ਮੋਗਾ ਵਿਖੇ "ਨਵੀਆਂ ਕਲਮਾਂ ਨਵੀਂ ਉਡਾਣ" "ਭਾਗ- ਚਾਰ ਦਾ ਲੋਕ ਅਰਪਣ
- ਸੁਖੀ ਬਾਠ ਨੇ ਕਿਹਾ ਪੰਜਾਬੀ ਦੇ ਵਿਕਾਸ ਲਈ ਮੁਹਿੰਮ ਦਾ ਨਿਸਾਨ "ਗਿੰਨੀ ਬੁੱਕ" ਵਿਚ ਦਰਜ਼ ਹੋਣ ਤੱਕ
ਗਿਆਨ ਸਿੰਘ
ਮੋਗਾ 29 ਫਰਵਰੀ 2024 - ਪੰਜਾਬ ਭਵਨ ਸੰਸਥਾਪਕ ਸ੍ਰੀ ਸੁੱਖੀ ਬਾਠ ਅਤੇ ਪੰਜਾਬ ਭਵਨ ਜਲੰਧਰ ਦੇ ਉਪਰਾਲੇ ਸਦਕਾ ਸਰਦਾਰ ਬਲਜੀਤ ਸਿੰਘ ਸੇਖਾ ਦੀ ਸੰਪਾਦਨਾ ਹੇਠ ਛਪੀ ਜ਼ਿਲ੍ਹਾ ਮੋਗਾ ਦੇ ਬਾਲ ਲੇਖਕਾਂ ਦੀ ਨਵੀਂ ਪੁਸਤਕ "ਨਵੀਆਂ ਕਲਮਾਂ ਨਵੀਂ ਉਡਾਣ " ਭਾਗ - ਚਾਰ ਦਾ ਲੋਕ ਅਰਪਣ ਸਮਾਗਮ ਕੀਤਾ ਗਿਆ ਜਿਸ ਵਿੱਚ ਦੂਰ ਨੇੜਿਓਂ ਵੱਖ ਵੱਖ ਸ਼ਖਸ਼ੀਅਤਾਂ ਨੇ ਆਪੋ ਆਪਣੀ ਹਾਜ਼ਰੀ ਲਗਵਾਈ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਡਮ ਕਲਸੀ ਅਤੇ ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦੇ ਲਈ ਸਵਾਗਤੀ ਸ਼ਬਦ ਕਹੇ।
ਪ੍ਰੋਗਰਾਮ ਦਾ ਆਗਾਜ਼ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਹੋਇਆ ।ਸਕੂਲੀ ਬੱਚਿਆਂ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ "ਜੀ ਆਇਆਂ "ਆਖਿਆ । ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਭਵਨ ਸਭ ਆਫ਼ਿਸ ਜਲੰਧਰ ਦੇ ਮੁੱਖ ਸੰਚਾਲਿਕਾ ਪ੍ਰੀਤ ਹੀਰ, ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਇੰਚਾਰਜ ਸ. ਉਕਾਰ ਸਿੰਘ ਤੇਜੇ, ਸ ਬਲਦੇਵ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਮੋਗਾ) , ਸ ਗੁਰਦਿਆਲ ਸਿੰਘ ਉਪ ਜ਼ਿਲ੍ਹਾ ਅਫ਼ਸਰ (ਮੋਗਾ) ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਇਸ ਪ੍ਰੋਗਰਾਮ ਦੇ ਵਿੱਚ ਉਂਕਾਰ ਸਿੰਘ ਤੇਜੇ ਨੇ ਪ੍ਰੋਜੈਕਟ ਦੀ ਜਾਣਕਾਰੀ ਬੱਚਿਆਂ ਨੂੰ ਅਤੇ ਆਏ ਹੋਏ ਮਹਿਮਾਨਾਂ ਨੂੰ ਦਿੱਤੀ ਕਿ ਕਿਸ ਤਰ੍ਹਾਂ ਨਵੀਆਂ ਕਲਮਾਂ ਨਵੀਂ ਉਡਾਣ ਦਾ ਪ੍ਰੋਜੈਕਟ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਕੰਮ ਕਰ ਰਿਹਾ ਹੈ ਇਸ ਪ੍ਰੋਜੈਕਟ ਦੇ ਜ਼ਰੀਏ ਬੱਚੇ ਆਪਣੇ ਆਪ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਆ ਰਹੇ ਹਨ। ਬੱਚਿਆਂ ਨੂੰ ਇੱਕ ਬਹੁਤ ਹੀ ਖ਼ੂਬਸੂਰਤ ਮੰਚ ਮਿਲਿਆ ਹੈ ਜਿੱਥੇ ਉਹ ਆਪਣੀ ਪ੍ਰਤਿਭਾ ਨੂੰ ਉਜਾਗਰ ਕਰ ਸਕਦੇ ਹਨ। ਇਸ ਪ੍ਰੋਜੈਕਟ ਦੇ ਬਾਰੇ ਵਿੱਚ ਸਕੂਲ ਦੇ ਅਧਿਆਪਕਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਬੱਚਿਆਂ ਨੇ ਆਪਣੀਆਂ ਰਚਨਾਵਾਂ ਦੇ ਰਾਹੀਂ ਸਮਾਗਮ ਦੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ।
