ਭਾਸ਼ਾ ਵਿਭਾਗ ਵੱਲੋਂ ਸਰਕਾਰੀ ਰਣਬੀਰ ਕਾਲਜ ਵਿਖੇ ਯੁਵਾ ਸਾਹਿਤ ਅਕਾਦਮੀ ਵਿਜੇਤਾ ਪ੍ਰਗਟ ਸਿੰਘ ਸਤੌਜ ਨਾਲ ਮਿਲਣੀ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਸੰਗਰੂਰ, 3 ਨਵੰਬਰ, 2021: ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਰਾਹੀਂ ਮਨਾਏ ਜਾ ਰਹੇ ਪੰਜਾਬੀ ਮਾਹ ਦੀ ਲੜੀ ਤਹਿਤ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਯੁਵਾ ਸਾਹਿਤ ਅਕਾਦਮੀ ਵਿਜੇਤਾ ਪ੍ਰਗਟ ਸਿੰਘ ਸਤੌਜ ਨਾਲ ਲੇਖਕ ਮਿਲਣੀ ਕਰਵਾਈ ਗਈ।
ਇਸ ਮੌਕੇ ਤੇ ਸ੍ਰੀਮਤੀ ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਅਤੇ ਵਿਭਾਗੀ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਸ੍ਰੀ ਪ੍ਰਗਟ ਸਿੰਘ ਸਤੌਜ ਦੇ ਜੀਵਨ ਤੋਂ ਪ੍ਰਭਾਵਿਤ ਹੁੰਦਿਆਂ ਕਾਲਜ ਵਿਦਿਆਰਥੀਆਂ ਨੂੰ ਚੰਗੇਰਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ।
ਸ੍ਰ. ਸਤਨਾਮ ਸਿੰਘ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਗਰੂਰ ਵੱਲੋਂ ਬਾਹਰੋਂ ਆਏ ਵਿਦਵਾਨਾਂ ਸਾਹਿਤਕਾਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਸ੍ਰੀ ਪ੍ਰਗਟ ਸਤੌਜ ਦੀ ਲੇਖਣੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਖਕ ਨੇ ਯੁਵਾ ਸਾਹਿਤ ਅਕਾਦਮੀ ਇਨਾਮ ਹਾਸਲ ਕਰਕੇ ਪੰਜਾਬੀ ਗਲਪ ਦਾ ਸਿਰ ਉੱਚਾ ਕੀਤਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਡਾ. ਭਗਵੰਤ ਸਿੰਘ ਵੱਲੋਂ ਭਾਸ਼ਾ ਵਿਭਾਗ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕਿਹਾ ਕਿ ਚੰਗਾ ਸਾਹਿਤ ਹੀ ਸਮਾਜ ਅਤੇ ਮਨੁੱਖ ਨੂੰ ਸਹੀ ਸੇਧ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਬੱਚਿਆਂ ਨੂੰ ਚੰਗਾ ਸਾਹਿਤ ਪੜ੍ਹਨ ਵੱਲ ਪ੍ਰੇਰਿਆ।
ਪ੍ਰਿੰਸੀਪਲ ਸੁਖਬੀਰ ਸਿੰਘ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਭਾਸ਼ਾ ਵਿਭਾਗ ਵੱਲੋਂ ਸਾਹਿਤਕ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਕਾਲਜਾਂ ਵਿਚ ਅਜਿਹੇ ਸਮਾਗਮ ਰਚਾਉਣ ਨਾਲ ਲੇਖਕ ਅਤੇ ਵਿਦਿਆਰਥੀਆਂ ਵਿਚ ਸਿੱਧਾ ਰਾਬਤਾ ਹੋਣ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਥੋੜੇ ਸਾਧਨਾਂ ਦੇ ਬਾਵਜੂਦ ਭਾਸ਼ਾ ਵਿਭਾਗ ਬੜੇ ਵਧੀਆ ਕਾਰਜ ਕਰ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਕਾਲਜ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਹੋਰ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰੋ. ਇਕਬਾਲ ਸਿੰਘ ਪੰਜਾਬੀ ਵਿਭਾਗ ਸਰਕਾਰੀ ਰਣਬੀਰ ਕਾਲਜ ਸੰਗਰੂਰ ਵੱਲੋਂ ਪਰਗਟ ਸਤੌਜ ਦੇ ਜੀਵਨ ਅਤੇ ਰਚਨਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਪ੍ਰਗਟ ਸਿੰਘ ਸਤੌਜ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪਾਠਕਾਂ ਦੇ ਸਨਮੁੱਖ ਹੁੰਦਿਆਂ ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਉਦਿਆਂ ਦੱਸਿਆ ਕਿ ਉਨ੍ਹਾਂ ਆਪਣੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ, ਹਾਸ਼ੀਏ ਤੇ ਰਹਿ ਰਹੇ ਲੋਕਾਂ ਅਤੇ ਸਮਾਜਿਕ ਤੌਰ ਤੇ ਘਿਰਣਾ ਦਾ ਸ਼ਿਕਾਰ ਲੋਕਾਂ ਨੂੰ ਪਾਠਕਾਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ। ਜਿਸਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।
ਉਨ੍ਹਾਂ ਆਪਣੇ ਸਾਹਿਤਕ ਸਫ਼ਰ ਦਾ ਜਿਕਰ ਕਰਦਿਆਂ ਆਪਣੇ ਨਾਵਲ “ਪਿੰਡ ਦੀ ਖਬਰ” ਜਿਸਨੂੰ ਕਨੇਡਾ ਦਾ ਸਭ ਤੋਂ ਵੱਡਾ ਸਾਹਿਤਕ ਅਵਾਰਡ “ਬੁੱਧ ਸਿੰਘ ਢਾਹਾਂ ਪੁਰਸਕਾਰ” ਅਤੇ ਉਨ੍ਹਾਂ ਦੇ ਨਾਵਲ “ਤੀਵੀਂਆਂ“ ਨੂੰ ਸਾਹਿਤ ਅਕਾਦਮੀ ਪੁਰਸਕਾਰ ਅਤੇ ਕਹਾਣੀ ਸੰਗ੍ਰਹਿ “ਗਲਤ ਮਲਤ ਜਿੰਦਗੀ“ ਨੂੰ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਿਆ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ।
ਉਨ੍ਹਾਂ ਪਾਠਕਾਂ ਵੱਲੋਂ ਮਿਲੇ ਪਿਆਰ ਅਤੇ ਸਨੇਹ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਦੇ ਸਾਹਿਤਕ ਸਫ਼ਰ ਅਤੇ ਜੀਵਨ ਬਾਰੇ ਕੀਤੇ ਪ੍ਰਸ਼ਨਾਂ ਦੇ ਉੱਤਰ ਬੜੀ ਬੇਬਾਕੀ ਨਾਲ ਦਿੱਤੇ। ਸਮਾਗਮ ਦੌਰਾਨ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਦਾ ਲੰਗਰ ਲਗਾਇਆ ਗਿਆ। ਇਸ ਸਮਾਗਮ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਸੰਗਰੂਰ ਵੱਲੋਂ ਵਿਭਾਗੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਇਹ ਸਮੁੱਚੇ ਸਮਾਗਮ ਦੀ ਰੂਪ ਰੇਖਾ ਹਾਕਮ ਸਿੰਘ ਖੋਜ ਇਨਸਟਰਕਟਰ, ਭਗਵਾਨ ਸਿੰਘ ਅਤੇ ਜਗਦੇਵ ਸਿੰਘ ਦੁਆਰਾ ਕੀਤੀ ਗਈ। ਧੰਨਵਾਦੀ ਸਬਦ ਸ੍ਰੀਮਤੀ ਪਿ੍ਰਤਪਾਲ ਕੌਰ, ਸਹਾਇਕ ਡਾਇਰੈਕਟਰ ਵੱਲੋਂ ਕਹੇ ਗਏ। ਮੰਚ ਸੰਚਾਲਨ ਪ੍ਰੋ. ਸੁਖਵਿੰਦਰ ਸਿੰਘ ਵੱਲੋੋਂ ਬਾਖੂਬੀ ਨਿਭਾਇਆ।
ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਮੇਵਾ ਰਾਮ, ਪ੍ਰੋ. ਮਨਦੀਪ ਕੌਰ, ਪ੍ਰੋ. ਮਨਦੀਪ ਦਿੜਬਾ, ਪ੍ਰੋ. ਤਪਿੰਦਰ ਕੌਰ, ਪ੍ਰੋ. ਮਨਜੀਤ ਕੌਰ, ਪ੍ਰੋ. ਪਰਮਪ੍ਰੀਤ ਕੌਰ, ਉੱਘੇ ਗੀਤਕਾਰ ਭੁਪਿੰਦਰ ਸਿੰਘ ਮਾਨ, ਹਾਸਰਸ ਕਵੀ ਜੰਗ ਸਿੰਘ ਫੱਟੜ, ਸਾਹਿਤਕਾਰ ਗੁਰਨਾਮ ਸਿੰਘ ਤੋਂ ਇਲਾਵਾ ਭਾਸ਼ਾ ਵਿਭਾਗ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਅਮਰਿੰਦਰ ਸਿੰਘ, ਸਹਾਇਕ ਡਾਇਰੈਕਟਰ, ਪ੍ਰਵੀਨ ਕੁਮਾਰ, ਸਹਾਇਕ ਡਾਇਰੈਕਟਰ ਅਤੇ ਤੇਜਿੰਦਰ ਸਿੰਘ ਗਿੱਲ ਨੇ ਸ਼ਿਰਕਤ ਕੀਤੀ।