ਪੀ.ਏ.ਯੂ. ਵਿੱਚ ਪੰਜਾਬ ਦੀ ਖੇਤੀ ਦੀਆਂ ਮੁਸ਼ਕਿਲਾਂ ਅਤੇ ਯੋਜਨਾਵਾਂ ਬਾਰੇ ਕਿਤਾਬ ਜਾਰੀ
ਲੁਧਿਆਣਾ 1 ਮਾਰਚ, 2024
ਪੀ.ਏ.ਯੂ. ਦੇ ਵਾਈਸ ਚਾਂਸਲਰ ਦਫਤਰ ਸੈਮੀਨਾਰ ਹਾਲ ਵਿਚ ਪੰਜਾਬ ਦੀ ਅਜੋਕੀ ਖੇਤੀ ਦੀਆਂ ਮੁਸ਼ਕਿਲਾਂ, ਯੋਜਨਾਵਾਂ ਅਤੇ ਹੱਲ ਬਾਰੇ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਲਿਖੀ ਕਿਤਾਬ ਅੱਜ ਜਾਰੀ ਕੀਤੀ ਗਈ। ਇਸ ਸੰਖੇਪ ਅਤੇ ਸਾਦਾ ਸਮਾਰੋਹ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਾਬਕਾ ਨਿਰਦੇਸ਼ਕ ਖੇਤੀਬਾੜੀ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਬਿਰਾਜਮਾਨ ਸਨ। ਉਹਨਾਂ ਤੋਂ ਇਲਾਵਾ ਖੇਤੀ ਖੋਜ ਅਤੇ ਪਸਾਰ ਦੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੇ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਡਾ. ਧੀਮਾਨ ਨੂੰ ਇਸ ਕਿਤਾਬ ਲਈ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੇ ਖੇਤੀ ਵਿਗਿਆਨੀ ਹੋਣ ਦੇ ਬਾਵਜੂਦ ਸਾਹਿਤ, ਕਲਾ, ਅਨੁਵਾਦ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਡਾ. ਗੋਸਲ ਨੇ ਕਿਹਾ ਕਿ ਆਮਤੌਰ ਤੇ ਵਿਗਿਆਨ ਅਤੇ ਵਿਗਿਆਨੀ ਨੂੰ ਇਕ ਖਾਸ ਖੇਤਰ ਤੱਕ ਸੀਮਿਤ ਕਰਕੇ ਦੇਖਿਆ ਜਾਂਦਾ ਹੈ ਪਰ ਵਿਗਿਆਨ ਦੀ ਆਪਣੀ ਸਿਰਜਣਾਤਮਕ ਆਭਾ ਹੁੰਦੀ ਹੈ। ਵਿਗਿਆਨੀ ਜਦੋਂ ਸਿਰਜਣਾ ਦੇ ਖੇਤਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਉਹਨਾਂ ਕੋਲ ਭਾਸ਼ਾ ਅਤੇ ਵਿਸ਼ੇ ਦੇ ਪੱਖ ਤੋਂ ਬੜੇ ਵਚਿੱਤਰ ਅਤੇ ਦੁਰਲਭ ਰਚਨਾ ਅਮਲ ਹੁੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਸਮਝਣ ਲਈ ਵੱਖ-ਵੱਖ ਦ੍ਰਿਸ਼ਟੀਕੋਣ ਪਾਏ ਜਾਂਦੇ ਹਨ। ਇਹਨਾਂ ਵਿੱਚੋਂ ਹਥਲੀ ਕਿਤਾਬ ਵਿਚ ਵੱਖਰੇ ਹੋਣ ਤੋਂ ਸਾਰੀ ਗੱਲਬਾਤ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਕਿਤਾਬ ਨਾਲ ਖੇਤੀ ਯੋਜਨਾਵਾਂ ਅਤੇ ਮਸਲਿਆਂ ਦੇ ਸੰਬੰਧ ਵਿਚ ਇਕ ਉਸਾਰੂ ਸੰਵਾਦ ਛਿੜਨ ਦੀ ਆਸ ਹੈ। ਇਸਦੇ ਨਾਲ ਹੀ ਵਾਈਸ ਚਾਂਸਲਰ ਨੇ ਸੱਭਿਆਚਾਰਕ ਖੇਤਰ ਵਿਚ ਇਕ ਨਵੀਂ ਤਰ੍ਹਾਂ ਦੀ ਕਿਤਾਬ ਦਰੀਆਂ ਵਾਲੀ ਪੇਟੀ ਨੂੰ ਵੀ ਲੋਕ ਅਰਪਤ ਕੀਤਾ। ਇਹ ਕਿਤਾਬ ਪੀ.