ਡਾ. ਜੌਹਲ ਨੂੰ ਸਮਾਜਿਕ ਚੇਤਨਾ ਵਾਲੀ ਕਵਿਤਾ ਕਹਿਣ ਦੀ ਮੁਹਾਰਤ ਹਾਸਲ ਹੈ : ਡਾ. ਸੁਰਜੀਤ ਪਾਤਰ
ਮੈਂ ਆਪਣੇ ਹਰ ਕਾਜ ਨਾਲ ਇਨਸਾਫ਼ ਕਰਦਾ ਹਾਂ ਚਾਹੇ ਨੁਕਸਾਨ ਹੀ ਝੱਲਣਾ ਪਵੇ : ਡਾ. ਜੌਹਲ
ਹਰ ਸਤਰ, ਹਰ ਕਵਿਤਾ ਸੱਚ ਦੇ ਲਹੂ 'ਚ ਭਿੱਜੇ ਲਫ਼ਜ਼ ਹਨ : ਕੇ. ਕੇ. ਸ਼ਾਰਦਾ
ਚੰਡੀਗੜ੍ਹ 12 ਅਕਤੂਬਰ 2019: ਉਘੇ ਕਵੀ ਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਹੁਰਾਂ ਦੇ ਕਾਵਿ ਸੰਗ੍ਰਹਿ 'ਲਹੂ ਦੇ ਲਫ਼ਜ਼' ਨੂੰ ਲੋਕ ਅਰਪਣ ਕਰਨ ਮੌਕੇ ਬਤੌਰ ਮੁੱਖ ਮਹਿਮਾਨ ਆਪਣੀ ਤਕਰੀਰ ਕਰਦਿਆਂ ਪਦਮਸ੍ਰੀ ਡਾ. ਸੁਰਜੀਤ ਪਾਤਰ ਹੁਰਾਂ ਨੇ ਆਖਿਆ ਕਿ ਲਖਵਿੰਦਰ ਜੌਹਲ ਨੂੰ ਸਮਾਜਿਕ ਚੇਤਨਾ ਵਾਲੀ ਕਵਿਤਾ ਕਹਿਣ ਦੀ ਮੁਹਾਰਤ ਹਾਸਲ ਹੈ। ਸੁਰਜੀਤ ਪਾਤਰ ਹੁਰਾਂ ਨੇ ਆਖਿਆ ਕਿ ਲਹੂ 'ਚ ਭਿਓਂ ਕੇ ਹੀ ਸਮਾਜਿਕ ਕਵਿਤਾ ਲਿਖੀ ਜਾ ਸਕਦੀ ਹੈ। ਲਖਵਿੰਦਰ ਜੌਹਲ ਸੂਖਮ ਸ਼ਬਦਾਂ ਵਿਚ ਗੰਭੀਰ ਗੱਲ ਕਹਿੰਦੇ ਹਨ, ਉਹ ਮੇਰਾ ਬਹੁਤ ਅਜ਼ੀਜ਼ ਹੈ ਤੇ ਸਾਡੇ ਮੋਹ ਤੇ ਪਿਆਰ ਦਾ ਸੱਚਾ ਹੱਕਦਾਰ।
ਜ਼ਿਕਰਯੋਗ ਹੈ ਕਿ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਅਚਾਰੀਆ ਕੁਲ ਚੰਡੀਗੜ੍ਹ ਦੇ ਸਹਿਯੋਗ ਨਾਲ ਸੈਕਟਰ 16 ਸਥਿਤ ਗਾਂਧੀ ਸਮਾਰਕ ਨਿਧੀ ਭਵਨ ਵਿਖੇ ਇਕ ਸਾਹਿਤਕ ਮਹਿਫ਼ਲ ਸਜਾਈ ਗਈ, ਜਿਸ ਵਿਚ ਡਾ. ਲਖਵਿੰਦਰ ਜੌਹਲ ਦੇ ਕਾਵਿ ਸੰਗ੍ਰਹਿ 'ਲਹੂ ਦੇ ਲਫ਼ਜ਼' ਨੂੰ ਪਦਮਸ੍ਰੀ ਡਾ. ਸੁਰਜੀਤ ਪਾਤਰ, ਗਾਂਧੀ ਸਮਾਰਕ ਨਿਧੀ ਦੇ ਚੇਅਰਮੈਨ ਕੇ. ਕੇ. ਸ਼ਾਰਦਾ, ਅਚਾਰੀਆ ਕੁਲ ਦੇ ਉਪ ਪ੍ਰਧਾਨ ਪ੍ਰੇਮ ਵਿੱਜ, ਡਾ. ਸਰਬਜੀਤ ਸਿੰਘ, ਡਾ. ਯੋਗਰਾਜ, ਨਿੰਦਰ ਘੁਗਿਆਣਵੀ, ਸੁਸ਼ੀਲ ਦੁਸਾਂਝ, ਉਮਿੰਦਰ ਜੌਹਲ ਤੇ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਲੋਕ ਅਰਪਣ ਕੀਤਾ। ਇਸ ਸਮਾਗਮ ਵਿਚ ਜਿੱਥੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਉਥੇ ਹੀ ਸ੍ਰੀ ਕੇ.ਕੇ. ਸ਼ਾਰਦਾ ਹੁਰਾਂ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਖਿਆ ਕਿ ਡਾ. ਜੌਹਲ ਦੀ ਇਸ ਕਿਤਾਬ ਦਾ ਹਰ ਅੱਖਰ, ਹਰ ਸਤਰ, ਹਰ ਨਜ਼ਮ ਸੱਚ ਦੇ ਲਹੂ ਵਿਚ ਭਿੱਜੇ ਹੋਏ ਲਫ਼ਜ਼ਾਂ ਨਾਲ ਲਿਖੀ ਹੋਈ ਹੈ। ਉਨ੍ਹਾਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਉਚੇਚੇ ਤੌਰ 'ਤੇ ਮਹਾਤਮਾ ਗਾਂਧੀ ਨਾਲ ਸਬੰਧਤ ਮਿਊਜ਼ੀਅਮ ਵੀ ਵਿਖਾਇਆ।
ਇਸ ਮੌਕੇ 'ਤੇ ਜਿੱਥੇ ਮੁੱਖ ਪਰਚਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਹੁਰਾਂ ਨੇ ਪੜ੍ਹਦਿਆਂ ਡਾ. ਜੌਹਲ ਦੀ ਸ਼ੈਲੀ, ਸ਼ਬਦਾਂ ਦੀ ਬਣਤਰ ਤੇ ਕਵਿਤਾ ਦੇ ਮਿਆਰ ਨੂੰ ਉਚ ਪਾਏ ਦਾ ਦੱਸਿਆ, ਉਥੇ ਵਿਸ਼ਿਆਂ ਦੀ ਚੋਣ ਤੇ ਕਵਿਤਾ ਦੀ ਗਹਿਰਾਈ ਨੂੰ ਵੀ ਸਹਿਲਾਇਆ। ਇਸ ਮੌਕੇ ਡਾ. ਲਖਵਿੰਦਰ ਜੌਹਲ ਹੁਰਾਂ ਦੀ ਸਮਾਜਿਕ ਦੇਣ ਦੇ ਹਵਾਲੇ ਨਾਲ ਨਿੰਦਰ ਘੁਗਿਆਣਵੀ ਹੁਰਾਂ ਨੇ ਵਿਸਥਾਰਤ ਗੱਲ ਰੱਖਦਿਆਂ ਉਨ੍ਹਾਂ ਦੇ ਜੀਵਨ ਦੇ ਕਾਰਜਾਂ ਨੂੰ ਛੋਹਿਆ ਤੇ ਦੱਸਿਆ ਕਿ ਚਾਹੇ ਉਹ ਪੱਤਰਕਾਰਤਾ ਦਾ ਖੇਤਰ ਹੋਵੇ, ਚਾਹੇ ਉਹ ਸਾਹਿਤ ਦਾ ਖੇਤਰ ਹੋਵੇ, ਚਾਹੇ ਉਹ ਸਰਕਾਰੀ ਨੌਕਰੀ ਦੀ ਜ਼ਿੰਮੇਵਾਰੀ ਹੋਵੇ, ਚਾਹੇ ਦੂਰਦਰਸ਼ਨ ਵਿਚ ਸਾਹਿਤ ਤੇ ਸੱਭਿਆਚਾਰ ਲਈ ਨਿਭਾਈ ਭੂਮਿਕਾ ਹੋਵੇ ਤੇ ਚਾਹੇ ਵੱਖੋ-ਵੱਖ ਸੰਸਥਾਵਾਂ ਵਿਚ ਨਿਭਾਈ ਜਾ ਰਹੀ ਜ਼ਿੰਮੇਵਾਰੀ ਹੋਵੇ ਡਾ. ਜੌਹਲ ਹਮੇਸ਼ਾ ਹਰ ਮਸਲੇ ਨੂੰ ਜਿੱਥੇ ਤਕਨੀਕੀ ਪੱਖ ਨਾਲ ਵਿਚਾਰਦੇ ਹਨ, ਉਥੇ ਹੀ ਉਹ ਧਰਾਤਲ ਨਾਲ ਵੀ ਜੁੜੇ ਰਹਿੰਦੇ ਹਨ। ਨਿੰਦਰ ਘੁਗਿਆਣਵੀ ਦੀ ਗੱਲ ਨੂੰ ਅੱਗੇ ਵਧਾਉਂਦਿਆਂ ਡਾ. ਲਖਵਿੰਦਰ ਜੌਹਲ ਦੇ ਛੋਟੇ ਭਰਾ ਉਮਿੰਦਰ ਜੌਹਲ ਹੁਰਾਂ ਨੇ ਜਦੋਂ ਡਾ. ਜੌਹਲ ਦੀ ਪਰਿਵਾਰਕ ਦੇਣ ਨੂੰ ਮੰਚ ਤੋਂ ਸਾਂਝਾ ਕੀਤਾ ਤਾਂ ਉਸ ਸਮੇਂ ਸਮੁੱਚਾ ਮਾਹੌਲ ਭਾਵੁਕ ਹੋ ਗਿਆ ਤੇ ਡਾ. ਲਖਵਿੰਦਰ ਜੌਹਲ ਦੀਆਂ ਵੀ ਅੱਖਾਂ ਭਰ ਆਈਆਂ। ਉਮਿੰਦਰ ਜੌਹਲ ਨੇ ਆਖਿਆ ਕਿ ਮੇਰੇ ਵੱਡੇ ਵੀਰ ਦੀ ਬਤੌਰ ਅਸੀਂ ਸਾਰੇ ਭੈਣ-ਭਰਾਵਾਂ ਨੇ ਪੰਜਾਬੀ ਦੀਆਂ ਐਮ. ਏ. ਕੀਤੀਆਂ, ਪੀ ਐਚ ਡੀ ਕੀਤੀਆਂ ਤੇ ਅੱਜ ਜਿਸ ਵੀ ਮੁਕਾਮ 'ਤੇ ਹਾਂ ਤਾਂ ਉਸ ਦਾ ਸਿਹਰਾ ਜੌਹਲ ਵੀਰ ਨੂੰ ਜਾਂਦਾ ਹੈ। ਉਨ੍ਹਾਂ ਆਖਿਆ ਕਿ ਡਾ. ਲਖਵਿੰਦਰ ਜੌਹਲ ਨੂੰ ਪਰਿਵਾਰਕ ਰਿਸ਼ਤੇ ਨਿਭਾਉਣੇ ਆਉਂਦੇ ਹਨ, ਇਸੇ ਲਈ ਉਹ ਸਮਾਜਿਕ ਰਿਸ਼ਤੇ ਨਿਭਾਉਣ ਵਿਚ ਮਾਹਿਰ ਹੋ ਗਏ।
ਧਿਆਨ ਰਹੇ ਕਿ ਪੰਜਾਬੀ ਲੇਖਕ ਸਭਾ ਤੇ ਅਚਾਰੀਆ ਕੁਲ ਵੱਲੋਂ ਸਮੂਹ ਮਹਿਮਾਨਾਂ ਨੂੰ ਜਿੱਥੇ ਪ੍ਰੇਮ ਵਿੱਜ ਹੁਰਾਂ ਨੇ ਜੀ ਆਇਆਂ ਆਖਿਆ, ਉਥੇ ਹੀ ਪਦਮਸ੍ਰੀ ਡਾ. ਸੁਰਜੀਤ ਪਾਤਰ ਤੇ ਡਾ. ਲਖਵਿੰਦਰ ਜੌਹਲ ਹੁਰਾਂ ਦਾ ਦੋਵੇਂ ਸਭਾਵਾਂ ਵੱਲੋਂ ਅਤੇ ਸਪਤਰਿਸ਼ਤੀ ਪ੍ਰਕਾਸ਼ਨ ਅਦਾਰੇ ਵੱਲੋਂ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ. ਲਖਵਿੰਦਰ ਜੌਹਲ ਹੁਰਾਂ ਨੇ ਬੜੀ ਨਿਮਰਤਾ ਨਾਲ ਸਭ ਦਾ ਧੰਨਵਾਦ ਕਰਦਿਆਂ ਆਖਿਆ ਕਿ ਆਪਣੀ ਰਚਨਾ ਬਾਰੇ, ਆਪਣੀ ਕਵਿਤਾ ਬਾਰੇ ਤਾਂ ਗੱਲ ਸੁਣੀ ਜਾ ਸਕਦੀ ਹੈ ਪਰ ਆਪਣੇ ਕੰਮਾਂ ਦੀ ਤਾਰੀਫ ਸੁਣਨਾ ਮੈਨੂੰ ਭਾਰੀ ਲਗਦਾ ਹੈ। ਬਸ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸੰਜੀਦਗੀ ਨਾਲ ਕੰਮ ਕਰਦਾ ਰਹਿੰਦਾ ਹਾਂ। ਡਾ. ਲਖਵਿੰਦਰ ਜੌਹਲ ਨੇ ਆਖਿਆ ਕਿ ਮੈਂ ਤਾਂ ਜਿਸ ਖੇਤਰ ਵਿਚ ਕੰਮ ਕਰਦਾ ਹਾਂ, ਉਥੇ ਆਪਣੇ ਕੰਮ ਨਾਲ ਬਸ ਇਨਸਾਫ਼ ਕਰਦਾ ਹਾਂ ਤੇ ਚਾਹੇ ਮੈਨੂੰ ਨੁਕਸਾਨ ਹੀ ਕਿਉਂ ਨਾਲ ਝੱਲਣਾ ਪਵੇ। ਆਖਰ ਵਿਚ ਪੰਜਾਬੀ ਲੇਖਕ ਸਭਾ ਵੱਲੋਂ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਮੰਚ ਸੰਚਾਲਨ ਦੀ ਸਾਰੀ ਕਾਰਵਾਈ ਕਾਵਿਕ ਅੰਦਾਜ਼ ਵਿਚ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ।
ਇਸ ਸਾਹਿਤਕ ਸਮਾਗਮ ਵਿਚ ਅਮਰਜੀਤ ਸਿੰਘ ਗਰੇਵਾਲ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਭਗਤ ਰਾਮ ਰੰਘਾੜਾ, ਡਾ. ਸਰਬਜੀਤ, ਸੁਸ਼ੀਲ ਦੁਸਾਂਝ, ਜਗਦੀਪ ਸਿੱਧੂ, ਭੁਪਿੰਦਰ ਮਲਿਕ, ਸੁਭਾਸ਼ ਭਾਸਕਰ, ਸੰਜੀਵ ਸ਼ਾਰਦਾ, ਰਾਕੇਸ਼ ਸ਼ਰਮਾ, ਧਿਆਨ ਸਿੰਘ ਕਾਹਲੋਂ, ਦਰਸ਼ਨ ਤ੍ਰਿਊਣਾ, ਸੁਰਿੰਦਰ ਕੌਰ ਭੋਗਲ, ਅਸ਼ੋਕ ਭੰਡਾਰੀ ਨਾਦਿਰ, ਨਿੰਮੀ ਵਸ਼ਿਸ਼ਟ, ਪ੍ਰਗੱਯਾ ਸ਼ਾਰਦਾ, ਰਮਨ ਸੰਧੂ, ਗੁਰਦਰਸ਼ਨ ਮਾਵੀ, ਸੇਵੀ ਰਾਇਤ, ਕਰਮ ਸਿੰਘ ਵਕੀਲ, ਕਮਲ ਦੁਸਾਂਝ, ਕਸ਼ਮੀਰ ਕੌਰ ਸੰਧੂ, ਤੇਜਾ ਸਿੰਘ ਥੂਹਾ, ਸੰਜੀਵਨ, ਸੁਸ਼ੀਲ ਹਸਰਤ ਨਰੇਲਵੀ, ਰਜਿੰਦਰ ਰੇਣੂ, ਰਘਵੀਰ ਵੜੈਚ, ਹਰਸਿਮਰਨ ਕੌਰ, ਸਤਵੀਰ ਕੌਰ, ਸੀਮਾ ਗੁਪਤਾ ਤੇ ਹੋਰ ਲੇਖਕ, ਸਾਹਿਤਕਾਰ, ਕਵੀ ਤੇ ਸਰੋਤੇ ਵੱਡੀ ਗਿਣਤੀ ਵਿਚ ਮੌਜੂਦ ਸਨ।