ਡਾ. ਧਰਮਵੀਰ ਗਾਂਧੀ ਵੱਲੋਂ “ਗੁਸਈਆਂ” ਮੈਗਜ਼ੀਨ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 7 ਜੁਲਾਈ 2024:- ਸ੍ਰੀ ਬੇਗਮਪੁਰਾ ਮਿਸ਼ਨ ਪਟਿਆਲਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਾਹਿਤਿਕ ਮੈਗਜ਼ੀਨ “ਗੁਸਈਆਂ” ਦੇ ਜੁਲਾਈ ਅੰਕ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਹਾਲ ਹੀ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਗਏ ਡਾ ਧਰਮਵੀਰ ਗਾਂਧੀ ਵੱਲੋਂ ਲੋਕ ਅਰਪਣ ਕੀਤਾ ਗਿਆ। ਉਹਨਾਂ ਨੇ ਨਿਰੰਤਰ ਪਿਛਲੇ 17 ਸਾਲਾਂ ਤੋਂ ਕੁਲਵੰਤ ਸਿੰਘ ਨਾਰੀਕੇ ਦੇ ਸੰਪਾਦਨ ਹੇਠ ਮਾਂ ਬੋਲੀ ਪੰਜਾਬੀ ਦੀ ਨਿਸ਼ਕਾਮ ਸੇਵਾ ਕਰ ਰਹੇ ਇਸ ਮੈਗਜ਼ੀਨ ਦੀ ਭਰਪੂਰ ਸ਼ਲਾਘਾ ਕੀਤੀ।
ਡਾ ਗਾਂਧੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸੀਮਿਤ ਆਰਥਿਕ ਵਸੀਲਿਆਂ ਨਾਲ ਕੋਈ ਸਾਹਿਤਿਕ ਮੈਗਜ਼ੀਨ ਕੱਢਣਾ ਬੜਾ ਜੱਦੋ-ਜਹਿਦ ਵਾਲਾ ਕੰਮ ਹੈ। ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ‘ਤੇ ਆਪਣੇ ਫਿਕਰ ਜ਼ਾਹਰ ਕਰਦਿਆਂ ਡਾ ਗਾਂਧੀ ਨੇ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ ਨੂੰ ਮਾਰੂਥਲ ਹੋਣ ਤੋਂ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਰੁੱਖ ਲਾਉਣੇ ਪੈਣਗੇ। ਕਣਕ ਅਤੇ ਝੋਨੇ ਦੀਆਂ ਰਵਾਇਤੀ ਫਸਲਾਂ ਨੂੰ ਛੱਡ ਕੇ ਦਾਲਾਂ, ਕਪਾਹ ਤੇ ਕਮਾਦ ਵਰਗੀਆਂ ਲਾਹੇਵੰਦ ਫਸਲਾਂ ਬੀਜਣੀਆਂ ਪੈਣਗੀਆਂ ਜਾਂ ਉਹੀ ਫਸਲਾਂ, ਜਿਹੜੀਆਂ ਧਰਤੀ ਹੇਠਲੇ ਪਾਣੀ ਦੇ ਖ਼ਾਤਮੇ ਤੋਂ ਮਗਰੋਂ ਬੀਜੀਆਂ ਜਾ ਸਕਣੀਆਂ ਸੰਭਵ ਹੋਣ।
ਮੈਗਜ਼ੀਨ ਦਾ ਲੋਕ ਅਰਪਣ ਕਰਦੇ ਸਮੇਂ ਗਿਆਨਦੀਪ ਸਾਹਿਤ ਸਾਧਨਾ ਦੀ ਸਮੁੱਚੀ ਟੀਮ ਹਾਜ਼ਰ ਰਹੀ. ਜਿਨ੍ਹਾਂ ਵਿੱਚ ਮੰਚ ਦੇ ਪ੍ਰਧਾਨ ਡਾ ਜੀ ਐਸ ਅਨੰਦ, ਜਨਰਲ ਸਕੱਤਰ ਬਲਬੀਰ ਜਲਾਲਾਬਾਦੀ, ਕੁਲਵੰਤ ਸੈਦੋਕੇ, ਗੁਰਚਰਨ ਸਿੰਘ ‘ਚੰਨ ਪਟਿਆਲਵੀ’, ਦਰਸ਼ ਪਸਿਆਣਾ, ਜਸਵਿੰਦਰ ਖਾਰਾ, ਗੁਰਪ੍ਰੀਤ ਢਿੱਲੋਂ ਤੋਂ ਇਲਾਵਾ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਸਤਨਾਮ ਸਿੰਘ ਅਤੇ ਖੋਜ ਅਫਸਰ ਡਾ ਸੰਤੋਖ ਸਿੰਘ ਸੁੱਖੀ, ਡਾ ਨਰਿੰਦਰ ਸਿੰਘ ਸੰਧੂ ਅਤੇ ਗੁਰਮੇਲ ਸਿੰਘ ਐਸ ਡੀ ਓ ਵੀ ਹਾਜ਼ਰ ਰਹੇ।