ਏ.ਯੂ. ਦੇ ਪੱਤਰਕਾਰੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਜਗਦੀਸ਼ ਕੌਰ ਵੱਲੋਂ ਸੰਪਾਦਿਤ ਕੀਤੀ ਗਈ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਇਸ ਕਿਤਾਬ ਵਿਚ ਪੰਜਾਬ ਦੀ ਅਲੋਪ ਹੋ ਰਹੀ ਵਿਰਾਸਤੀ ਕਲਾ ਦੇ ਉੱਤਮ ਨਮੂਨਿਆਂ ਨੂੰ ਸੰਭਾਲਣ ਦੀ ਸੁਚੱਜੀ ਕੋਸ਼ਿਸ਼ ਕੀਤੀ ਗਈ ਹੈ।
ਖੇਤੀਬਾੜੀ ਵਿਭਾਗ ਦੇ ਸਾਬਕਾ ਨਿਰਦੇਸ਼ਕ ਅਤੇ ਉੱਘੇ ਪਸਾਰ ਕਰਮੀ ਡਾ. ਸੁਖਦੇਵ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਤਾਬ ਦੇ ਮੰਤਵ ਬਾਰੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਕਿਤਾਬ ਦਾ ਇਕ ਹਿੱਸਾ ਉਹਨਾਂ ਦੀ ਜੀਵਨੀ ਨਾਲ ਸੰਬੰਧਤ ਹੈ। ਇਸਦਾ ਉਦੇਸ਼ ਉਹਨਾਂ ਸਾਰੀਆਂ ਘਟਨਾਵਾਂ ਅਤੇ ਵਾਰਤਾਵਾਂ ਨੂੰ ਦਸਤਾਵੇਜ਼ ਵਾਂਗ ਸੰਭਾਲਣਾ ਹੈ। ਡਾ. ਸੁਖਦੇਵ ਸਿੰਘ ਹੋਰਾਂ ਆਪਣੇ ਤਜਰਬਿਆਂ ਬਾਰੇ ਲੰਮੀ ਗੱਲਬਾਤ ਕੀਤੀ ਤੇ ਦੱਸਿਆ ਕਿ ਉਹਨਾਂ ਨੇ ਵਿਭਾਗ ਵਿਚ ਤਕਨਾਲੋਜੀ ਪੱਖੋਂ ਇਜ਼ਾਫੇ ਲਈ ਪੀ.ਏ.ਯੂ. ਦੇ ਵੱਖ-ਵੱਖ ਵਾਈਸ ਚਾਂਸਲਰਾਂ ਨਾਲ ਸਾਂਝ ਦੀ ਪਹਿਲਕਦਮੀ ਕੀਤੀ। ਇਸਦੇ ਨਾਲ ਹੀ ਉਹਨਾਂ ਨੇ ਖੇਤੀ ਦੀ ਵਿਗਿਆਨਕ ਤਕਨਾਲੋਜੀ ਦੇ ਪਸਾਰ ਹਿੱਤ ਨਵੀਆਂ ਤਕਨਾਲੋਜੀਆਂ ਨੂੰ ਸ਼ਾਮਿਲ ਕਰਨ ਦੀ ਵਕਾਲਤ ਕੀਤੀ।
ਪੁਸਤਕ ਦੇ ਲੇਖਕ ਡਾ. ਜਗਤਾਰ ਧੀਮਾਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਕਿਤਾਬ ਰਾਸ਼ਟਰੀ ਵਿਗਿਆਨ ਦਿਹਾੜੇ ਤੇ ਲੋਕ ਅਰਪਿਤ ਹੋ ਰਹੀ ਹੈ ਜੋ ਆਪਣੇ ਆਪ ਵਿਚ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਪੀ.ਏ.