ਚੰਡੀਗੜ੍ਹ, 20 ਜਨਵਰੀ, 2017 : ਅੱਜ ਇੱਥੇ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ. ਐਸ.ਵਾਈ. ਕੁਰੈਸ਼ੀ ਨੇ ਵਿੱਤੀ ਕਮਿਸ਼ਨਰ ਸ੍ਰੀ ਐਸ.ਆਰ. ਲੱਧੜ ਦੀ ਪਲੇਠੀ ਪੁਸਤਕ 'ਸ਼ੇਰਨੀ ਦਾ ਦੁੱਧ' ਲੋਕ ਅਰਪਣ ਕੀਤੀ। ਪੁਸਤਕ ਰਿਲੀਜ਼ ਸਮਾਗਮ ਆਈ.ਡੀ.ਸੀ. ਸੈਕਟਰ 38, ਚੰਡੀਗੜ੍ਹ ਵਿਖੇ ਹੋਇਆ।
ਮੁੱਖ ਮਹਿਮਾਨ ਸ੍ਰੀ ਕੁਰੈਸ਼ੀ ਨੇ ਪੁਸਤਕ ਬਾਰੇ ਬੋਲਦੇ ਹੋਏ ਕਿਹਾ ਕਿ ਸ੍ਰੀ ਲੱਧੜ ਵੱਲੋਂ ਲੋਕ ਹਿਤ ਨਾਲ ਜੁੜੇ ਤਜਰਬੇ ਪੰਜਾਬੀ ਭਾਸ਼ਾ ਵਿੱਚ ਸਾਂਝੇ ਕਰਨਾ ਬਹੁਤ ਹੀ ਸ਼ੁਭ ਸ਼ਗਨ ਹੈ। ਉਨ੍ਹਾਂ ਨੇ 'ਸ਼ੇਰਨੀ ਦਾ ਦੁੱਧ' ਪੁਸਤਕ 'ਤੇ ਚਰਚਾ ਕਰਦੇ ਹੋਏ ਕਿਹਾ, ਕਿ ਸ੍ਰੀ ਲੱਧੜ ਨੇ ਆਪਣੇ ਤਜਰਬਿਆਂ 'ਤੇ ਆਧਾਰਿਤ ਪੁਸਤਕ ਲਿਖ ਕੇ ਬਹੁਤ ਵੱਡਾ ਕੰਮ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ਦੀ ਹੋਰ ਵੀ ਖ਼ੁਸ਼ੀ ਜ਼ਾਹਿਰ ਕੀਤੀ, ਕਿ ਪੁਸਤਕ ਮਾਂ-ਬੋਲੀ ਵਿੱਚ ਲਿਖੀ ਗਈ ਹੈ। ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਆਪਣੇ ਤਜਰਬੇ ਨੂੰ ਚੇਤੇ ਕਰਦਿਆਂ ਕਿਹਾ, ਕਿ ਦੁਨੀਆਂ ਦੇ ਸਭ ਤੋਂ ਮਜ਼ਬੂਤ ਮੰਨੇ ਜਾਂਦੇ ਜਮਹੂਰੀ ਮੁਲਕ ਭਾਰਤ ਦੀਆਂ ਚੋਣਾਂ ਅਫ਼ਸਰਸ਼ਾਹੀ ਹੀ ਕਰਾਉਂਦੀ ਹੈ।
ਪੰਜਾਬ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਦੇ ਚੇਅਰਮੈਨ ਡਾ. ਪ੍ਰਮੋਦ ਕੁਮਾਰ ਨੇ ਕਿਹਾ ਕਿ ਲੋਕਪੱਖੀ ਨਜ਼ਰੀਏ ਤੋਂ ਲੋਕ ਸੇਵਾ ਕਰਨ ਦਾ ਰੁਝਾਨ ਵਧਾਉਣ ਦੀ ਬੇਹੱਦ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਲੱਧੜ ਦੀ ਪੁਸਤਕ ਨਵੀਂ ਸੇਧ ਦੇਵੇਗੀ।
ਸ੍ਰੀ ਲੱਧੜ ਨੇ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਕਿ ਪੁਸਤਕ ਲਿਖਣ ਪਿੱਛੇ ਦਾ ਮੰਤਵ ਆਪਣੇ ਜੀਵਨ ਕਾਲ ਦੇ ਸੰਘਰਸ਼ ਰਾਹੀਂ ਕੀਤੀਆਂ ਪ੍ਰਾਪਤੀਆਂ ਨੂੰ ਲੋਕ ਸੇਵਾ ਦੇ ਲੇਖੇ ਲਾਉਣਾ ਹੈ। ਪੰਜਾਬੀ ਸਾਹਿਤ ਵਿੱਚ ਇਹ ਇੱਕ ਨਵੀਂ ਵਿਧਾ ਦਾ ਆਗ਼ਾਜ਼ ਕਰਨ ਵਾਲੀ ਪੁਸਤਕ ਹੈ। ਇਸ ਵਿੱਚ ਲੇਖਕ ਦੇ ਜੀਵਨ ਦੀਆਂ ਯਾਦਾਂ ਪੰਜਾਬ ਦੇ ਅਲੋਪ ਹੋ ਰਹੇ ਸੱਭਿਆਚਾਰ ਅਤੇ ਸਮਾਜ ਨੂੰ ਦਰਪੇਸ਼ ਤਤਕਾਲੀਨ ਮਸਲੇ ਮਿਸ਼ਰਤ ਰੂਪ ਵਿੱਚ ਸਮੋਏ ਹੋਏ ਹਨ। ਇਹ ਪੁਸਤਕ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗੀ। ਉਨ੍ਹਾਂ ਨੇ ਆਪਣੀ ਪੁਸਤਕ ਵਿੱਚ ਹੱਡੀਂ ਹੰਢਾਏ ਤਜਰਬੇ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਪੇਸ਼ਾਵਰ ਲੇਖਕ ਨਹੀਂ ਹਨ, ਪਰ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਸੇਧ ਲੈਣ ਦੇ ਨਾਲ-ਨਾਲ 'ਅੱਧਰਿੜਕੇ' ਵਰਗਾ ਸੁਆਦ ਲੈਣਗੇ। ਉਨ੍ਹਾਂ ਨੇ ਪੰਜਾਬੀ ਵਿੱਚ ਪੁਸਤਕ ਲਿਖਣ ਦੀ ਚੋਣ ਕੀਤੀ, ਤਾਂ ਜੋ ਲੋਕਾਂ ਦੀ ਜ਼ੁਬਾਨ 'ਚ ਆਪਣੇ ਤਜਰਬੇ ਸਾਂਝੇ ਕਰ ਸਕਣ। ਇਸ ਮੌਕੇ ਨਾਮਵਰ ਲੇਖਕ ਸ੍ਰੀ ਹਰਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ, ਸਾਬਕਾ ਆਈ.ਏ.ਐਸ. ਸ੍ਰੀ ਜੇ.ਆਰ. ਕੁੰਡਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਲੋਕ ਗੀਤ ਪ੍ਰਕਾਸ਼ਨ ਦੇ ਮੁਖੀ ਹਰੀਸ਼ ਜੈਨ, ਪੱਤਰਕਾਰ ਅਤੇ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।