ਪ੍ਰੋਗਰਾਮ ਦੇ ਲੋਕ ਅਰਪਣ ਸਮਾਗਮ ਦੇ ਵਿੱਚ ਸ. ਬਲਦੇਵ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ, ਸ. ਗੁਰਦਿਆਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ, ਆਰ ਕੇ ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੋਗਾ ਦੇ ਪ੍ਰਿੰਸੀਪਲ ਰਜਨੀ ਅਰੋੜਾ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ । ਨਵੀਆਂ ਕਲਮਾਂ ਨਵੀਂ ਉਡਾਣ ਵਿੱਚ ਜਿੰਨਾ ਬੱਚਿਆਂ ਦੀਆਂ ਰਚਨਾਵਾਂ ਕਿਤਾਬਾਂ ਵਿਚ ਛਪੀਆਂ ਸਨ ਉਹਨਾਂ ਨੂੰ ਪੰਜਾਬ ਭਵਨ ਸਰੀ ਕਨੇਡਾ ਦੇ ਵੱਲੋਂ ਮੈਡਲ , ਸਰਟੀਫ਼ਿਕੇਟ ਦਿੱਤੇ ਗਏ ਸਨ। ਬੱਚਿਆਂ ਦੇ ਗਾਈਡ ਅਧਿਆਪਕਾਂ ਨੂੰ ਵੀ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।ਆਰ ਕੇ ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਰਜਨੀ ਅਰੋੜਾ ਜੀ ਨੂੰ ਜੀ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ ਪੰਜਾਬ ਭਵਨ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਵੱਲੋਂ ਸਨਮਾਨਿਤ ਕੀਤਾ ਗਿਆ । ਕਿਤਾਬ ਦੇ ਮੁੱਖ ਸੰਪਾਦਕ ਸ. ਬਲਜੀਤ ਸਿੰਘ ਸੇਖਾ ਨੂੰ ਅਤੇ ਸਹਿ ਸੰਪਾਦਕ ਬਲਜਿੰਦਰ ਕੌਰ ਕਲਸੀ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਮੋਗਾ ਦੀ ਸਮੁੱਚੀ ਟੀਮ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਅਤੇ ਪ੍ਰੋਗਰਾਮ ਤੇ ਪਹੁੰਚਣ ਵਾਲੇ ਮਹਿਮਾਨਾਂ ਨੂੰ ਸਨਮਾਨਾਂ ਦੇ ਨਾਲ ਸਨਮਾਨਿਤ ਕਰਕੇ ਮਾਣ ਦਿੱਤਾ ਗਿਆ । ਇਸ ਪ੍ਰੋਗਰਾਮ ਦੇ ਵਿੱਚ ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸ੍ਰੀ ਸੁੱਖੀ ਬਾਠ ਵੱਲੋਂ ਕਿਹਾ ਗਿਆ ਕਿ ਉਹ ਜ਼ਿਲ੍ਹਾ ਮੋਗਾ ਦੇ ਮੁੱਖ ਸੰਪਾਦਕ ਸ. ਬਲਜੀਤ ਸਿੰਘ ਸੇਖਾ ਅਤੇ ਉਹਨਾਂ ਦੀ ਸਹਿਯੋਗੀ ਟੀਮ ਦਾ ਬਹੁਤ ਧੰਨਵਾਦ ਕਰਦੇ ਹਨ ਜਿਨਾਂ ਨੇ ਆਪਣੀ ਸਖ਼ਤ ਮਿਹਨਤ ਦੇ ਨਾਲ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ। ਉਹਨਾਂ ਨੇ ਮੁਬਾਰਕਬਾਦ ਵੀ ਦਿੱਤੀ ਕਿ ਮੋਗਾ ਜ਼ਿਲ੍ਹੇ ਤੋਂ ਆਉਣ ਵਾਲੇ ਸਮੇਂ ਵਿੱਚ ਅੱਠ ਕਿਤਾਬਾਂ ਹੋਰ ਛਾਪੀਆਂ ਜਾਣਗੀਆਂ ਅਤੇ ਉਨ੍ਹਾਂ ਬੱਚਿਆਂ ਨੂੰ ਵੀ ਕਿਹਾ ਕਿ ਉਹ ਆਪਣੀ ਲਿਖਣ ਦੀ ਪ੍ਰਕਿਰਿਆ ਨੂੰ ਇਦਾਂ ਹੀ ਜਾਰੀ ਰੱਖਣ ਤਾਂ ਜੋ ਨਵੰਬਰ 2024 ਦੇ ਵਿੱਚ ਹੋਣ ਵਾਲੀ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਪ੍ਰਤਿਭਾ ਦੇ ਅਨੁਸਾਰ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਸ਼੍ਰੋਮਣੀ ਐਵਾਰਡ ਦਿੱਤੇ ਜਾਣਗੇ। ਇਸ ਕਰਕੇ ਉਹਨਾਂ ਨੂੰ ਲਿਖਣ ਦੀ ਪ੍ਰਕਿਰਿਆ ਨੂੰ ਇੰਝ ਹੀ ਜਾਰੀ ਰੱਖਣਾ ਚਾਹੀਦਾ ਹੈ ਇਸ ਨੂੰ ਬੰਦ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਮੁਬਾਰਕਬਾਦ ਦਿੱਤੀ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਜਿਨਾਂ ਦੀ ਪ੍ਰੇਰਨਾ ਸਦਕੇ ਬੱਚਿਆਂ ਨੂੰ ਇਹ ਮੰਚ ਮਿਲਿਆ।
ਸ੍ਰੀ ਬਾਠ ਨੇ ਐਲਾਨ ਕੀਤਾ ਕਿ ਗਿੰਨੀ ਬੁੱਕ ਰਿਕਾਰਡ ਬਣਾਉਣ ਤੱਕ ਪੰਜਾਬੀ ਦੇ ਵਿਕਾਸ ਲਈ ਯਤਨ ਜਾਰੀ ਰਹੇਗਾ। ਬਲਜੀਤ ਸੇਖਾ ਮੁੱਖ ਸੰਪਾਦਕ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਛੱਡ ਕੇ ਕਿਤਾਬਾਂ ਪੜ੍ਹਨ ਵੱਲ ਹੋਣਾ ਚਾਹੀਦਾ ਹੈ।ਇਸ ਮੌਕੇ ਹਰਸਿਮਰਨ ਸਿੰਘ ਮੌਂਟੀ, ਮੈਡਮ ਅਮਨਦੀਪ ਕੌਰ ਕੋਟ ਈਸੈ ਖਾਂ, ਮੈਡਮ ਸਰਬਜੀਤ ਕੌਰ,ਜ਼ਿਲ੍ਹਾ ਬਠਿੰਡਾ ਟੀਮ ਦੇ ਮੁੱਖ ਸੰਪਾਦਕ ਗੁਰਵਿੰਦਰ ਸਿੰਘ ਸਿੱਧੂ, ਸਾਬਕਾ ਡੀ.ਪੀ.ਆਰ ਸ.ਗਿਆਨ ਸਿੰਘ ਮੋਗਾ,ਗੁਰਵਿੰਦਰ ਸਿੰਘ ਕਾਂਗੜ ਅਤੇ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਸ.ਹਰਦਿਆਲ ਸਿੰਘ ਸੇਖਾ, ਡਾਕਟਰ ਹਰਨੇਕ ਸਿੰਘ, ਕ੍ਰਿਸ਼ਨ ਪ੍ਰਤਾਪ, ਮਾਸਟਰ ਸ਼ਮਸ਼ੇਰ ਸਿੰਘ,ਧਾਮੀ ਗਿੱਲ, ਮੈਡਮ ਹਰਪ੍ਰੀਤ ਕੌਰ, ਵੀਰਪਾਲ ਕੌਰ, ਜਸਵੰਤ ਕੜਿਆਲ, ਪ੍ਰਦੀਪ ਰੱਖੜਾ ਕੜਿਆਲ, ਚਰਨਜੀਤ ਸਮਾਲਸਰ, ਗੁਰਜੀਤ ਸਿੰਘ ਜੰਡੂ, ਖਾਲਸਾ ਕੁਲਦੀਪ ਸਿੰਘ,ਸੁਪਿੰਦਰ ਕੌਰ, ਭੁਪਿੰਦਰਜੀਤ ਕੌਰ,ਰੀਤ ਕਲਸੀ, ਸੁਰਜੀਤ ਦੌਧਰ, ਗੁਰਪ੍ਰੀਤ ਕੋਮਲ,ਮੈਡਮ ਗੁਰਦੀਪ ਬਾਘਾਪੁਰਾਣਾ, ਕਰਮਨ ਕੌਰ, ਸਿਮਰਨਜੀਤ ਕੌਰ, ਅਵਨੀਤ ਕੌਰ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਨੇ ਆਪੋ ਆਪਣੀ ਹਾਜ਼ਰੀ ਲਗਵਾਈ।ਅੱਜ ਦਾ ਪ੍ਰੋਗਰਾਮ ਬਾਲ ਲੇਖਕਾਂ ਨੂੰ ਮਾਂ ਬੋਲੀ ਦਾ ਸਤਿਕਾਰ ਕਰਨ ਦੇ ਸੁਪਨੇ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।