ਡਾ. ਦੇਵਿੰਦਰ ਸੈਫੀ ਵੱਲੋਂ ਲੇਖਕ ਜਗਤ ਨੂੰ ਵਾਤਾਵਰਣ ਸਬੰਧੀ ਵੱਧ ਚੜ ਕੇ ਲਿਖਣ ਬੋਲਣ ਦੀ ਅਪੀਲ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 01 ਫਰਵਰੀ 2022 :- ਇਸ ਸਮੇਂ ਸਮੂਹ ਬੁੱਧੀਜੀਵੀ ਲੇਖਕਾਂ ਅਤੇ ਅਧਿਆਪਕਾਂ ਨੂੰ ਵਾਤਾਵਰਣ ਦੇ ਮੁੱਦੇ ਉੱਪਰ ਚੋਣਾਂ ਲੜਨ ਜਾ ਰਹੀਆਂ ਪਾਰਟੀਆਂ ਤੋਂ ਇਹ ਮੰਗ ਕਰਨੀ ਬਣਦੀ ਹੈ ਕਿ ਪੰਜਾਬ ਦੀ ਧਰਤੀ, ਹਵਾ ਤੇ ਪਾਣੀ ਦੀ ਸ਼ੁੱਧਤਾ ਬਹਾਲ ਕਰਨ ਲਈ ਪਹਿਲ ਦੇ ਆਧਾਰ ’ਤੇ ਯਤਨਸ਼ੀਲ ਹੋਣ ਦਾ ਵਾਅਦਾ ਕਰਨ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜ ਰਹੇ ਹਰ ਉਮੀਦਵਾਰ ਤੇ ਪਾਰਟੀ ਨੂੰ ਇਸ ਸਬੰਧੀ ਚੇਤਨ ਕੀਤਾ ਜਾਵੇ। ਉਕਤ ਸ਼ਬਦ ਬੋਲਦਿਆਂ ਡਾ. ਦੇਵਿੰਦਰ ਸੈਫੀ ਨੇ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਮੌਕੇ ਇਕੱਤਰ ਲੇਖਕਾਂ ਤੇ ਬੁੱਧੀਜੀਵੀਆਂ ਨਾਲ ਇਸ ਮੁੱਦੇ ’ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਾਤਾਵਰਣ ਚੇਤਨਾ ਲਹਿਰ ਤਹਿਤ ਗਿਆਨੀ ਕੇਵਲ ਸਿੰਘ, ਕਾਹਨ ਸਿੰਘ ਪੰਨੂੰ, ਬੀਬੀ ਇੰਦਰਜੀਤ ਕੌਰ ਪਿੰਗਲਵਾੜਾ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਗੁਰਪ੍ਰੀਤ ਸਿੰਘ ਚੰਦਬਾਜਾ, ਡਾ. ਗੁਰਚਰਨ ਸਿੰਘ ਨੂਰਪੁਰ, ਓਮਿੰਦਰ ਦੱਤ, ਇੰਜੀ. ਜਸਕੀਰਤ ਸਿੰਘ ਆਦਿ ਵੱਲੋਂ ਤਿਆਰ ਕੀਤਾ “ਪੰਜਾਬ ਅਸੰਬਲੀ ਚੌਣਾ 2022 ਵਾਤਾਵਰਣ ਸਬੰਧੀ ਲੋਕ ਮਨੋਰਥ ਪੱਤਰ’’ ਸਵਾਮੀ ਸੁਖਜੀਤ, ਗੁਰਪ੍ਰੀਤ ਸਿੰਘ ਤੂਰ (ਆਈਪੀਐੱਸ), ਡਾ. ਅਨਿਲ ਸ਼ਰਮਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਡਾ. ਨਾਇਬ ਸਿੰਘ ਮੰਡੇਰ, ਬਲਦੇਵ ਸਿੰਘ ਸੜਕਨਾਮਾ, ਡਾ. ਭੀਮਇੰਦਰ ਸਿੰਘ ਮੁਖੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਯੋਗਰਾਜ ਮੁਖੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਡਾ. ਸੁਰਜੀਤ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਡਾ. ਬਲਜਿੰਦਰ ਨਸਰਾਲੀ ਦਿੱਲੀ ਯੂਨੀਵਰਸਿਟੀ, ਡਾ. ਜੋਗਾ ਸਿੰਘ ਭਾਸ਼ਾ ਵਿਗਿਆਨੀ, ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਸਾਹਿਤ ਅਕਾਦਮੀ ਲੁਧਿਆਣਾ, ਡਾ. ਰਾਕੇਸ਼ ਸ਼ਰਮਾ, ਡਾ. ਭਗਵੰਤ ਸਿੰਘ, ਪਵਨ ਹਰਚੰਦਪੁਰੀ ਆਦਿ ਲੇਖਕਾਂ ਵਲੋਂ ਵਿਸ਼ੇਸ਼ ਤੌਰ ’ਤੇ ਜਾਰੀ ਕੀਤਾ ਗਿਆ।
ਵਰਣਨਯੋਗ ਹੈ ਕਿ ਇਸ ਮਨੋਰਥ ਪੱਤਰ ’ਚ ਪੰਜਾਬ ਦੀ ਧਰਤੀ, ਪਾਣੀ ਅਤੇ ਹਵਾ ਦੀ ਸਥਿੱਤੀ ਬਾਰੇ ਤੱਥਾਂ ਅਤੇ ਅੰਕੜਿਆਂ ਸਹਿਤ ਵਰਣਨ ਕਰਕੇ ਕੁਦਰਤੀ ਸੋਮਿਆਂ ਦੀ ਨਿਰੰਤਰ ਨਿੱਘਰ ਦੀ ਸਥਿਤੀ ਤੋਂ ਸੁਚੇਤ ਕੀਤਾ ਗਿਆ ਹੈ ਤਾਂ ਜੋ ਹਰ ਵੋਟਰ ਹਰ ਪਾਰਟੀ ਆਗੂ ਅਤੇ ਪ੍ਰਬੰਧਕ ਤੋਂ ਪੰਜਾਬ ਦੇ ਸ਼ੁੱਧ ਵਾਤਾਵਰਣ ਦੀ ਮੰਗ ਕਰ ਸਕੇ। ਇਸ ਦੇ ਨਾਲ ਹੀ ਹਰ ਰਾਜਨੀਤਿਕ ਪਾਰਟੀ ਦਾ ਆਗੂ ਵੀ ਇਸ ਪੱਖੋਂ ਸੁਚੇਤ ਹੋ ਸਕੇ ਕਿ ਸ਼ੁੱਧ ਵਾਤਾਵਰਣ ਦੀ ਲੋੜ ਉਸ ਨੂੰ ਵੀ ਉਨੀ ਹੀ ਹੈ, ਜਿੰਨੀ ਆਮ ਬੰਦੇ ਨੂੰ! ਇਸ ਮੌਕੇ ਇਸ ਮਸਲੇ ਸਬੰਧੀ ਹਰ ਲੇਖਕ ਤੇ ਬੱੁਧੀਜੀਵੀ ਨੇ ਭਰਪੂਰ ਸਹਿਯੋਗ ਕਰਨ ਅਤੇ ਆਵਾਜ ਬੁਲੰਦ ਕਰਨ ਦਾ ਅਹਿਦ ਕੀਤਾ।