ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਚਰਨ ਸਤਿਕਾਰ ਭੇਂਟ ਕੀਤਾ
ਗੁਰਭਜਨ ਗਿੱਲ
ਚੰਡੀਗੜ੍ਹ, 05 ਸਤੰਬਰ 2021- ਅਧਿਆਪਕ ਦਿਵਸ ਮੌਕੇ ਆਪਣੇ ਮਾਪਿਆਂ, ਭੈਣ ਭਰਾਵਾਂ, ਸਰਕਾਰੀ ਪ੍ਰਾਇਮਰੀ ਸਕੂਲ ਬਸੰਤਕੋਟ (ਬਟਾਲਾ)ਤੋਂ ਲੈ ਕੇ ਸੇਵਾ ਭੂਮੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਚਰਨ ਸਤਿਕਾਰ ਭੇਂਟ ਹੈ । ਮੇਰੇ ਅਧਿਆਪਕਾਂ ਦੀ ਪ੍ਰੇਰਨਾ ਤੇ ਅਗਵਾਈ ਨਾਲ ਮੇਰੀਆਂ ਜਿੰਨੀਆਂ ਕੁ ਅੱਖਾਂ ਖੁੱਲ੍ਹੀਆਂ ਹਨ ਉਨ੍ਹਾਂ ਰਾਹੀਂ ਵੇਖੇ ਸੰਸਾਰ ਬਾਰੇ ਮੇਰੀ ਗ਼ਜ਼ਲ ਹਾਜ਼ਰ ਹੈ। ਪਰ ਜਿਹੜੇ ਅਧਿਆਪਕ ਹਰ ਹਕੂਮਤੀ ਡੰਡੇ ਨਾਲ ਸੜਕਾਂ ਤੇ ਲੰਮੇ ਸਮੇਂ ਤੋਂ ਛੱਲੀਆਂ ਵਾਂਗ ਕੁੱਟੇ ਜਾ ਰਹੇ ਹਨ, ਉਨ੍ਹਾਂ ਦੀ ਅੱਖ ਵਿੱਚ ਮੇਰੀ ਅੱਖ ਨਹੀਂ ਰਲ਼ ਰਹੀ।
ਫਿਰ ਵੀ ਰਸਮਾਂ ਦੇ ਗੁਲਾਮ ਵੱਲੋਂ
ਇਹ ਸ਼ਬਦ ਪ੍ਰਵਾਨ ਕਰਨਾ।
ਗਜ਼ਲ
ਗੁਰਭਜਨ ਗਿੱਲ
ਰਾਜ ਘਰਾਂ ਦੇ ਲੇਖੇ ਅੰਦਰ ਹਰ ਬਾਗੀ ਮਸ਼ਕੂਕ ਕਿਉਂ ਹੈ?
ਬੰਦ ਬੂਹਿਆਂ ਨੂੰ ਵੱਜ ਕੇ ਮੁੜਦੀ, ਇਸ ਧਰਤੀ ਦੀ ਕੂਕ ਕਿਉਂ ਹੈ?
ਇਹ ਵੀ ਤਾਂ ਸਾਡੀ ਕਮਜ਼ੋਰੀ, ਤੂੰ ਕਰਦੈਂ ਜੋ ਸੀਨਾਜ਼ੋਰੀ,
ਸਦੀਆਂ ਤੋਂ ਹੀ ਤੇਰਾ ਕੈਦੀ, ਸਾਡਾ ਹੱਕ ਹਕੂਕ ਕਿਉਂ ਹੈ?
ਲੱਖ ਵਾਰੀ ਅਜ਼ਮਾਏ ਵਕਤਾਂ, ਸ਼ਬਦ ਸ਼ਸਤਰਾਂ ਨਾਲੋਂ ਤਿੱਖੇ,
ਮੂੰਹ ਵਿਚ ਜੀਭ ਜਿਉਂਦੀ ਹੁੰਦਿਆਂ, ਤੇਰੇ ਹੱਥ ਬੰਦੂਕ ਕਿਉਂ ਹੈ?
ਸਾਨੂੰ ਵੀ ਮਾਵਾਂ ਨੇ ਜਣਿਆ, ਬਾਬਲ ਸਾਨੂੰ ਲਾਡ ਲਡਾਏ,
ਆਪੇ ਦੱਸ ਤੂੰ ਮਹਿਲ ਵਾਲਿਆਂ, ਵੱਖੋ ਵੱਖ ਸਲੂਕ ਕਿਉਂ ਹੈ?
ਨਰਮਾ ਖਿੜਿਆ, ਚੁਗਿਆ ਤੇ ਫਿਰ ਕੱਤ ਬਣਾਇਆ ਮਹਿੰਗਾ ਵਸਤਰ,
ਬੀਜਣਹਾਰੇ ਤੇ ਚੋਗੀ ਦਾ ਚਿਹਰਾ ਪੀਲਾ ਭੂਕ ਕਿਉਂ ਹੈ?
ਮੈਂ ਇਹ ਸੁਣਿਐਂ, ਹਿੱਕੜੀ ਅੰਦਰ ਸੁਪਨੇ ਉੱਗਦੇ ਵੰਨ ਸੁਵੰਨੇ,
ਸਾਡੇ ਦਿਲ ਦੀ ਦਿੱਲੜੀ ਅੰਦਰ, ਹਰ ਦਮ ਉੱਠਦੀ ਹੂਕ ਕਿਉਂ ਹੈ?
ਜਨਕ-ਦੁਲਾਰੀ ਦੇ ਲਈ ਕੁੱਜੀ, ਮਹਾਰਾਜੇ ਦੀ ਮਾਂ ਲਈ ਮਹੁਰਾ,
ਹਰ ਯੁਗ ਅੰਦਰ, ਹਰ ਧੀ ਖਾਤਰ, ਸੱਸੀ ਵਾਂਗ ਸੰਦੂਕ ਕਿਉਂ ਹੈ?
ਗ਼ਜ਼ਲ ਸੰਗ੍ਰਹਿ
ਗੁਲਨਾਰ ਵਿੱਚੋਂ