ਯੂ. ਦੀ ਦੇਣ ਬਾਰੇ ਗੱਲ ਕਰਦਿਆਂ ਸੱਭਿਆਚਾਰਕ, ਅਕਾਦਮਿਕ ਅਤੇ ਸਾਹਿਤਕ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਮਾਹੌਲ ਵਿਚ ਸਿਰਜਣਾ ਅਤੇ ਜਾਣਕਾਰੀ ਨੂੰ ਇਕ ਸੁਮੇਲ ਵਾਂਗ ਮਹਿਸੂਸ ਕੀਤਾ ਜਾਂਦਾ ਹੈ। ਇਸ ਕਿਤਾਬ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਸਦੇ ਤਿੰਨ ਹਿੱਸੇ ਹਨ। ਪਹਿਲਾ ਹਿੱਸਾ ਖੇਤੀ ਦੇ ਇਤਿਹਾਸ ਤੋਂ ਲੈ ਕੇ ਅਜੋਕੇ ਸਮੇਂ ਤੱਕ ਦਾ ਹੈ। ਦੂਜੇ ਹਿੱਸੇ ਵਿਚ ਡਾ. ਸੁਖਦੇਵ ਸਿੰਘ ਦੀ ਜੀਵਨ ਦਰਜ ਕੀਤੀ ਗਈ ਹੈ ਜਦਕਿ ਤੀਜਾ ਹਿੱਸਾ ਖੇਤੀ ਸਮੱਸਿਆਵਾਂ ਦੇ ਹੱਲ ਸੰਬੰਧੀ ਬਹੁਤ ਸਾਰੀਆਂ ਧਾਰਨਾਵਾਂ ਨੂੰ ਸਮਾਨਅੰਤਰ ਰੂਪ ਵਿਚ ਪੇਸ਼ ਕਰਦਾ ਹੈ। ਡਾ. ਧੀਮਾਨ ਨੇ ਹਰੀ ਕ੍ਰਾਂਤੀ ਦੇ ਪ੍ਰਭਾਵਾਂ ਬਾਰੇ ਗੱਲਾਂ ਕਰਦਿਆਂ ਇਹਨਾਂ ਨੂੰ ਇਕ ਸਮੁੱਚ ਵਿਚ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਅੱਜ ਦੀਆਂ ਖੇਤੀ ਚੁਣੌਤੀਆਂ ਬਾਰੇ ਵਿਚਾਰ ਕਰਦਿਆਂ ਉਹਨਾਂ ਸਾਰੀਆਂ ਧਿਰਾਂ ਨੂੰ ਇਕ ਸੰਵਾਦ ਰਚਾਉਣ ਲਈ ਸੱਦਾ ਦਿੰਦਿਆਂ ਇਸ ਕਿਤਾਬ ਦੀ ਮਹੱਤਤਾ ਨੂੰ ਦ੍ਰਿੜ ਕਰਾਇਆ।
ਇਸ ਮੌਕੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਅੱਜ ਜਾਰੀ ਕੀਤੀ ਗਈ ਕਿਤਾਬ ਨੂੰ ਪੰਜਾਬ ਦੀ ਖੇਤੀ ਸੰਬੰਧੀ ਮਸਲਿਆਂ ਵੱਲ ਤੁਰਨ ਦੀ ਪਹਿਲਕਦਮੀ ਸਮਝਿਆ ਜਾਣਾ ਚਾਹੀਦਾ ਹੈ। ਉਹਨਾਂ ਖੁਸ਼ੀ ਪ੍ਰਗਟਾਈ ਕਿ ਯੂਨੀਵਰਸਿਟੀ ਦੇ ਮਾਹੌਲ ਵਿਚ ਵੱਖ-ਵੱਖ ਲੇਖਕਾਂ ਦੀ ਸਿਰਜਣਾਤਮਕਤਾ ਪੂਰੀ ਤਰ੍ਹਾਂ ਪ੍ਰਫੁੱਲਤ ਹੋਈ ਹੈ।
ਸਵਾਗਤ ਦੇ ਸ਼ਬਦ ਉੱਘੇ ਪੰਜਾਬੀ ਲੇਖਕ ਪ੍ਰੋਫੈਸਰ ਗੁਰਭਜਨ ਗਿੱਲ ਨੇ ਕਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਚਮਨ ਲਾਲ ਵਸ਼ਿਸ਼ਟ, ਡਾ. ਸੁਖਦੇਵ ਸਿੰਘ ਮਾਨ ਅਤੇ ਹੋਰ ਹਾਜ਼ਰ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਖੇਤੀਬਾੜੀ ਵਿਭਾਗ ਦੇ ਕਈ ਮਾਹਿਰ ਇਸ ਮੌਕੇ ਹਾਜ਼ਰ ਸਨ। ਸਮਾਰੋਹ ਦਾ ਸੰਚਾਲਨ ਡਾ. ਰਾਜਿੰਦਰਪਾਲ ਸਿੰਘ ਔਲਖ ਨੇ ਕੀਤਾ।