ਚੰਡੀਗੜ੍ਹ 16 ਮਾਰਚ 2019: ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਆਯੋਜਿਤ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਇਸ ਖਿੱਤੇ ਦੀ ਨਾਮਵਰ ਕਵਿੱਤਰੀ ਜਗਦੀਪ ਨੂਰਾਨੀ ਦੀ ਕਾਵਿ ਪੁਸਤਕ 'ਸੱਚ ਸੁਣਾਇਸੀ' ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਜਿੱਥੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ ਉਥੇ ਹੀ ਵਿਸ਼ੇਸ਼ ਮਹਿਮਾਨ ਵਜੋਂ ਡਾ. ਲਾਭ ਸਿੰਘ ਖੀਵਾ, ਮਨਮੋਹਨ ਸਿੰਘ ਦਾਊਂ ਤੇ ਪ੍ਰਿੰਸੀਪਲ ਗੁਰਦੇਵ ਕੌਰ ਪਾਲ ਹੁਰਾਂ ਨੇ ਪ੍ਰਧਾਨਗੀ ਮੰਡਲ ਵਿਚ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਆਪਣੇ ਮਿੱਠੇ ਬੋਲਾਂ ਨਾਲ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜਗਦੀਪ ਨੂਰਾਨੀ ਦੀ ਇਸ ਤੀਸਰੀ ਕਾਵਿ ਪੁਸਤਕ ਦਾ ਸਾਹਿਤਕ ਵਿਹੜੇ ਵਿਚ ਨਿੱਘਾ ਸਵਾਗਤ ਕੀਤਾ।
ਬਤੌਰ ਮੁੱਖ ਮਹਿਮਾਨ ਆਪਣੇ ਸ਼ਬਦਾਂ ਦੀ ਸਾਂਝ ਪਾਉਂਦਿਆਂ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਜਗਦੀਪ ਨੂਰਾਨੀ ਅਜੋਕੇ ਦੌਰ ਦੀ ਸੱਚੀ ਕਵਿੱਤਰੀ ਹੈ। ਉਨ੍ਹਾਂ ਕਿਹਾ ਕਿ ਨੂਰਾਨੀ ਕੋਲ ਉਹ ਚੇਤਨ ਮਨ ਹੈ ਜਿਸ ਨਾਲ ਉਹ ਸ਼ਬਦਾਂ ਨੂੰ ਇਕੱਠੇ ਕਰਕੇ ਆਪਣੀ ਤਰਤੀਬ ਦਿੰਦੀ ਹੈ ਤੇ ਜੋ ਕਵਿਤਾ ਬਣ ਕਿਤਾਬ ਦਾ ਰੂਪ ਧਾਰ ਗਈਆਂ ਹਨ। ਡਾ. ਸੁਰਜੀਤ ਪਾਤਰ ਹੁਰਾਂ ਨੇ ਆਖਿਆ ਕਿ ਉਸ ਦੀਆਂ ਕਵਿਤਾਵਾਂ ਵਿਚ ਗੁਰਬਾਣੀ ਵੀ ਹੈ, ਸੂਫੀਪਣ ਵੀ ਹੈ, ਕਿੱਸਾ ਕਾਵਿ ਵੀ ਹੈ ਤੇ ਸਮਾਜ ਵੀ ਹੈ। ਉਨ੍ਹਾਂ ਕਵਿੱਤਰੀ ਨੂੰ ਮੁਬਾਰਕਬਾਦ ਭੇਂਟ ਕੀਤੀ।
ਇਸ ਕਿਤਾਬ 'ਤੇ ਮੁੱਖ ਪਰਚਾ ਡਾ. ਬਲਜੀਤ ਸਿੰਘ ਹੁਰਾਂ ਨੇ ਪੜ੍ਹਿਆ। ਉਨ੍ਹਾਂ ਆਪਣੇ ਸੰਖੇਪ ਤੇ ਗੰਭੀਰ ਪਰਚੇ ਵਿਚ ਆਖਿਆ ਕਿ ਜਗਦੀਪ ਨੂਰਾਨੀ ਦੀ ਕਾਵਿ ਰਚਨਾ ਸੱਭਿਆਚਾਰਕ ਰੰਗ ਨਾਲ ਲਬਰੇਜ਼ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਗੁਰਦੇਵ ਕੌਰ ਪਾਲ ਹੁਰਾਂ ਨੇ ਜਿੱਥੇ ਨੂਰਾਨੀ ਦੀ ਲਿਖਤ ਵਿਚ ਸੰਜੀਦਗੀ ਨੂੰ ਸਲਾਹਿਆ, ਉਥੇ ਹੀ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਨੂਰਾਨੀ ਵਿਰਾਸਤ ਸਾਂਭਣ ਵਿਚ ਆਪਣਾ ਅਹਿਮ ਰੋਲ ਨਿਭਾਅ ਰਹੀ ਹੈ। ਮਨਮੋਹਨ ਸਿੰਘ ਦਾਊਂ ਹੁਰਾਂ ਨੇ ਇਸ ਕਾਵਿ ਪੁਸਤਕ 'ਸੱਚ ਸੁਣਾਇਸੀ' ਨੂੰ ਕਾਵਿ ਰੰਗ ਦੀ ਜਿੱਥੇ ਰਚਨਾ ਦੱਸਿਆ, ਉਥੇ ਹੀ ਨੂਰਾਨੀ ਨੂੰ ਬੁਲੰਦੀਆਂ ਵੱਲ ਵਧਦੀ ਕਵਿੱਤਰੀ ਕਰਾਰ ਦਿੱਤਾ।
ਇਸ ਸਾਹਿਤਕ ਮਹਿਫ਼ਲ ਵਿਚ ਕਿਤਾਬ ਦੀ ਲੇਖਿਕਾ ਜਗਦੀਪ ਨੂਰਾਨੀ ਨੇ ਜਿੱਥੇ ਰੂਹਾਨੀਅਤ ਨੂੰ ਛੂੰਹਦੀਆਂ ਆਪਣੀਆਂ ਤਿੰਨ ਰਚਨਾਵਾਂ ਵੀ ਪੇਸ਼ ਕੀਤੀਆਂ, ਉਥੇ ਹੀ ਉਸ ਨੇ ਇਸ ਸਾਹਿਤਕ ਲਿਖਤਾਂ ਦੇ ਪਿੱਛੇ ਆਪਣੇ ਪਰਿਵਾਰ ਦਾ ਯੋਗਦਾਨ ਵੀ ਸਾਂਝਾ ਕੀਤਾ। ਨੂਰਾਨੀ ਦੀਆਂ ਲਿਖਤਾਂ ਵਿਚੋਂ ਇਕ ਗੀਤ ਦਰਸ਼ਨ ਤ੍ਰਿਊਣਾ ਨੇ ਆਪਣੀ ਅਵਾਜ਼ ਵਿਚ ਗਾ ਕੇ ਮਹਿਫ਼ਲ ਤੋਂ ਤਾੜੀਆਂ ਵੀ ਲੁੱਟੀਆਂ। ਸਮਾਗਮ ਨੂੰ ਅਵਤਾਰਜੀਤ ਅਟਵਾਲ ਅਤੇ ਕੇ.ਐਸ. ਮਾਹਲ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਜਗਦੀਪ ਨੂਰਾਨੀ ਦੀ ਕਿਤਾਬ ਪੜ੍ਹਨ ਤੋਂ ਬਾਅਦ ਭੇਜੇ ਗਏ ਛੋਟੇ-ਛੋਟੇ ਲਿਖਤੀ ਸੁਨੇਹਿਆਂ ਨੂੰ ਵੀ ਮੰਚ ਤੋਂ ਸਾਂਝਾ ਕੀਤਾ। ਇਹ ਸੁਨੇਹੇ ਭੇਜਣ ਵਾਲਿਆਂ ਵਿਚ ਅਵਤਾਰ ਸਿੰਘ ਪਤੰਗ, ਰਜਿੰਦਰ ਕੌਰ, ਹਰਵਿੰਦਰ ਸਿੰਘ, ਸੇਵਾ ਸਿੰਘ ਭਾਸ਼ੋ ਪਟਿਆਲਾ, ਆਈ.