਤਾਬ ਲਿਖਣ ਵਾਲੇ ਮੁੱਖ ਮੰਤਰੀ ਨੇ ਇਸ ਮੌਕੇ ਤੀਰਾਹ ਮੁਹਿੰਮ ਨੂੰ ਜੀਵਤ ਕਰਨ ਵਾਲੀ ਇਕ ਪੇਸ਼ਕਾਰੀ ਦੌਰਾਨ ਹੋਟਲ ਲਲਿਤ ਵਿੱਚ ਮੌਜੂਦ ਹਾਜ਼ਰੀਨ ਨੂੰ ਜੰਗ ਦੀਆਂ ਬਹੁਤ ਹੀ ਭਾਵੁਕ ਅਤੇ ਦਿਲਕਸ਼ ਘਟਨਾਵਾਂ ਬਾਰੇ ਜਾਣੂੰ ਕਰਵਾਇਆ।
ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਸ਼ਬਦਾਂ ਵਿੱਚ ਕਹੀਏ ਤਾਂ ਇਹ ਗਾਥਾ 36ਵੀਂ ਸਿੱਖ ਰੈਜੀਮੈਂਟ ਦੀਆਂ ਮਹਾਨ ਪ੍ਰਾਪਤੀ ਰਹੀ ਹੈ, ਅਜਿਹੀ ਪ੍ਰਾਪਤੀ ਕਿ ਜਿਸ ਨੇ ਬਟਾਲੀਅਨ ਦੇ ਆਉਣ ਵਾਲੇ ਫੌਜੀਆਂ ਲਈ ਇਕ ਮੀਲ ਪੱਥਰ ਕਾਇਮ ਕੀਤਾ। ਸਾਰਾਗੜ੍ਹੀ ਅਫਗਾਨਿਸਤਾਨ ਦੀ ਸਰਹੱਦ 'ਤੇ ਮੌਜੂਦ ਇਕ ਅਜਿਹੀ ਚੌਕੀ ਸੀ ਜੋ ਬਰਤਾਨਵੀ ਭਾਰਤ ਦੇ ਕਿਲੇ ਲੌਕਹਾਰਟ ਅਤੇ ਗੁਲਿਸਤਾਨ ਨੂੰ ਜੋੜਦੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਗਾਥਾ ਦਾ ਵਰਨਣ ਕਰਦਿਆਂ ਅੱਗੇ ਕਿਹਾ ਕਿ 36ਵੀਂ ਸਿੱਖ ਰੈਜੀਮੈਂਟ ਦੀ ਇਕ ਛੋਟੀ ਜਿਹੀ ਟੁਕੜੀ ਨੇ 12 ਸਤੰਬਰ, 1897 ਨੂੰ 8000 ਕਬਾਇਲੀਆਂ ਵਿਰੁੱਧ ਇਕ ਗਹਿਗੱਚ ਲੜਾਈ ਲੜੀ। ਇਸ ਕਿਤਾਬ ਮੁਤਾਬਕ ''ਇਨ੍ਹਾਂ ਬਹਾਦਰ ਸੈਨਿਕਾਂ ਨੇ ਛੇ ਘੰਟੇ 45 ਮਿੰਟ ਦੀ ਲੜਾਈ ਲੜਦਿਆਂ ਹਥਿਆਰ ਸੁੱਟਣ ਦੀ ਜਗ੍ਹਾ ਮੌਤ ਨੂੰ ਤਰਜੀਹ ਦਿੱਤੀ ਅਤੇ ਆਖਰ 22 ਦੇ 22 ਯੋਧੇ ਸ਼ਹੀਦ ਹੋ ਗਏ।''
ਬਹੁਤ ਸਾਰੀਆਂ ਅਸਲ ਅਤੇ ਪੁਨਰ-ਸੁਰਜੀਤ ਕੀਤੀਆਂ ਗਈਆਂ ਫੋਟੋਆਂ ਪਾਠਕ ਦੀਆਂ ਅੱਖਾਂ ਅੱਗੇ ਕਹਾਣੀ ਦਾ ਪੂਰੀ ਤਰ੍ਹਾਂ ਚਿਤਰਣ ਕਰਦੀਆਂ ਹਨ। ਇਹ ਪੁਸਤਕ ਪਾਠਕ ਨੂੰ ਉਸ ਸਮੇਂ ਦੀਆਂ ਰੋਚਕ ਘਟਨਾਵਾਂ ਨਾਲ ਕੀਲਦੀ ਹੈ ਅਤੇ ਉਨ੍ਹਾਂ ਦਾ ਪ੍ਰਗਟਾਵਾ ਅਤੇ ਵਿਵਰਣ ਕਰਦੀ ਹੈ। ਇਹ ਪੁਸਤਕ ਇਤਿਹਾਕ ਸਾਰਾਗੜ੍ਹੀ ਦੀ ਜੰਗ ਨੂੰ ਹੂ-ਬਹੂ ਪਾਠਕ ਦੀਆਂ ਅੱਖਾਂ ਸਾਹਮਣੇ ਚਿਤਰ ਦਿੰਦੀ ਹੈ ਅਤੇ ਉਸ ਸਮੇਂ ਦੇ ਹਥਿਆਰਾਂ ਅਤੇ ਨਕਸ਼ਿਆਂ ਦੀ ਡੂੰਘੀ ਜਾਣਕਾਰੀ ਦਿੰਦੀ ਹੈ ਜਿਸ ਕਰਕੇ ਪਾਠਕ ਇਸ ਪੁਸਤਕ ਨਾਲ ਨੇੜਿਓਂ ਜੁੜਿਆ ਮਹਿਸੂਸ ਕਰਦਾ ਹੈ।
ਕਾਨੂੰਨੀ ਇਕਸਾਰਤਾ ਦੀ ਕਮੀ ਕਾਰਨ 'ਦਾਦ' ਨੂੰ ਅਫਗਾਨ ਕਬਾਇਲੀਆਂ ਨਾਲ ਜੰਗ ਵਿੱਚ ਆਪਣੀ ਜਾਨ ਨਿਸ਼ਾਵਰ ਕਰਨ ਵਾਲੇ ਦੂਜੇ ਇੱਕੀ ਯੋਧਿਆਂ ਵਾਂਗ ਸਨਮਾਨ ਨਹੀਂ ਮਿਲਆ ਅਤੇ ਉਹ ਸਮੇਂ ਦੇ ਵਹਾਅ ਵਿੱਚ ਵਹਿ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਿਤਾਬ ਉਸ ਸਮੇਂ ਦੇ ਸੰਦਰਭ ਨੂੰ ਪੇਸ਼ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ। ਵਿਚਾਰ ਚਰਚਾ ਦੌਰਾਨ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਉਹ ਇਸ ਪੁਸਤਕ ਤੋਂ ਬਾਅਦ ਬੰਗਲਾਦੇਸ਼ ਦੀ ਜੰਗ ਅਤੇ ਪਿਛਲੇ 50 ਵਰ੍ਹਿਆਂ ਦੀਆਂ ਪੰਜਾਬ ਦੀਆਂ ਹਾਲਤਾਂ ਬਾਰੇ ਵੀ ਲਿਖਣਾ ਚਾਹੁੰਦੇ ਹਨ।
ਇਹ ਪੁਸਤਕ ਅੰਤ ਵਿੱਚ ਸਿੱਖ ਰੈਜੀਮੈਂਟ ਦੀ 8ਵੀਂ ਬਟਾਲੀਅਨ ਦੇ ਫੌਜੀਆਂ ਵੱਲੋਂ ਆਪਣੀ ਆਖਰੀ ਚੌਂਕੀ ਖੁਸਣ ਤੋਂ ਪਹਿਲਾਂ ਦਸਵੇਂ ਗੁਰੂ ਸਾਹਿਬ ਜੀ ਦੇ ਲਾਏ ਗਏ ਜੈਕਾਰਿਆਂ ਦਾ ਚਿਤਰਣ ਕਰਦੀ ਹੈ। ਸਾਰਾਗੜ੍ਹੀ ਯਾਦਗਾਰ ਦੀ ਦੇਖ ਰੇਖ ਕਰਨ ਵਾਲੇ ਮੇਜਰ ਜਨਰਲ ਤਰਲੋਚਨ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰਾਗੜ੍ਹੀ ਦੀ ਜੰਗ ਬਾਰੇ ਪੁਸਤਕ ਲਿਖਣ ਦੇ ਸਾਹਸ ਭਰੇ ਕਾਰਜ ਦੀ ਪ੍ਰਸੰਸ਼ਾ ਕੀਤੀ।