- ਕੈਨੇਡਾ ਦੀ ਬੀ ਸੀ ਸਰਕਾਰ ਮਨਾਏਗੀ ਪੰਜਾਬੀ ਸਾਹਿਤ ਹਫ਼ਤਾ , ਢਾਹਾਂ ਐਵਾਰਡ ਸਮਾਗਮ ਤੇ ਕੀਤਾ ਗਿਆ ਐਲਾਨ
- ਕੈਨੇਡਾ ਦੇ ਜੰਮਪਲ ਪੰਜਾਬੀ ਮੁੰਡੇ -ਕੁੜੀਆਂ ਨੂੰ ਦਿੱਤੇ ਜਾਣਗੇ ਸਾਹਿਤ ਇਨਾਮ
- ਪੰਜਾਬੀ ਕਹਾਣੀਕਾਰ ਜਰਨੈਲ ਸਿੰਘ 25 ਹਜ਼ਾਰ ਡਾਲਰ ਦੇ ਢਾਹਾਂ ਇਨਾਮ ਨਾਲ ਹੋਏ ਸਨਮਾਨਿਤ
ਵੈਨਕੂਵਰ , 30 ਅਕਤੂਬਰ , 2016 : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਪੰਜਾਬੀ ਬੋਲੀ ਨੂੰ ਹੁਲਾਰਾ ਦੇਣ ਲਈ ਹਰ ਸਾਲ ਪੰਜਾਬੀ ਸਾਹਿਤ ਹਫ਼ਤਾ ਮਨਾਉਣ ਦਾ ਐਲਾਨ ਕੀਤਾ ਹੈ . ਇਹ ਹਫ਼ਤਾ 31 ਅਕਤੂਬਰ ਤੋਂ 5 ਨਵੰਬਰ ਤੱਕ ਮਨਾਇਆ ਜਾਵੇਗਾ . ਬੀ ਸੀ ਕਰਿਸਟੀ ਕਲਾਰਕ ਸਰਕਾਰ ਦੀ ਤਰਫ਼ੋਂ ਇਹ ਐਲਾਨ ਲਿਬਰਲ ਪਾਰਟੀ ਦੇ ਐਮ ਐਲ ਏ ਸਕੌਟ ਹੈਮਿਲਟਨ ਨੇ ਸ਼ਨੀਵਾਰ ਨੂੰ ਇੱਥੇ ਢਾਹਾਂ ਇਨਾਮ
ਵੰਡ ਸਮਾਗਮ ਦੌਰਾਨ ਕੀਤਾ . ਉਨ੍ਹਾਂ ਸਰਕਾਰ ਦੇ ਇਸ ਫ਼ੈਸਲੇ ਦੀ ਕਾਪੀ - ਢਾਹਾਂ ਅਵਾਰਡ ਦੇ ਬਾਨੀ ਬਾਰਜ ਢਾਹਾਂ ਨੂੰ ਸੌਂਪੀ . ਇਹ ਪਹਿਲੀ ਵਾਰ ਹੈ ਜਦੋਂ ਬੀ ਸੀ ਸਰਕਾਰ ਨੇ ਅਜਿਹਾ ਐਲਾਨ ਕੀਤਾ ਹੈ .
ਯੂ ਬੀ ਸੀ ਦੇ ਮਿਊਜ਼ੀਅਮ ਆਫ਼ ਐਂਥਰੋਪੌਲੋਜੀ ਵਿਚ 29 ਅਕਤੂਬਰ ਨੂੰ ਕੀਤੇ ਇਸ ਸਮਾਗਮ ਵਿਚ ਅਗਲੇ ਵਰ੍ਹੇ ਤੋਂ ਕੈਨੇਡਾ ਵਿਚ ਜੰਮੇ ਪਲ਼ੇ ਪੰਜਾਬੀ ਮੁੰਡੇ ਕੁੜੀਆਂ ਵਿਚ ਪੰਜਾਬੀ ਭਾਸ਼ਾ ਨੂੰ ਪੜ੍ਹਨ ਲਿਖਣ ਦੀ ਰੁਚੀ ਨੂੰ ਉਤਸ਼ਾਹਤ ਕਰਨ ਨਵੇਂ ਸਾਹਿਤ ਇਨਾਮਾਂ ਦਾ ਵੀ ਐਲਾਨ ਕੀਤਾ ਗਿਆ . ਬਾਰਜ ਢਾਹਾਂ ਨੇ ਐਲਾਨ ਕੀਤਾ ਕਿ 750-750 ਡਾਲਰ ਦੇ ਘੱਟੋ ਘੱਟ ਤਿੰਨ ਇਨਾਮ ਉਨ੍ਹਾਂ ਨੌਜਵਾਨਾਂ ਨੂੰ ਦਿੱਤੇ ਜਾਣਗੇ ਜਿਹੜੇ ਲੇਖ ਜਾਂ ਕਹਾਣੀ ਮੁਕਬਾਲਿਆਂ ਵਿਚੋਂ ਜੇਤੂ ਰਹਿਣਗੇ .