ਡੀ. ਸਿੰਘ ਚੰਡੀਗੜ੍ਹ, ਡਮਾਣਾ ਪਟਿਆਲਵੀ ਸੰਗਰੂਰ ਤੋਂ, ਜਸਲੀਨ ਕੌਰ ਚੰਡੀਗੜ੍ਹ, ਅਤੇ ਅਰਪਿੰਦਰ ਬਿੱਟੂ ਜਰਮਨੀ ਦਾ ਨਾਂ ਸ਼ਾਮਲ ਹੈ। ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਮੰਚ ਸੰਚਾਲਨ ਕਾਵਿਕ ਅੰਦਾਜ਼ ਵਿਚ ਨਿਭਾਇਆ।
ਇਸ ਮੌਕੇ 'ਤੇ ਜਗਦੀਪ ਨੂਰਾਨੀ ਦੇ ਮਾਤਾ ਮਲਕੀਤ ਕੌਰ, ਪਿਤਾ ਹਰਦੇਵ ਸਿੰਘ ਅਤੇ ਪਤੀ ਰਵਿੰਦਰਪਾਲ ਸਿੰਘ ਜਿੱਥੇ ਮੌਜੂਦ ਸਨ, ਉਥੇ ਹੀ ਉਨ੍ਹਾਂ ਦੇ ਨਜ਼ਦੀਕੀ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿਚ ਇਸ ਸਾਹਿਤਕ ਸਮਾਗਮ ਦਾ ਹਿੱਸਾ ਬਣੇ। ਇਸ ਦੇ ਨਾਲ-ਨਾਲ ਉਦਯੋਗਪਤੀਆਂ ਦੀ ਹਾਜ਼ਰੀ ਜਿੱਥੇ ਅੱਜ ਵੱਡੀ ਗਿਣਤੀ ਵਿਚ ਰਹੀ, ਉਥੇ ਹੀ ਨਾਮਵਰ ਲੇਖਕ, ਕਵੀ, ਸਾਹਿਤਕਾਰ, ਇਸ ਮਹਿਫ਼ਲ ਦੌਰਾਨ ਹਾਜ਼ਰ ਸਨ ਜਿਨ੍ਹਾਂ ਵਿਚ ਗੁਰਨਾਮ ਕੰਵਰ, ਅਸ਼ੋਕ ਭੰਡਾਰੀ ਨਾਦਿਰ, ਰਜਿੰਦਰ ਕੌਰ, ਅਵਤਾਰ ਸਿੰਘ ਪਤੰਗ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ, ਪਾਲ ਅਜਨਬੀ, ਸਰਦਾਰਾ ਸਿੰਘ ਚੀਮਾ, ਊਸ਼ਾ ਕੰਵਰ, ਨਿੰਮੀ ਵਸ਼ਿਸ਼ਟ,ਰਘਵੀਰ ਵੜੈਚ, ਪਬਲਿਸ਼ਰ ਤਰਲੋਚਨ ਸਿੰਘ, ਕੰਵਲਜੀਤ ਬਨਵੈਤ, ਦਲਜੀਤ ਕੌਰ ਦਾਊਂ, ਮਨਜੀਤ ਕੌਰ ਅੰਬਾਲਵੀ, ਹਰਜਾਪ ਸਿੰਘ ਔਜਲਾ, ਭਗਤ ਰਾਮ ਰੰਘਾੜਾ,ਅਨੀਤਾ ਸੁਰਭੀ, ਤੇਜਾ ਸਿੰਘ ਥੂਹਾ, ਖੁਸ਼ਹਾਲ ਸਿੰਘ ਨਾਗਾ, ਜਸਲੀਨ ਕੌਰ, ਰਜਿੰਦਰ ਰੇਣੂ, ਸਿੰਦਰਪਾਲ ਸਿੰਘ, ਰਵਿੰਦਰ ਕੌਰ ਬਨਵੈਤ ਆਦਿ ਸ਼ਾਮਲ ਹਨ।