ਇੰਗਲੈਂਡ ਵਸੇਂਦੇ ਲੇਖਕ ਗੁਰਚਰਨ ਸੱਗੂ (ਚੰਨਾ ਲਲਾਰੀ) ਨਾਲ ਸਾਹਿਤਕ ਮਿਲਣੀ
ਲੁਧਿਆਣਾ, 22 ਅਪ੍ਰੈਲ, 2022- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਭਵਨ ਦੇ ਵਿਹੜੇ ਵਿਚ 21 ਅਪ੍ਰੈਲ 2022 ਨੂੰ ਇੰਗਲੈਂਡ ਵੱਸਦੇ ਲੇਖਕ ਗੁਰਚਰਨ ਸੱਗੂ ਨਾਲ ਇਕ ਸਾਹਿਤਕ ਮਿਲਣੀ ਆਯੋਜਿਨ ਕੀਤਾ ਗਿਆ। ਉਹਨਾਂ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਅਤੇ ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਜ਼ਿੰਦਗੀ ਇਕ ਸੁਪਨਾ ਹੁੰਦੀ ਹੈ ਅਤੇ ਸੁਪਨੇ ਦੋ ਤਰ੍ਹਾਂ ਦੇ ਹੁੰਦੇ ਹਨ – ਇਕ ਬੰਦਾ ਸੁੱਤਿਆ ਵੇਖਦਾ ਹੈ ਤੇ ਇਹ ਜਾਗਦੇ ਹੋਏ ਸੁਪਨੇ। ਇਨ੍ਹਾਂ ਜਾਗਦੇ ਸੁਪਨਿਆਂ ਦੀ ਬਦੌਲਤ ਹੀ ਇਨਸਾਨ ਕੱਖ ਤੋਂ ਲੱਖ ਦਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਕੋਦਰ ਚੌਂਕ ਵਿਚ ਚੁੰਨੀਆਂ ਰੰਗਣ ਤੋਂ ਸ਼ੁਰੂ ਕਰਕੇ ਇੰਗਲੈਂਡ ਦੇ ਬਹੁਤ ਵੱਡੇ ਬਿਜਨਸਮੈਨ ਤੱਕ ਦਾ ਸਫ਼ਰ ਉਨ੍ਹਾਂ ਦੀ ਜ਼ਿੰਦਗੀ ਹਾਸਿਲ ਹੈ ਜਿਸ ਵਿਚ ਉਹ ਕੱਖੋਂ ਹੌਲਾ ਹੀ ਹੋਇਆ ਤੇ ਫ਼ਿਰ ਸੰਭਲਿਆ।
ਇਸ ਤੋਂ ਪਹਿਲੇ ਅਕਾਡਮੀ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਨੇ ਗੁਰਚਰਨ ਸੱਗੂ ਨੂੰ ਜੀ ਆਇਆਂ ਕਹਿੰਦਿਆਂ ਅਕਾਡਮੀ ਦੇ ਕਾਰਜਾਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਵੱਸਦੇ ਲੇਖਕਾਂ ਨੂੰ ਸਤਿਕਾਰ ਦੇਣਾ ਅਤੇ ਮੰਚ ਪ੍ਰਦਾਨ ਕਰਨਾ ਤਾਂ ਕਿ ਉਹ ਆਪਣੇ ਅਨੁਭਵ ਨੂੰ ਸਾਂਝਾ ਕਰ ਸਕਣ – ਸਾਡਾ ਨਿਸ਼ਾਨਾ ਹੈ। ਪ੍ਰੋ.