ਇਸ ਮੌਕੇ 25 ਹਜ਼ਾਰ ਡਾਲਰ ਦਾ ਸਭ ਤੋਂ ਵੱਡਾ ਢਾਹਾਂ ਇਨਾਮ ਪੰਜਾਬੀ ਸਾਹਿਤ ਇਨਾਮ ਕੈਨੇਡਾ ਵੱਸੇ ਪੰਜਾਬੀ ਲੇਖਕ ਜਰਨੈਲ ਸਿੰਘ ਨੂੰ ਦਿੱਤਾ ਗਿਆ . ਇਸੇ ਤਰ੍ਹਾਂ ਦੂਜਾ ਇਨਾਮ ਪੰਜਾਬ ਦੇ ਪੱਟੀ ਕਸਬੇ ਵਾਸੀ ਕਹਾਣੀਕਾਰ ਸਿਮਰਨ ਧਾਲੀਵਾਲ ਅਤੇ ਸ਼ਾਹਮੁਖੀ ਵਿਚ ਪੰਜਾਬੀ ਲਿਖਣ ਵਾਲੀ ਪਾਕਿਸਤਾਨੀ ਪੰਜਾਬੀ ਲੇਖਕ ਜ਼ਾਹਿਦ ਹਸਨ ਨੂੰ ਦਿੱਤਾ ਗਿਆ .ਇਸ ਮੌਕੇ ਪੰਜਾਬੀ ਦੇ ਨਾਮਵਰ ਲੇਖਕ , ਕਲਾਕਾਰ , ਮੀਡੀਆ ਕਰਮੀਂ ਅਤੇ ਸਿੱਖਿਆ ਮਾਹਰ ਮੌਜੂਦ ਸਨ . ਐਂਕਰ ਅਤੇ ਮੀਡੀਆ ਕਰਮੀਂ ਤਰੱਨੁਮ ਥਿੰਦ ਨੇ ਸਮਾਗਮ ਦੀ ਸਾਰੀ ਕਾਰਵਾਈ ਚਲਾਉਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ .
ਟੋਰਾਂਟੋ ਦੇ ਵਸਨੀਕ ਜਰਨੈਲ ਸਿੰਘ ਦਾ ਪਿਛੋਕੜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਹੈ ਅਤੇ ਉਹ ਇੰਡੀਅਨ ਏਅਰ ਫੋਰਸ ਤੋਂ ਰਿਟਾਇਰ ਹੋਏ ਹਨ। 1988 ਤੋਂ ਉਹ ਕੈਨੇਡਾ ਵਿਚ ਰਹਿ ਰਹੇ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਪੰਜਾਬ/ਹਰਿਆਣਾ ਵਿਚ ਕਈ ਯੂਨੀਵਰਸਿਟੀ ਸਿਲੇਬਸਾਂ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦਾ ਪਰਵਾਸੀ ਪੰਜਾਬੀ ਲੇਖਕ ਵਜੋਂ ਸ਼੍ਰੋਮਣੀ ਸਾਹਿਤਕਾਰ ਅਵਾਰਡ ਵੀ ਮਿਲ ਚੁੱਕਾ ਹੈ। ਉਨ੍ਹਾਂ ਦੇ ਇਨਾਮ ਜੇਤੂ ਕਹਾਣੀ ਸਗ੍ਰਿਹਿ 'ਕਾਲੇ ਵਰਕੇ' ਵਿਚਲੀਆਂ ਕਹਾਣੀਆਂ ਉਤਰੀ ਅਮਰੀਕਾ ਵਿਚ ਰਹਿੰਦੇ ਪੰਜਾਬੀਆਂ ਕਿਰਦਾਰਾਂ ਦੇ ਜੀਵਨ ਵਿਚਲੇ ਤਣਾਅ ਅਤੇ ਦਵੰਦਾਂ ਦੀ ਪੇਸ਼ਕਾਰੀ ਕਰਦੀਆਂ ਹਨ। ਦੂਜੇ ਇਨਾਮ ਦੇ ਜੇਤੂ ਜ਼ਾਹਿਦ ਹਸਨ ਦਾ ਸਬੰਧ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਫੈਸਲਾਬਾਦ ਨਾਲ ਹੈ ਅਤੇ 1985 ਤੋਂ ਉਹ ਲਾਹੌਰ ਵਿਚ ਰਹਿ ਰਹੇ ਹਨ। ਉਹ ਉਥੋਂ ਦੇ ਕਈ ਪੰਜਾਬੀ ਅਦਾਰਿਆਂ ਨਾਲ ਜੁੜੇ ਰਹੇ ਹਨ। ਉਨ੍ਹਾਂ ਦੀਆਂ ਹੁਣ ਤੱਕ ਦਰਜਨ ਦੇ ਕਰੀਬ ਕਿਤਾਬਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਨਾਵਲ ਹਨ। ਉਨ੍ਹਾਂ ਦਾ ਇਨਾਮ ਜੇਤੂ ਨਾਵਲ 'ਤੱਸੀ ਧਰਤੀ' ਅਣਵੰਡੇ ਪੰਜਾਬ ਵਿਚ ਬਾਰ ਦੇ ਇਲਾਕੇ ਦੇ ਜੀਵਨ ਸੰਘਰਸ਼ਾਂ ਨੂੰ ਚਿਤਰਨ ਵਾਲਾ ਆਂਚਲਿਕ ਨਾਵਲ ਹੈ। ਦੂਜੇ ਇਨਾਮ ਦੇ ਜੇਤੂ ਲੇਖਕ ਸਿਮਰਨ ਧਾਲੀਵਾਲ ਦਾ ਸਬੰਧ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਹੈ। ਇਹ ਨੌਜਵਾਨ ਲੇਖਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੱਟੀ ਕੈਂਪਸ ਵਿਚ ਸਹਾਇਕ ਪ੍ਰੋਫੈਸਰ ਹੈ ਅਤੇ ਉਸ ਦੇ ਪਲੇਠੇ ਕਹਾਣੀ ਸੰਗ੍ਰਹਿ 'ਆਸ ਅਜੇ ਬਾਕੀ ਹੈ' ਨੂੰ ਸਾਹਿਤ ਅਕਾਦਮੀ ਦਾ ਯੁਵਾ-ਸਾਹਿਤ ਪੁਰਸਕਾਰ ਮਿਲ ਚੁੱਕਾ ਹੈ। ਢਾਹਾਂ ਅਵਾਰਡ ਜਿੱਤਣ ਵਾਲਾ ਉਸ ਦਾ ਕਹਾਣੀ ਸੰਗ੍ਰਹਿ 'ਉਸ ਪਲ' ਉਸ ਦਾ ਦੂਜਾ ਕਹਾਣੀ ਸੰਗ੍ਰਹਿ ਹੈ।
ਯਾਦ ਰਹੇ ਕਿ ਢਾਹਾਂ ਸਾਹਿਤ ਸਨਮਾਨ ਦਾ ਮਕਸਦ ਹੱਦਾਂ-ਸਰਹੱਦਾਂ ਤੋਂ ਪਾਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਲਿਖੇ ਜਾ ਰਹੇ ਉਚ-ਪਾਏ ਦੇ ਪੰਜਾਬੀ ਸਾਹਿਤ ਦੀ ਨਿਸ਼ਾਨਦੇਹੀ ਕਰਨਾ ਅਤੇ ਉਸ ਨੂੰ ਗਲੋਬਲ ਪੱਧਰ 'ਤੇ ਉਭਾਰਨਾ ਹੈ। ਇਹ ਇਨਾਮ ਪੰਜਾਬੀ ਲੇਖਕਾਂ ਨੂੰ ਇੰਟਰਨੈਸ਼ਨਲ ਪੱਧਰ 'ਤੇ ਪਛਾਣ ਤੇ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਲਈ ਨਵੇਂ ਰਾਹ ਖੋਲ੍ਹਦਾ ਹੈ। ਇਸ ਵਾਰ ਦੇ ਜੇਤੂਆਂ ਬਾਰੇ ਗੱਲ ਕਰਦਿਆਂ ਢਾਹਾਂ ਇਨਾਮ ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਨੇ ਕਿਹਾ- ''ਜਰਨੈਲ ਸਿੰਘ ਦੀਆਂ ਕਹਾਣੀਆਂ ਉਤਰੀ ਅਮਰੀਕਾ ਵਿੱਚ ਵਸਦੇ ਪੰਜਾਬੀ ਪਰਵਾਸੀਆਂ ਦੇ ਜੀਵਨ ਅਨੁਭਵ ਦੀ ਬਹੁਤ ਮੌਲਿਕ ਤਸਵੀਰਕਸ਼ੀ ਕਰਦੀਆਂ ਹਨ। ਇਸ ਵਾਰ ਵਿਚਾਰਨ ਲਈ ਆਈਆਂ ਕਿਤਾਬਾਂ ਦੀ ਲੰਮੀ ਅਤੇ ਪ੍ਰਭਾਵਸ਼ਾਲੀ ਸੂਚੀ ਵਿਚੋਂ ਜਿਊਰੀ ਦੁਆਰਾ ਜੇਤੂ ਪੁਸਤਕਾਂ ਦੀ ਚੋਣ ਕੀਤੀ ਗਈ ਹੈ।" ਜ਼ਿਕਰਯੋਗ ਹੈ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਦੁਨੀਆ ਦੇ ਵਿਲੱਖਣ ਸਾਹਿਤਕ ਅਵਾਰਡ ਢਾਹਾਂ ਸਾਹਿਤ ਇਨਾਮ ਦੀ ਸ਼ੁਰੂਆਤ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਵਿੱਚ ਹੋਈ, ਜਿਥੇ ਪਿਛਲੀ ਇਕ ਸਦੀ ਦੌਰਾਨ ਪੰਜਾਬੀ ਕਲਚਰ ਦੀ ਅਮੀਰ ਵਿਰਾਸਤ ਸਥਾਪਤ ਹੋ ਚੁੱਕੀ ਹੈ। ਕੈਨੇਡਾ ਵਿਚ ਪੰਜਾਬੀ ਅੱਜ ਮੁਲਕ ਦੀਆਂ ਪੰਜ ਵੱਡੀਆਂ ਜ਼ੁਬਾਨਾਂ ਵਿਚ ਸ਼ੁਮਾਰ ਹੁੰਦੀ ਹੈ। ਢਾਹਾਂ ਸਾਹਿਤ ਇਨਾਮ ਦੀ ਸਥਾਪਨਾ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਦੁਆਰਾ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਦੀ ਆਰਟਸ ਫੈਕਲਟੀ ਦੇ ਏਸ਼ੀਅਨ ਸਟੱਡੀਜ਼ ਡਿਪਾਰਟਮੈਂਟ ਦੇ ਸਹਿਯੋਗ ਨਾਲ ਕੀਤੀ ਗਈ। ਇਹ ਇਨਾਮ ਬਰਜਿੰਦਰ ਸਿੰਘ ਢਾਹਾਂ ਅਤੇ ਰੀਟਾ ਢਾਹਾਂ ਦੇ ਪਰਿਵਾਰ ਅਤੇ ਦੋਸਤਾਂ ਦੁਆਰਾ ਪਾਏ ਜਾਂਦੇ ਮਾਇਕ ਯੋਗਦਾਨ ਦੁਆਰਾ ਚਲਾਇਆ ਜਾਂਦਾ ਹੈ।