ਲੁਧਿਆਣਾ : 22 ਅਪ੍ਰੈਲ 2019- ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਬੰਧ ਅਧੀਨ ਚੱਲਦੇ ਪੰਜਾਬੀ ਭਵਨ ਵਿੱਚ ਕਿਤਾਬ ਚੇਤਨਾ ਤੇ ਪਰਚਾਰ ਪਰਸਾਰ ਲਈ ਸਾਈਂ ਮੀਆਂ ਮੀਰ ਭਵਨ ਰਾਹੀਂ ਕਿਤਾਬ ਸੱਭਿਆਚਾਰ ਦਾ ਮਾਹੌਲ ਉਸਾਰਿਆ ਗਿਆ ਹੈ। ਇਸੇ ਬਾਜ਼ਾਰ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਕਿਤਾਬਾਂ ਦੀ ਆਪਣੀ ਦੁਕਾਨ ਵੀ ਖੋਲ੍ਹੀ ਗਈ ਹੈ ਜਿਥੇ ਸਭ ਕਿਤਾਬਾਂ ਚਾਲੀ ਪ੍ਰਤੀਸ਼ਤ ਛੋਟ ਤੇ ਦਿੱਤੀਆਂ ਜਾਂਦੀਆਂ ਹਨ।
ਪੰਜਾਬੀ ਭਵਨ ਲੁਧਿਆਣਾ ਚ ਸਭ ਤੋਂ ਪਹਿਲੇ ਪੁਸਤਕ ਵਿਕਰੀ ਕੇਂਦਰ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੈਨੇਡਾ ਵੱਸਦੇ ਪੰਜਾਬੀ ਕਵੀ ਪਾਲ ਢਿੱਲੋਂ ਦੀ ਗ਼ਜ਼ਲ ਪੁਸਤਕ ਮੰਜ਼ਿਲ ਦਾ ਤਰਜੁਮਾ ਨੂੰ ਕਿਤਾਬਾਂ ਦੇ ਵਿਹੜੇ ਚ ਲੋਕ ਅਰਪਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਹਰ ਪੰਜਾਬੀ ਹਰ ਮਹੀਨੇ ਘੱਟੋ ਘੱਟ ਇੱਕ ਕਿਤਾਬ ਜ਼ਰੂਰ ਖ਼ਰੀਦੇ ਤੇ ਪੜ੍ਹੇ ਜਿਸ ਨਾਲ ਪੰਜਾਬ ਨੂੰ ਲਿਆਕਤ ਪੱਖੋਂ ਬੰਜਰ ਹੋਣੋਂ ਬਚਾਇਆ ਜਾ ਸਕੇ।
ਪਾਲ ਢਿੱਲੋਂ ਦੀ ਸਾਹਿੱਤਕ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪਾਲ ਕੈਨੇਡਾ ਦੇ ਬ੍ਰਿਟਿ਼ਸ਼ ਕੋਲੰਬੀਆ ਸੂਬੇ ਚ ਕੈਲੋਨਾ ਨੇੜੇ ਵਰਨਰ ਸ਼ਹਿਰ ਚ ਰਹਿ ਕੇ ਨਿਰੰਤਰ ਸਾਹਿੱਤ ਸਿਰਜਣਾ ਕਰ ਰਿਹਾ ਹੈ। ਆਪਣਾ ਕਾਵਿ ਸਫ਼ਰ ਉਸਨੇ 1998 ਚ ਗੀਤ ਸੰਗ੍ਰਹਿ ਉੱਡਦੀਆਂ ਫੁਲਕਾਰੀਆਂ ਤੋਂ ਆਰੰਭਿਆ ਅਤੇ ਬਾਦ ਚ ਗ਼ਜ਼ਲ ਤੇ ਕੇਂਦ੍ਰਿਤ ਹੋ ਗਿਆ। ਉਸ ਦੇ ਇਸ ਕਿਤਾਬ ਤੋਂ ਪਹਿਲਾਂਹੁਣ ਤੀਕ ਪੰਜ ਗ਼ਜ਼ਲ ਸੰਗ੍ਰਹਿ ਜੰਗਲ ਪਹਾੜ ਝੀਲਾਂ, ਬਰਫ਼ਾਂ ਲੱਦੇ ਰੁੱਖ,ਖੁਸ਼ੀ ਖ਼ੁਸ਼ਬੂ ਖ਼ੁਮਾਰੀ,ਦਿਸਹੱਦੇ ਤੋਂ ਪਾਰ, ਖੰਨਿਉਂ ਤਿੱਖਾ ਸਫ਼ਰ ਤੇ ਮੈਂ ਸ਼ੀਸ਼ਾ ਤੇ ਚਿਹਰਾ ਪ੍ਰਕਾਸ਼ਿਤ ਹੋ ਚੁਕੇ ਹਨ। ਮਿੱਟੀ ਅੱਗ ਹਵਾ ਤੇ ਪਾਣੀ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ।
