ਸਵਿੰਦਰ ਸਿੰਘ ਛਿੰਦਾ ਦਾ ਪਲੇਠਾ ਨਾਵਲ ਹਵਾਲਾਤ
ਲੁਧਿਆਣਾ, 1 ਸਤੰਬਰ 2021 - ਅੱਜ ਦੀ ਡਾਕ ਵਿੱਚ ਹਵਾਲਾਤ ਨਾਵਲ ਮਿਲਿਆ ਹੈ। ਜਗਰਾਉਂ ਨੇੜੇ ਪਿੰਡ ਦੇਹੜਕਾ ਨਿਵਾਸੀ ਜਸਵਿੰਦਰ ਛਿੰਦਾ ਦਾ ਲਿਖਿਆ ਹੋਇਆ।
ਇਸ ਬਾਰੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਤੇ ਪ੍ਰਿੰਸੀਪਲ ਗੁਰਦੇਵ ਸਿੰਘ ਸੰਦੌੜ ਨੇ ਟਿਪਣੀਆਂ ਲਿਖੀਆਂ ਹਨ। ਛਿੰਦਾ ਦੱਸਦਾ ਹੈ ਕਿ ਪੰਜਾਬ ਦੇ ਕਾਲ਼ੇ ਦਿਨਾਂ ਦਾ ਸੇਕ ਉਸ ਨੇ ਵੀ 29 ਦਿਨ ਪੁਲਿਸ ਹਿਰਾਸਤ ਦੌਰਾਨ ਜਬਰ ਸਹਿੰਦਿਆਂ ਹੰਢਾਇਆ। ਉਸ ਦਾ ਵੀਰ ਰੂਪ ਸਿੰਘ ਝੂਠੇ ਪੁਲਿਸ ਮੁਕਾਬਲੇ ਨੇ ਡਕਾਰ ਲਿਆ।
ਬਿਰਧ ਮਾਪਿਆਂ ਲਈ ਸੰਤਾਪ ਪਿੱਛੇ ਰਹਿ ਗਿਆ।
ਇਹ ਨਾਵਲ ਉਸ ਪੀੜ ਦੀ ਗਾਥਾ ਹੈ ਜੋ ਪੰਜਾਬ ਨੇ ਪਿੰਡੇ ਤੇ ਹੰਢਾਇਆ। ਰਾਮ ਸਿੰਘ ਪੀ ਸੀ ਐੱਸ ਨੇ ਵੀ ਇਸ ਨਾਵਲ ਨੂੰ ਪੜ੍ਹ ਕੇ ਕਿਹਾ, ਇਹ ਅੱਖਰ ਅੱਖਰ ਛਪਣਯੋਗ ਰਚਨਾ ਹੈ, ਮੈਂ ਸੋਧ ਕਿਵੇਂ ਸੁਝਾਵਾਂ।
ਕੈਫ਼ੇ ਵਰਲਡ ਜਲੰਧਰ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ। ਸ਼ਬਦ ਜੋੜ ਸੋਧਾਂ ਦੀ ਜ਼ਰੂਰਤ ਹੈ, ਸੈਟਿੰਗ ਵੀ ਬਹੁਤੀ ਪ੍ਰਭਾਵਸ਼ਾਲੀ ਨਹੀਂ, ਪਰ ਜਿੰਨੇ ਕੁ ਪੰਨੇ ਮੈਂ ਪੜ੍ਹੇ ਹਨ ਉਹ ਤੁਹਾਨੂੰ ਆਪਣੇ ਦਰਦ ਦੀ ਵਾਰਤਾ ਸੁਣਾਉਂਦੇ ਪ੍ਰਤੀਤ ਹੁੰਦੇ ਹਨ।
ਜਗਰਾਉਂ ਇਲਾਕੇ ਨਾਲ ਮੇਰੀ ਖ਼ਾਸ ਉਣਸ ਹੈ ਕਿਉਂਕਿ ਇਥੇ 1977-1983 ਦਰਮਿਆਨ ਲਾਜਪਤ ਰਾਏ ਕਾਲਿਜ ਚ ਪੜ੍ਹਾਉਂਦਾ ਰਿਹਾ ਹਾਂ। ਦੇਹੜਕੇ ਦੇ ਕਈ ਨੌਜਵਾਨ ਮੇਰੇ ਵਿਦਿਆਰਥੀ ਰਹੇ ਹਨ।
ਜਸਵਿੰਦਰ ਤਾਂ ਮਗਰੋਂ ਜਵਾਨ ਹੋਇਆ ਹੈ। ਸ਼ਬਦ ਸਭਿਆਚਾਰ ਲਈ ਉਸ ਨੇ ਆਪਣੇ ਨਿਜੀ ਦਰਦ ਨੂੰ ਜ਼ਬਾਨ ਦਿੱਤੀ ਹੈ, ਇਹ ਸ਼ੁਭ ਸ਼ਗਨ ਹੈ।
ਰਸਵੰਤੀ ਭਾਸ਼ਾ ਇਸ ਨਾਵਲ ਦੀ ਸ਼ਕਤੀ ਹੈ। ਇਹ ਸ਼ਕਤੀ ਹੋਰ ਬੁਲੰਦ ਹੋਵੇ, ਇਸੇ ਆਸ ਨਾਲ ਮੈ ਨਾਵਲ ਹਵਾਲਾਤ ਦਾ ਭਰਪੂਰ ਸਵਾਗਤ ਕਰਦਾ ਹਾਂ।.....ਗੁਰਭਜਨ ਗਿੱਲ