ਪਟਿਆਲਾ ਜਨਵਰੀ 15, 2019 - ਪੰਜਾਬੀ ਕਹਾਣੀ, ਕਵਿਤਾ, ਨਾਵਲ, ਨਾਟਕ, ਸਫ਼ਰਨਾਮਾ ਦੀਆਂ ਬਾਈ ਪੁਸਤਕਾਂ ਦੇ ਰਚੇਤਾ ਕੈਲੇਫੋਰਨੀਆ ਰਹਿੰਦੇ ਸਾਹਿੱਤਕਾਰ ਚਰਨਜੀਤ ਸਿੰਘ ਪੰਨੂ ਦਾ ਸੱਤਵਾਂ 'ਸਫ਼ਰਨਾਮਾ ਪਾਕਿਸਤਾਨ (ਮਿੱਟੀ ਦੀ ਮਹਿਕ)' ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਲਾਨਾ ਕਾਨਫਰੰਸ ਵਿਚ ਦੇਸ਼ ਵਿਦੇਸ਼ ਤੋਂ ਆਏ ਸੈਂਕੜੇ ਸਾਹਿਤਕਾਰਾਂ ਦੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਿਆ। ਸੰਗਮ ਪਬਲੀਕੇਸ਼ਨ ਵੱਲੋਂ ਛਪਿਆ ਸੱਤਰ ਫ਼ੋਟੋ ਨਾਲ ਸ਼ਿੰਗਾਰਿਆ 368 ਪੰਨੇ ਦਾ ਇਹ ਵੱਡਆਕਾਰੀ ਸਫ਼ਰਨਾਮਾ ਪਾਕਿਸਤਾਨ ਵਿਚਲੀਆਂ ਧਾਰਮਿਕ, ਸਾਹਿੱਤਿਕ, ਤੇ ਇਤਿਹਾਸਕ ਸਿੱਖ ਵਿਰਾਸਤੀ ਯਾਦਗਾਰਾਂ ਦੇ ਦਰਸ਼ਨ ਕਰਾਉਂਦਾ, ਮਿੱਠੀਆਂ ਕੌੜੀਆਂ ਟਿੱਪਣੀਆਂ ਕਰਦਾ ਉਤਸੁਕ ਪਾਠਕਾਂ ਨੂੰ ਆਪਣੇ ਨਾਲ ਤੋਰੀ ਰੱਖਦਾ ਹੈ।ਡਾ. ਬਚਿੰਤ ਕੌਰ, ਡਾ. ਦਲੀਪ ਕੌਰ ਟਿਵਾਣਾ, ਸੁਰਿੰਦਰ ਸੀਰਤ, ਡਾ. ਮੋਹਣ ਤਿਆਗੀ, ਦਲਵੀਰ ਦਿਲ ਨਿੱਝਰ ਡਾ. ਬੀ ਐੱਸ. ਘੁੰਮਣ ਵਾਈਸ ਚਾਂਸਲਰ, ਡਾ. ਬਲਕਾਰ ਸਿੰਘ, ਡਾ. ਭੀਮਿੰਦਰ ਸਿੰਘ, ਮਨਜੀਤ ਮਹੇੜੂ ਦੇ ਕਰ ਕਮਲਾਂ ਨੇ ਇਸ ਨੂੰ ਰਿਲੀਜ਼ ਕਰਨ ਦੀ ਰਸਮ ਨਿਭਾਈ। ਪੰਜਾਬੀ ਸਾਹਿੱਤ ਸਭਾ ਕੈਲੇਫੋਰਨੀਆ ਦੇ ਸਾਬਕਾ ਪ੍ਰਧਾਨ ਦਲਵੀਰ ਦਿਲ ਨਿੱਝਰ ਅਤੇ ਵਿਸ਼ਵ ਪੰਜਾਬੀ ਸਾਹਿੱਤ ਅਕੈਡਮੀ ਦੇ ਪ੍ਰਧਾਨ ਸੁਰਿੰਦਰ ਸੀਰਤ ਨੇ ਲੇਖਕ ਦੀ ਨੁਮਾਇੰਦਗੀ ਕਰਕੇ ਉਸ ਦੀ ਗ਼ੈਰਹਾਜ਼ਰੀ ਦਾ ਘਾਪਾ ਪੂਰਿਆ।
