ਲੁਧਿਆਣਾ, 07 ਨਵੰਬਰ 2019 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਵਿਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 55੦ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਪੰਜਾਬੀ ਸਾਹਿਤ ਜਗਤ ਦੀ ਮਹਾਨ ਸ਼ਖਸੀਅਤ ਗਿਆਨੀ ਲਾਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਕ ਅੰਤਰ ਕਾਲਜ ਕਾਵਿ ਉਚਾਰਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਲਗਭਗ ੨੦ ਤੋਂ ਜ਼ਿਆਦਾ ਕਾਲਜਾਂ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ, ਸਿੱਖਿਆਵਾਂ ਤੇ ਸੰਦੇਸ਼ ਨੂੰ ਸਮਰਪਿਤ ਕਵਿਤਾਵਾਂ ਦੇ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸ ਪ੍ਰੋਗਰਾਮ ਦੇ ਵਿਚ ਪ੍ਰੋ. ਗੁਰਭਜਨ ਗਿੱਲ, ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਅਤੇ ਪ੍ਰੋ. ਪਰਸ਼ੋਤਮ ਦਾਸ ਗੁਪਤਾ, ਸਾਬਕਾ ਪ੍ਰੋਫੈਸਰ, ਆਰੀਆ ਕਾਲਜ, ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੇ ਆਰੰਭ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਇਸ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਵਿਦਿਆਰਥੀਆਂ ਅਤੇ ਵੱਖ ਵੱਖ ਜੱਜਾਂ ਨੂੰ ਜੀ ਆਇਆ ਆਖਿਆ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਨ ਭਾਵ ਦੇ ਨਾਲ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣ ਦੀ ਬੇਹੱਦ ਲੋੜ ਹੈ। ਇਸ ਮੌਕੇ 'ਤੇ ਮੁੱਖ ਮਹਿਮਾਨ ਪ੍ਰੋ. ਗੁਰਭਜਨ ਗਿੱਲ ਨੇ ਕਾਲਜ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਟਾਫ਼ ਨੂੰ ਇਸ ਕਾਵਿ ਪ੍ਰਤੀਯੋਗਤਾ ਨੂੰ ਆਯੋਜਿਤ ਕਰਨ ਲਈ ਭਰਪੂਰ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ ਤੇ ਕਿਹਾ ਕਿ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਹਮੇਸ਼ਾ ਤੋਂ ਹੀ ਵਿਦਿਆਰਥੀਆਂ ਦੇ ਅੰਦਰ ਛੁੱਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਮੰਚ ਸਿਰਜਦਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਦੀ ਇਹ ਕਾਵਿ ਉਚਾਰਨ ਪ੍ਰਤੀਯੋਗਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਇਹ ਬੇਹੱਦ ਸਾਰਥਕ ਤੇ ਉਸਾਰੂ ਉਪਰਾਲਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨਾਲ ਜੋੜਿਆ ਜਾ ਸਕਦਾ ਹੈ। ਅੱਜ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਪੁਰਸ਼ੋਤਮ ਦਾਸ ਗੁਪਤਾ ਜੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਆਪਣੀ ਉਹ ਉਰਦੂ ਕਵਿਤਾ ਵੀ ਸਭ ਨਾਲ ਸਾਂਝੀ ਕੀਤੀ, ਜਿਸ ਕਵਿਤਾ ਤੇ ਉਨ੍ਹਾਂ ਨੂੰ ਇਸੇ ਕਾਲਜ ਵਿਚ ੫੦ ਸਾਲ ਪਹਿਲਾ ੧੯੬੯ ਈਸਵੀ ਵਿਚ ਹੋਏ ਕਾਵਿ ਉਚਾਰਨ ਮੁਕਾਬਲੇ ਵਿਚ ਪਹਿਲਾ ਇਨਾਮ ਪ੍ਰਾਪਤ ਹੋਇਆ ਸੀ।
ਪ੍ਰੋਗਰਾਮ ਦੇ ਅੰਤ ਵਿਚ ਡਾ. ਸ.ਪ. ਸਿੰਘ, ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵੱਲੋਂ ਗਿਆਨੀ ਲਾਲ ਸਿੰਘ ਜੀ ਦੇ ਨਾਮ ਉਪਰ ਆਯੋਜਿਤ ਕੀਤਾ ਜਾ ਰਿਹਾ ਇਹ ਕਾਵਿ ਉਚਾਰਨ ਮੁਕਾਬਲਾ ਕਈ ਪਹਿਲੂਆਂ ਤੋਂ ਮਹਤੱਵਪੂਰਨ ਹੈ। ਇਸ ਦੇ ਨਾਲ ਜਿਥੇ ਗਿਆਨੀ ਲਾਲ ਸਿੰਘ ਦੀ ਸ਼ਖ਼ਸੀਅਤ ਨੂੰ ਯਾਦ ਕਰਨ ਦਾ ਮੌਕਾ ਮਿਲ ਰਿਹਾ ਹੈ ਉਥੇ ਨਾਲ ਦੇ ਨਾਲ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਵਿਚ ਛੁੱਪੀਆਂ ਹੋਈਆਂ ਸਾਹਿਤਕ ਰੁਚੀਆਂ ਨੂੰ ਪ੍ਰਗਟਾਉਣ ਦਾ ਇਕ ਸਾਕਾਰਤਾਮਕ ਮੰਚ ਸਿਰਜਿਆ ਗਿਆ ਹੈ। ਇਸ ਵਿਚ ਡਾ. ਜਗਵਿੰਦਰ ਸਿੰਘ ਜੋਧਾ, ਪੀ.ਏ.ਯੂ. ਲੁਧਿਆਣਾ, ਡਾ. ਤਨਵੀਰ ਸਚਦੇਵ, ਐਸ.ਸੀ.ਡੀ. ਗੌਰਮਿੰਟ ਕਾਲਜ ਅਤੇ ਸ੍ਰੀਮਤੀ ਅਨੂ ਪੁਰੀ, ਬੀ.ਵੀ. ਐਮ. ਸਕੂਲ, ਲੁਧਿਆਣਾ ਨੇ ਬਤੌਰ ਜੱਜ ਦੇ ਤੌਰ 'ਤੇ ਭੂਮਿਕਾ ਨਿਭਾਈ। ਇਸ ਕਾਵਿ ਉਚਾਰਨ ਮੁਕਾਬਲੇ ਵਿਚ ਪਹਿਲਾ ਇਨਾਮ ਏ. ਐਸ. ਕਾਲਜ, ਖੰਨਾ ਦੀ ਵਿਦਿਆਰਥਣ ਤਰਨਜੋਤ ਕੌਰ ਨੇ, ਦੂਜਾ ਇਨਾਮ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਵਿਦਿਆਰਥਣ ਅਰਸ਼ਜੋਤ ਕੌਰ ਅਤੇ ਤੀਸਰਾ ਇਨਾਮ ਖਾਲਸਾ ਕਾਲਜ ਦੀ ਵਿਦਿਆਰਥਣ ਹਰਮਨ ਕੌਰ ਨੇ ਅਤੇ ਸਵੈ ਰਚਿਤ ਰਚਨਾ ਦਾ ਇਨਾਮ ਸਰਕਾਰੀ ਕਾਲਜ ਦੀ ਵਿਦਿਆਰਥਣ ਕਾਰਤਿਕਾ ਨੇ ਪ੍ਰਾਪਤ ਕੀਤਾ ਅਤੇ ਰਨਿੰਗ ਟਰਾਫੀ ਏ. ਐਸ. ਕਾਲਜ ਫਾਰ ਵੂਮਿਨ, ਖੰਨਾ ਦੀ ਟੀਮ ਦੇ ਹਿੱਸੇ ਆਈ। ਇਸ ਮੌਕੇ 'ਤੇ ਕੌਂਸਲ ਦੇ ਮਾਣਯੋਗ ਮੈਂਬਰ ਸ. ਭਗਵੰਤ ਸਿੰਘ, ਸ. ਹਰਦੀਪ ਸਿੰਘ ਅਤੇ ਜੀ.ਜੀ. ਐਨ.ਆਈ. ਐਮ.ਟੀ/ਜੀ.ਜੀ.ਐਨ. ਆਈ.ਵੀ. ਐਸ. ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ, ਚੰਨ ਜੰਡਿਆਲਵੀ (ਯੂ.ਕੇ), ਪਾਲੀ ਦੇਤ ਵਾਲੀਆ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਪ੍ਰੋ. ਸ਼ਰਨਜੀਤ ਕੋਰ, ਪੰਜਾਬੀ ਵਿਭਾਗ ਨੇ ਇਸ ਕਾਵਿ ਉਚਾਰਨ ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਅਹਿਮ ਰੋਲ ਅਦਾ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਪ੍ਰੀਤ ਸਿੰਘ ਤੇ ਪ੍ਰੋ. ਮਨਦੀਪ ਕੌਰ ਨੇ ਬਾਖੂਬੀ ਨਿਭਾਈ।