ਸਹਿਜ ਤੋਰ ਤੁਰਦੇ ਕਵੀ ਪਾਲ ਢਿੱਲੋਂ ਦੀ ਗ਼ਜ਼ਲ ਵਿੱਚ ਕੁਦਰਤ ਨਾਲ ਸਨੇਹ ਉੱਛਲ ਉੱਛਲ ਪੈਂਦਾ ਹੈ। ਟੋਰੰਟੋ ਵੱਸਦੇ ਪੰਜਾਬੀ ਲੇਖਕ ਤੇ ਪੱਤਰਕਾਰ ਸਤਿਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਦੇਸ਼ੀ ਧਰਤੀਆਂ ਤੇ ਰਹਿ ਕੇ ਕਿਰਤ ਕਮਾਈ ਕਰਦਿਆਂ ਸਾਹਿੱਤ ਸਿਰਜਣਾ ਸੁਖਾਲਾ ਕਾਰਜ ਨਹੀਂ ਹੈ। ਪਾਲ ਸੂਰਮਾ ਲੇਖਕ ਹੈ ਜਿਸ ਨੇ ਗੋਰਾਇਆ (ਜਲੰਧਰ) ਦੀ ਮਿੱਟੀ ਨੂੰ ਵੀ ਆਪਣੇ ਕਲਾਮ ਵਿੱਚ ਜਿਉਂਦਾ ਰੱਖਿਆ ਹੈ।
ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਵੀ ਇਸ ਪੁਸਤਕ ਦੇ ਪ੍ਰਕਾਸ਼ਨ ਤੇ ਲੇਖਕ ਪਾਲ ਢਿੱਲੋਂ ਨੂੰ ਮੁਬਾਰਕ ਭੇਜੀ।
ਚੇਤਨਾ ਪ੍ਰਕਾਸ਼ਨ ਗਰੁੱਪ ਦੇ ਮਾਲਕ ਤੇ ਪੰਜਾਬੀ ਸ਼ਾਇਰ ਸਤੀਸ਼ ਗੁਲਾਟੀ ਨੇ ਵਿਸ਼ਵ ਪੁਸਤਕ ਦਿਵਸ ਦੀ ਪੂਰਵ ਸੰਧਿਆ ਤੇ ਪਾਲ ਢਿੱਲੋਂ ਦੀ ਕਿਤਾਬ ਲੋਕ ਅਰਪਨ ਕਰਨ ਲਈ ਸਭਨਾਂ ਦਾ ਧੰਨਵਾਦ ਕੀਤਾ।
ਚੇਤਨਾ ਪ੍ਰਕਾਸ਼ਨ ਦੇ ਜਨਰਲ ਮੈਨੇਜਰ ਸੁਮਿਤ ਗੁਲਾਟੀ ਨੇ ਇਸ ਮੌਕੇ ਦੱਸਿਆ ਕਿ ਵਿਸ਼ਵ ਪੁਸਤਕ ਦਿਵਸ 23 ਅਪਰੈਲ ਤੋਂ ਪਹਿਲੀ ਮਈ ਮਜ਼ਦੂਰ ਦਿਵਸ ਪਹਿਲੀ ਮਈ ਤੀਕ ਪੰਜਾਬੀ ਦੇ ਸਾਰੇ ਪਬਲਿਸ਼ਰ ਅਤੇ ਬੁੱਕ ਸੈਲਰਾਂ ਨੂੰ ਚੇਤਨਾ ਪ੍ਰਕਾਸ਼ਨ ਦੀਆਂ ਸਾਰੀਆਂ
ਪੁਸਤਕਾਂ ਖਰੀਦਣ ਤੇ 55% ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ ਪਰ ਇਹ ਪ੍ਰਕਾਸ਼ਿਤ ਕੀਮਤ ਦੀਆਂ ਪੰਜਾਹ ਹਜ਼ਾਰ ਰੁਪਏ ਦੀਆਂ ਕਿਤਾਬਾਂ ਖ਼ਰੀਦਣ ਤੇ ਹੀ ਲਾਗੂ ਹੋਵੇਗਾ।