ਯਾਰ ਮੁਬਾਰਕ ਦਾ ਗ਼ਜ਼ਲ ਸੰਗ੍ਰਹਿ 'ਤੈਨੂੰ ਪਤੈ ?' ਕੀਤਾ ਲੋਕ ਅਰਪਣ
ਦੀਪਕ ਜੈਤੋਈ ਮੰਚ ਨੇ ਕਰਵਾਇਆ ਸਾਹਿਤਕ ਸਮਾਗਮ
ਬਾਬੂਸ਼ਾਹੀ ਨੈਟਵਰਕ
ਜੈਤੋ, 10 ਅਕਤੂਬਰ 2022- ਨੌਜਵਾਨ ਸ਼ਾਇਰ ਯਾਰ ਮੁਬਾਰਕ ਦਾ ਪਲੇਠਾ ਗ਼ਜ਼ਲ ਸੰਗ੍ਰਹਿ 'ਤੈਨੂੰ ਪਤੈ? ' ਲੋਕ ਅਰਪਣ ਕਰਨ ਲਈ ਇਕ ਸਾਹਿਤਕ ਸਮਾਗ਼ਮ ਦੀਪਕ ਜੈਤੋਈ ਮੰਚ (ਰਜਿ:) ਜੈਤੋ ਵੱਲੋਂ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਕਰਵਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੇ ਉੱਘੇ ਗ਼ਜ਼ਲਗੋ ਸਰਿੰਦਰਪ੍ਰੀਤ ਘਣੀਆਂ ਨੇ ਕੀਤੀ ਅਤੇ ਉੱਘੇ ਲੇਖਕ ਤਰਸੇਮ ਨਰੂਲਾ ਨੇ ਕਿਤਾਬ ਬਾਰੇ ਜਾਣ ਪਛਾਣ ਕਰਵਾਈ।
ਮੰਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ। ਕਿਤਾਬ ਲੋਕ ਅਰਪਣ ਕਰਨ ਦੀ ਰਸਮ ਤੋਂ ਬਾਅਦ ਕਿਤਾਬ ਬਾਰੇ ਚਰਚਾ ਕਰਦਿਆਂ ਤਰਸੇਮ ਨਰੂਲਾ ਨੇ ਕਿਹਾ ਕਿ ਯਾਰ ਮੁਬਾਰਕ ਚੇਤਨ ਬੁੱਧੀ ਵਾਲਾ ਨੌਜਵਨ ਸ਼ਾਇਰ ਹੈ ਜੋ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਸਮਝਦਾ ਪਰਖਦਾ ਹੈ। ਉਸ ਦੀਆਂ ਗ਼ਜ਼ਲਾਂ ਜਿੱਥੇ ਵਿਸ਼ਾ ਪੱਖ ਤੋਂ ਨਿੱਗਰ ਹਨ ਓਥੇ ਬਾ-ਬਹਿਰ ਹਨ।
ਦੀਪਕ ਜੈਤੋਈ ਮੰਚ ਦੇ ਜਨਰਲ ਸਕੱਤਰ ਹਰਮੇਲ ਪਰੀਤ ਨੇ ਕਿਹਾ ਕਿ ਯਾਰ ਮੁਬਾਰਕ ਸਮਾਜ ਵਿਚ ਕਾਣੀ ਵੰਡ, ਕੰਮੀਆਂ ਦੀ ਹੋਣੀਂ, ਤਕੜਿਆਂ ਦੀ ਧੱਕੇਸ਼ਾਹੀ ਦੀ ਬਾਤ ਪਾਉਂਦੀ ਹੋਈ ਨਾਬਰੀ ਦੇ ਸੁਰ ਵੀ ਅਲਾਪ ਉੱਠਦੀ ਹੈ।
