ਅਟਾਰੀ : 26 ਮਾਰਚ 2019 - ਪੰਜਾਬੀ ਕਹਾਣੀ ਤੇ ਪੱਤਰਕਾਰੀ ਤੋਂ ਪੰਜਾਬੀ ਪਾਠਕਾਂ ਨੂੰ ਬਹੁਤ ਆਸਾਂ ਹਨ। ਪੰਜਾਬੀ ਦੀ ਇਹ ਵਿਧਾ ਆਮ ਲੋਕਾਂ ਦੀਆਂ ਮੁਸ਼ਕਿਲਾਂ ਤੇ ਉਨ੍ਹਾਂ ਦੇ ਮਨ ਵਿਚਲੇ ਪੱਖਾਂ ਨੂੰ ਸਾਡੇ ਸਨਮੁੱਖ ਕਰਦੀ ਹੈ। ਇਹ ਵਿਚਾਰ ਅੱਜ ਪ੍ਰੀਤ ਨਗਰ ਦੇ ਪ੍ਰੀਤ ਭਵਨ ਵਿੱਚ ਆਨੰਦ ਜੋੜੀ ਸਿਮਰਤੀ ਪੁਰਸਕਾਰ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬੀ ਨਾਟਕਕਾਰ ਸਵਰਾਜਬੀਰ ਨੇ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਲੋਕਾਂ ਤੱਕ ਪੁਖ਼ਤਾ ਜਾਣਕਾਰੀ ਪੁੱਜਣੀ ਚਾਹੀਦੀ ਹੈ ਤੇ ਲੇਖਣੀ ਵਿੱਚ ਪੱਖਪਾਤ ਕਰਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮੀਡੀਆ ’ਤੇ ਸਰਮਾਏਦਾਰੀ ਦੀ ਅਜ਼ਾਰੇਦਾਰੀ ਹੈ ਜਿਸ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਹਾਸ਼ੀਏ ’ਤੇ ਚਲੀ ਗਈ ਹੈ। ਇਸ ਕਰਕੇ ਲੇਖਕਾਂ ਤੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਉਣੀ ਸ਼ੁਰੂ ਕੀਤੀ ਜਾਵੇ ਤਾਂ ਉੱਥੇ ਕੱਟੜਵਾਦ ਨੂੰ ਠੱਲ੍ਹ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਦਾ ਅਮਨ ਦੀ ਗੱਲ ਕੀਤੀ ਹੈ। ਇਸ ਮੌਕੇ ਉਨ੍ਹਾਂ ਪ੍ਰੀਤ ਨਗਰ ਨਾਲ ਸਾਂਝਾਂ ਦਾ ਜ਼ਿਕਰ ਵੀ ਕੀਤਾ ਅਤੇ ‘2018 ਦੀਆਂ ਪ੍ਰਤੀਨਿਧ ਕਹਾਣੀਆਂ’ ਪੁਸਤਕ ਵਿੱਚ ਸ਼ਾਮਿਲ ਕਹਾਣੀਆਂ ਦੇ ਲੇਖਕਾਂ ਨੂੰ ਵਧਾਈ ਦਿੱਤੀ।
ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੁਫਨਿਆਂ ਦੀ ਵਰੋਸਾਈ ਧਰਤੀ ਪ੍ਰੀਤ ਨਗਰ ਵਿਚ ਸਾਲ 2018 ਦੀ ਸਰਬੋਤਮ ਕਹਾਣੀ ‘ਡਬੋਲੀਆ’ ਲਈ ਲੇਖਕ ਬਲਵਿੰਦਰ ਸਿੰਘ ਗਰੇਵਾਲ ਨੂੰ ਉਰਮਿਲਾ ਆਨੰਦ ਪੁਰਸਕਾਰ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਲਈ ਪੱਤਰਕਾਰ ਸ਼ਿਵਇੰਦਰ ਸਿੰਘ ਨੂੰ ਜਗਜੀਤ ਸਿੰਘ ਆਨੰਦ ਪੁਰਸਕਾਰ ਪ੍ਰਦਾਨ ਕੀਤਾ ਗਿਆ। ਪੱਤਰਕਾਰ ਸ਼ਿਵਇੰਦਰ ਸਿੰਘ ਨੂੰ 51000 ਰੁਪਏ ਦੀ ਰਾਸ਼ੀ ਅਤੇ ਬਲਵਿੰਦਰ ਸਿੰਘ ਗਰੇਵਾਲ ਨੂੰ 21000 ਰੁਪਏ ਰਾਸ਼ੀ ਦੇ ਕੇ ਸਨਮਾਨਿਆ ਗਿਆ। ਹਿਰਦੇਪਾਲ ਸਿੰਘ ਨੇ ਸਮਾਗਮ ਵਿੱਚ ਪੁੱਜੇ ਸਾਹਿਤਕਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਕੁਲਵੰਤ ਸਿੰਘ ਸੰਧੂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਉਮਾ ਗੁਰਬਖਸ਼ ਸਿੰਘ, ਪਰਵੀਨ ਕੌਰ, ਬਲਬੀਰ ਪਰਵਾਨਾ, ਜਸ ਮੰਡ, ਡਾ. ਪਰਮਿੰਦਰ ਸਿੰਘ, ਅਜਮੇਰ ਸਿੱਧੂ, ਰਜਨੀਸ਼ ਬਹਾਦਰ ਸਿੰਘ, ਡਾ.ਕੁਲਬੀਰ ਸਿੰਘ ਸੂਰੀ, ਪ੍ਰਿੰਸੀਪਲ ਜਨਮੀਤ ਸਿੰਘ, ਡਾ. ਸੁਖਪਾਲ ਥਿੰਦ, ਨਿਰਮਲ ਅਰਪਨ, ਮੁਖਤਾਰ ਗਿੱਲ, ਖੁਸ਼ਵੰਤ ਬਰਗਾੜੀ, ਭਗਵੰਤ ਰਸੂਲਪੁਰੀ, ਅਵਤਾਰ ਓਠੀ, ਦਵਿੰਦਰ ਦੀਦਾਰ, ਜਸਵੰਤ ਹਾਂਸ, ਹਰਭਜਨ ਬਾਜਵਾ, ਭੁਪਿੰਦਰ ਸੰਧੂ, ਬਲਵਿੰਦਰ ਗਰੇਵਾਲ, ਦੀਪਤੀ ਬਬੂਟਾ, ਸੰਦੀਪ ਸਮਰਾਲਾ, ਕੇਸਰਾ ਰਾਮ (ਕਹਾਣੀਕਾਰ), ਜਗਤਾਰ ਗਿੱਲ, ਕਵੀ ਹਰੀ ਸਿੰਘ ਗਰੀਬ ਆਦਿ ਹਾਜ਼ਰ ਸਨ।