ਜਰਮਨੀ ਵੱਸਦੇ ਪਾਕਿਸਤਾਨੀ ਪੰਜਾਬੀ ਕਵੀ ਅਮਜਦ ਆਰਫ਼ੀ ਦੀ ਗ਼ਜ਼ਲ ਪੁਸਤਕ ਚੁੱਪ ਦੀ ਬੁੱਕਲ ਲੋਕ ਅਰਪਨ
ਲੁਧਿਆਣਾਃ 17 ਜੂਨ 2022 - ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਜਰਮਨੀ ਵੱਸਦੇ ਪਾਕਿਸਤਾਨੀ ਮੂਲ ਦੇ ਪੰਜਾਬੀ ਕਵੀ ਅਮਜਦ ਆਰਫ਼ੀ ਦੀ ਗ਼ਜ਼ਲ ਪੁਸਤਕ ਚੁੱਪ ਦੀ ਬੁੱਕਲ ਲੋਕ ਅਰਪਨ ਕੀਤੀ ਗਈ।
ਇਸ ਪੁਸਤਕ ਨੂੰ ਭੁਪਿੰਦਰ ਪੰਨੀਵਾਲੀਆ ਸੰਚਾਲਕ ਤਸਵੀਰ ਪ੍ਰਕਾਸ਼ਨ ਕਾਲਾਂਵਾਲੀ( ਸਿਰਸਾ) ਹਰਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਗ਼ਜ਼ਲ ਪੁਸਤਕ ਨੂੰ ਲੋਕ ਅਰਪਨ ਕਰਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਮਜਦ ਆਰਫ਼ੀ ਦੀ ਗ਼ਜ਼ਲ ਵਿੱਚ ਅਜਬ ਜਾਦੂ ਹੈ। ਇਸ ਨੂੰ ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਜ਼ਿੰਦਗੀ ਨਾਲ ਖਹਿ ਕੇ ਲੰਘ ਰਹੇ ਹੋਈਏ। ਪਿਛਲੇ 42 ਸਾਲ ਜਰਮਨੀ ਚ ਰਹਿਣ ਦੇ ਬਾਵਜੂਦ ਅਮਜਦ ਆਰਫ਼ੀ ਨੇ ਆਪਣੀ ਮੂਲ ਭਾਸ਼ਾ ਚ ਖੋਟ ਨਹੀਂ ਰਲ਼ਣ ਦਿੱਤਾ।
ਆਸਟਰੇਲੀਆ ਤੋਂ ਆਏ ਲੇਖਕ ਤੇ ਪੇਂਡੂ ਆਸਟਰੇਲੀਆ ਚੈਨਲ ਦੇ ਸੰਚਾਲਕ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨੇ ਕਿਹਾ ਕਿ ਯੋਰਪ ਵਰਗੇ ਬਦੇਸ਼ ਚ ਵੱਸਦੇ ਲੇਖਕਾਂ ਦੀ ਤਪੱਸਿਆ ਪੰਜਾਬ ਵੱਸਦਿਆਂ ਲੇਖਕਾਂ ਨਾਲੋਂ ਕਿਤੇ ਵੱਧ ਹੈ ਕਿਉਂਕਿ ਉਥੇ ਉਤਸ਼ਾਹ ਦੇਣ ਜਾਂ ਸਲਾਹ ਦੇਣ ਵਾਲੀ ਮੁਹਾਰਤ ਦੀ ਕਮੀ ਹੈ। ਇਹ ਆਰਫ਼ੀ ਜੀ ਦੀ ਹਿੰਮਤ ਹੈ ਕਿ ਉਨ੍ਹਾਂ ਗ਼ਜ਼ਲ ਵਰਗੇ ਸਾਹਿੱਤ ਰੂਪ ਨੂੰ ਨਿਭਾਇਆ ਹੈ।
ਪੰਜਾਬੀ ਗ਼ਜ਼ਲਗੋ ਮਨਜਿੰਦਰ ਧਨੋਆ ਨੇ ਕਿਹਾ ਕਿ ਪਾਕਿਸਤਾਨ ਚ ਲਿਖੀ ਜਾ ਰਹੀ ਪੰਜਾਬੀ ਗ਼ਜ਼ਲ ਨਾਲੋਂ ਆਰਫੀ ਜੀ ਦਾ ਕਲਾਮ ਕਿਸੇ ਤਰਾਂ ਵੀ ਹਲਕਾ ਨਹੀਂ ਸਗੋਂ ਪੂਰਾ ਬਰ ਮੇਚਦਾ ਹੈ। ਪੰਜਾਬੀ ਕਵੀ ਅਮਨਦੀਪ ਸਿੰਘ ਫੱਲ੍ਹੜ ਨੇ ਵੀ ਆਰਫ਼ੀ ਨੂੰ ਧਰਤੀ ਦੀ ਜ਼ਬਾਨ ਸਮਝਣ ਵਾਲਾ ਕਵੀ ਕਿਹਾ।
ਭੁਪੰਦਰ ਪੰਨੀਵਾਲੀਆ ਨੇ ਕਿਹਾ ਕਿ ਇਹ ਕਿਤਾਬ ਪਹਿਲਾਂ ਪਾਕਿਸਤਾਨ ਵਿੱਚ ਸ਼ਾਹਮੁਖੀ ਲਿਪੀ ਵਿੱਚ ਛਪੀ ਸੀ ਤੇ ਹੁਣ ਏਧਰ ਪੱਜਾਬੀ ਪਾਠਕਾਂ ਲਈ ਪ੍ਰਕਾਸ਼ਿਤ ਕੀਤੀ ਗਈ ਹੈ।