ਸਮਾਗ਼ਮ ਦੀ ਸਦਾਰਤ ਕਰ ਰਹੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਨੇ ਕਿਹਾ ਕਿ ਯਾਰ ਮੁਬਾਰਕ ਦੀ ਸ਼ਾਇਰੀ ਪੜ੍ਹਦਿਆਂ ਉਸ ਅੰਦਰ ਵੱਡੀਆਂ ਸੰਭਾਵਨਾਵਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਉਨ੍ਹਾ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਯਾਰ ਮੁਬਾਰਕ ਨੇ ਗ਼ਜ਼ਲ ਨੂੰ ਆਪਣੀ ਅਭਿਵਿਅਕਤੀ ਦਾ ਜ਼ਰੀਆ ਬਣਾਇਆ ਹੈ। ਉਨ੍ਹਾ ਸੁਝਾਅ ਦਿੱਤਾ ਕਿ ਲੇਖਕ ਨੂੰ ਗ਼ਜ਼ਲ ਦੀਆਂ ਹੋਰ ਬਹਿਰਾਂ ਵਿਚ ਗ਼ਜ਼ਲ ਰਚਨਾ ਕਰਨੀ ਚਾਹੀਦੀ ਹੈ।
ਵਿਸ਼ੇਸ਼ ਤੌਰ 'ਤੇ ਪਹੁੰਚੇ ਵਾਸਦੇਵ ਸ਼ਰਮਾ ਨੇ ਕਿਹਾ ਕਿ ਸਮਾਜ ਵਿਚ ਜੋ ਕੁੱਝ ਮਾੜੇ ਵਰਤਾਰੇ ਵਾਪਰ ਰਹੇ ਹਨ ਉਨ੍ਹਾਂ ਬਾਰੇ ਲੇਖਕਾਂ ਨੂੰ ਵੱਧ ਤੋਂ ਵੱਧ ਲਿਖਣਾ ਚਾਹੀਦਾ ਹੈ।
ਯਾਰ ਮੁਬਾਰਕ ਨੇ ਕਿਹਾ ਕਿ ਉਸ ਨੇ ਆਪਣੇ ਵੱਲੋਂ ਬਿਹਤਰ ਢੰਗ ਨਾਲ ਇਹ ਕਿਤਾਬ ਤਿਆਰ ਕੀਤੀ ਹੈ। ਉਸ ਦੀ ਮਿਹਨਤ ਕਿੰਨੀ ਸਫ਼ਲ ਹੋਈ ਹੈ ਇਹਦਾ ਫੈਸਲਾ ਪਾਠਕ ਤੇ ਆਲੋਚਕ ਨੇ ਕਰਨਾ ਹੈ।
ਇਸ ਮੌਕੇ ਵਿਸ਼ਾਲ ਕਵੀ ਦਰਬਾਰ ਵਿਚ ਸਰਵਸ੍ਰੀ ਦੌਲਤ ਸਿੰਘ ਅਨਪੜ੍ਹ, ਹਰਭਗਵਾਨ ਸਿੰਘ ਕਰੀਰਵਾਲੀ, ਛਿੰਦਰ ਸਿੰਘ, ਤਰਲੋਕ ਵਰਮਾ, ਸਿਕੰਦਰ ਚੰਦਭਾਨ, ਗੋਰਾ ਚੈਨਾ, ਜਸਵੀਰ ਫ਼ੀਰਾ, ਮਲਕੀਤ ਕਿੱਟੀ, ਸੁਖਜਿੰਦਰ ਮੁਹਾਰ, ਗੁਰਪ੍ਰੀਤ ਕਾਉਣੀ, ਦਰਸ਼ਨ ਜ਼ੈਦ, ਮਿੱਠੂ ਸਿੰਘ ਰਾਮੇਆਣਾ, ਈਸ਼ਰ ਸਿੰਘ ਲੰਭਵਾਲੀ, ਖ਼ਿਤਾਬ ਜਟਾਣਾ, ਅਕਸ਼ਿਤ ਬਾਂਸਲ, ਜਰਨੈਲ ਸਿੰਘ ਜ਼ਖ਼ਮੀਂ , ਜਗਦੇਵ ਸਿੰਘ ਖੋਖਰ, ਸੁਰਿੰਦਰ ਲੂੰਬਾ,ਗੁਰਨਾਲ ਚੰਦਭਾਨ, ਸੁੰਦਰ ਸਿੰਘ ਬਾਜਾਖ਼ਾਨਾ, ਮਾਹੀ ਸਿੱਧੂ ਤੇ ਮਨਜੀਤ ਰੰਧਾਵਾ ਨੇ ਆਪੋ ਆਪਣਾ ਕਲਾਮ ਪੇਸ਼ ਕੀਤਾ। ਇਸ ਮੌਕੇ ਸਾਧੂ ਰਾਮ ਸ਼ਰਮਾ, ਕਮਲਦੀਪ ਸਿੰਘ, ਨਹਿਰੂ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।