ਰਵਿੰਦਰ ਭੱਠਲ ਹੋਰਾਂ ਗੁਰਚਰਨ ਸੱਗੂ ਦੀ ਜਾਣ ਪਛਾਣ ਕਰਾਂਦਿਆਂ ਕਿਹਾ ਕਿ ਲੰਡਨ ਦਾ ਨਿਵੇਕਲਾ ਬਿਜਨਸਮੈਨ ਜਿਹਨੇ ਰੇਲਵੇ ਟਰੈਕਾਂ ‘ਤੇ ਕੰਮ ਕੀਤਾ ਤੇ ਹੋਰ ਮਿਹਨਤ-ਮਜ਼ੂਰੀ ਕੀਤੀ ਤੇ ਆਪਣੇ ਸੁਪਨੇ ਨੂੰ ਸੱਚ ਕਰਨ ਲਈ ਜੀ-ਜਾਨ ਨਾਲ ਕੰਮ ਕੀਤਾ। ਪ੍ਰੋ.ਗੁਰਭਜਨ ਸਿੰਘ ਗਿੱਲ ਹੋਰਾਂ ਪ੍ਰੋਗਰਾਮ ਨੂੰ ਸਮੇਟਦਿਆਂ ਕਿਹਾ ਕਿ ਗੁਰਚਰਨ ਸੱਗੂ ਦਾ ਜੀਵਨ ਜਿਹੜੇ ਕਸ਼ਟਾਂ-ਦੁਖਾਂ ਤੇ ਦੁਸ਼ਵਾਰੀਆਂ ਵਿਚੋਂ ਗੁਜ਼ਰਿਆ ਉਹਦੇ ਵਿਚੋਂ ਲੰਘਣ ਵਿਚ ਜੋ ਹੱਲਾਸ਼ੇਰੀ ਤੇ ਮਦਦ ਉਸ ਦੀ ਜੀਵਨ ਸਾਥਣ ਮਨਜੀਤ ਨੇ ਕੀਤੀ, ਉਹਦੇ ਲਈ ਉਨ੍ਹਾਂ ਦੀ ਪਤਨੀ ਸਤਿਕਾਰ ਦੀ ਪਾਤਰ ਹੈ।
ਡਾ.ਗੁਰਇਕਬਾਲ ਸਿੰਘ ਜਨਰਲ ਸਕੱਤਰ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਨੂੰ ਡਾ.ਗੁਰਚਰਨ ਕੌਰ ਕੌਚਰ ਨੇ ਬਾਖ਼ੂਬੀ ਨਿਭਾਇਆ। ਹੋਰਾਂ ਤੋਂ ਇਲਾਵਾ ਹੇਠ ਲਿਖੇ ਲੇਖਕ ਸ਼ਾਮਲ ਹੋਏ ਅਮਰਜੀਤ ਸ਼ੇਰਪੁਰੀ, ਦਫ਼ਤਰ ਸਕੱਤਰ ਕੇ.ਸਾਧੂ ਸਿੰਘ, ਬਲੌਕਰ ਸਿੰਘ ਗਿੱਲ, ਭੁਪਿੰਦਰ ਚੌਂਕੀਮਾਨ, ਤੇ ਗੁਰਚਰਨ ਸੱਗੂ ਦੀ ਧਰਮ ਪਤਨੀ ਮਨਜੀਤ ਰਾਣੀ ਸੱਗੂ, ਜਗਦੀਪ ਦੀਪ, ਧਨਵਿੰਦਰ ਕੌਰ, ਬਲਦੇਵ ਸਿੰਘ ਝੱਜ, ਸੁਖਜੀਤ, ਸਤੀਸ਼ ਗੁਲਾਟੀ, ਲਖਵੰਤ ਸਿੰਘ, ਸਤਵੀਰ ਸਿੰਘ, ਅਮਨ ਸੁਖਰਾਜ, ਕੁਲਵਿੰਦਰ ਸਿੰਘ ਆਹਲੂਵਾਲੀਆਂ, ਡਾ.ਸੁਖਦੇਵ ਸਿੰਘ, ਜਸਵੰਤ ਸਿੰਘ ਸੰਧੂ, ਸਰਬਜੀਤ ਸਿੰਘ ਵਿਰਦੀ ਆਦਿ ਸ਼ਾਮਲ ਹੋਏ।