ਡਾ. ਭੀਮਿੰਦਰ ਸਿੰਘ ਅਨੁਸਾਰ ਚਰਨਜੀਤ ਪੰਨੂ ਦੀ ਪਾਕਿਸਤਾਨ ਫੇਰੀ ਦਾ ਇਹ ਨਿਵੇਕਲਾ ਚਿਤਰਨ ਨੀਝ ਤੇ ਰੀਝ ਨਾਲ ਪੜ੍ਹਨ ਤੇ ਗੌਲਣਯੋਗ ਹੈ। ਇਸ ਵਿਚ 1947 ਦੀ ਭਾਰਤ-ਪਾਕ ਵੰਡ ਦੌਰਾਨ ਹੋਏ ਜਾਨੀ ਤੇ ਮਾਲੀ ਨੁਕਸਾਨ ਦੇ ਵੇਰਵਿਆਂ ਤੇ ਹੇਰਵਿਆਂ ਨੂੰ ਬਹੁਤ ਹੀ ਕਰੁਣਾਮਈ ਢੰਗ ਨਾਲ ਸਿਰਜਿਆ ਗਿਆ ਹੈ। ਇਹ ਸਫ਼ਰਨਾਮਾ ਪੱਛਮੀ ਪੰਜਾਬ ਵਿਚਲੇ ਇਤਿਹਾਸਕ, ਮਿਥਿਹਾਸਿਕ, ਸਭਿਆਚਾਰਕ, ਧਾਰਮਿਕ ਥਾਵਾਂ, ਤੀਰਥਾਂ, ਵਿਚਾਰਾਂ, ਭਾਵਾਂ, ਸੰਕਲਪਾਂ, ਸਿਧਾਂਤਾਂ, ਸਥਾਨਾਂ ਆਦਿ ਦੀ ਨਿਸ਼ਾਨਦੇਹੀ ਕਰਨ ਦੇ ਨਾਲ ਲੇਖਕ ਦੀ ਜੰਮਣ ਭੋਂ ਨਾਲ ਜੁੜੀ ਭਾਵੁਕ ਸਾਂਝ ਦੇ ਦਰਸ਼ਨ ਵੀ ਕਰਵਾਉਂਦਾ ਹੈ। ਡਾ. ਚਰਨਜੀਤ ਸਿੰਘ ਗੁਮਟਾਲਾ ਅਨੁਸਾਰ ਆਪਣੇ ਸਫ਼ਰ ਦਾ ਪੂਰਾ ਲਾਹਾ ਲੈਣ ਲਈ ਪਾਕਿਸਤਾਨ ਜਾਣ ਵਾਲੇ ਹਰੇਕ ਯਾਤਰੀ ਨੂੰ ਇਹ ਹਵਾਲਾ ਪੁਸਤਕ ਗਾਈਡ ਵਜੋਂ ਪੜ੍ਹਨੀ ਚਾਹੀਦੀ ਹੈ। ਡਾ. ਜੋਗਿੰਦਰ ਕੈਰੋਂ ਅਨੁਸਾਰ, 'ਇਸ ਲੇਖਣੀ ਵਿਚੋਂ ਪਾਠਕ ਨੂੰ ਘਰ ਬੈਠੇ ਹੀ ਸਮੁੱਚੇ ਪਾਕਿਸਤਾਨ ਦੇ ਦਰਸ ਦੀਦਾਰ ਹੁੰਦੇ ਹਨ। ਲੇਖਕ ਨੇ ਪਾਕਿਸਤਾਨ ਤੇ ਭਾਰਤ ਵਿਚਲੇ ਬਹੁਤ ਹੀ ਸੰਜੀਦਾ ਤੇ ਨਾਜ਼ੁਕ ਮਸਲਿਆਂ ਨੂੰ ਸਮਝਣ ਤੇ ਹੰਘਾਲਨ ਦੀ ਕੋਸ਼ਿਸ਼ ਕੀਤੀ ਹੈ। ਦੋਹਾਂ ਦੇਸ਼ਾਂ ਦੇ ਨਾਗਰਿਕਾਂ ਵਿਚਕਾਰ ਨਜ਼ਦੀਕੀ ਸਮਾਜਿਕ ਤੇ ਸਭਿਆਚਾਰਕ ਸਾਂਝ ਹੋਣ ਦੇ ਬਾਵਜੂਦ ਰਾਜਨੀਤਕ ਵਖਰੇਵੇਂ ਤੇ ਦੂਰੀਆਂ ਉਸ ਨੂੰ ਰੜਕਦੀਆਂ ਹਨ। ਰਵਿਦਾਸ ਜੀ ਦੇ ਬੇਗਮਪੁਰੇ ਵਾਂਗ ਉਸ ਨੇ ਵਿਸ਼ਵ ਭਾਈਚਾਰਕ ਤੇ ਸਰਵ ਸਾਂਝੇ ਮੰਚ ਦਾ ਇੱਕ ਸੁਪਨਾ ਸਿਰਜਿਆ ਹੈ। ਮੈਂ ਉਸ ਦੇ ਨੇਕ ਮਿਸ਼ਨ ਦੀ ਤਾਈਦ ਕਰਦਾ ਹਾਂ। ਉਸ ਦਾ ਇਹ ਸੁਪਨਾ ਸਾਕਾਰ ਹੋਵੇ ਤੇ ਵਾਹਗੇ ਵਾਲੀ ਲਕੀਰ ਮਿਟ ਜਾਵੇ।' ਪਾਕਿਸਤਾਨ ਦੇ ਪ੍ਰਸਿੱਧ ਹਿਸਟੋਰੀਅਨ ਇਕਬਾਲ ਕੈਸਰ ਅਨੁਸਾਰ ਚਰਨਜੀਤ ਸਿੰਘ ਪੰਨੂ ਦੀ ਕਲਮ ਵਿਚ ਅਜੇਹਾ ਬਲ ਹੈ ਕਿ ਉਹ ਆਪਣੇ ਸਫ਼ਰ ਨੂੰ ਇੰਜ ਉਲੀਕਦਾ ਹੈ ਕਿ ਪੜ੍ਹਨ ਵਾਲੇ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਲਿਖਿਆ ਪੜ੍ਹ ਰਿਹਾ ਹੈ ਜਾਂ ਆਪ ਸਫ਼ਰ ਕਰ ਰਿਹਾ ਹੈ। ਇਸ ਦੀ ਇਵਜ਼ੀ ਪੰਜ ਸੌ ਰੂਪੈ, ਵਿਦੇਸ਼ ਵੀਹ ਡਾਲਰ ਰੱਖੀ ਗਈ ਹੈ। ਪ੍ਰਾਪਤ ਕਰਨ ਵਾਸਤੇ ਫ਼ੋਨ ਨੰਬਰ 1+4086084961, 91+9872007176, 91+9815103490 ਤੇ ਸੰਪਰਕ ਕੀਤਾ ਜਾ ਸਕਦਾ ਹੈ। ਲੇਖਕ ਅਨੁਸਾਰ ਗੁਰੂ ਨਾਨਕ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ ਪੁਸਤਕ ਦੀਆਂ ਦੋ ਸੌ ਕਾਪੀਆਂ ਮੁਫ਼ਤ ਵੰਡੀਆਂ ਜਾਣੀਆ ਹਨ ਜੋ ਜ਼ਿਆਦਾ ਭਾਰਤ ਤੇ ਪਾਕਿਸਤਾਨ ਦੇ ਪਾਠਕਾਂ ਵਾਸਤੇ ਰਾਖਵੀਂਆਂ ਹਨ। ਕੈਲੇਫੋਰਨੀਆ ਦੇ ਸੈਨਹੋਜ਼ੇ ਗੁਰਦੁਆਰਾ ਸਾਹਿਬ ਵਿਖੇ ਐਤਵਾਰ 20 ਜਨਵਰੀ 2019 ਨੂੰ ਇਸ ਪੁਸਤਕ ਦੀ ਮੁਖ ਵਿਖਾਈ ਕੀਤੀ ਜਾਵੇਗੀ।