ਮਾਂ ਬੋਲੀ ਪੰਜਾਬੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ-ਸਤੀਸ਼ ਕੁਮਾਰ ਵਰਮਾ ਸ਼੍ਰੋਮਣੀ ਨਾਟਕਕਾਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 4 ਸਤੰਬਰ 2024 - ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿਖੇ ਬੱਚਿਆਂ ਨੂੰ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਨੇ ਪਹੁੰਚੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਸ੍ਰੋਮਣੀ ਨਾਟਕਕਾਰ ਪੁਰਸਕਾਰ ਪ੍ਰਾਪਤ ਕਰਨ ਵਾਲਾ ਸਤੀਸ਼ ਕੁਮਾਰ ਵਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਪੁਨੀਤ ਅਮਨਦੀਪ ਸਿੰਘ ਸੋਹੀ ਨੇ ਦੱਸਿਆ ਕਿ ਡਾ ਸਤੀਸ਼ ਕੁਮਾਰ ਵਰਮਾ ਪੰਜਾਬੀ ਨਾਟਕ, ਰੰਗਮੰਚ, ਰੇਡੀਓ, ਟੀਵੀ, ਸਿਨੇਮਾ ਅਤੇ ਅਕਾਦਮਿਕ ਜਗਤ ਦਾ ਜਾਣਿਆ ਪਛਾਣਿਆ ਹਸਤਾਖਰ ਹੈ। ਮੁੱਖ ਤੌਰ ਤੇ ਇਕ ਨਾਟਕਕਾਰ ਵਜੋਂ ਨਾਮਣਾ ਖੱਟਣ ਕਾਰਨ ਉਸ ਦੇ ਨਾਟਕ ਵੱਖ-ਵੱਖ ਸਕੂਲ ਬੋਰਡਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾਏ ਜਾਂਦੇ ਹਨ।
ਉਸ ਦੇ ਨਾਟਕਾਂ ਉਤੇ ਡੇਢ ਦਰਜਨ ਤੋਂ ਵੱਧ ਖੋਜਾਰਥੀ ਪੀਐਚ.ਡੀ./ ਐਮ.ਫਿਲ. ਪੱਧਰ ਦਾ ਖੋਜ-ਕਾਰਜ ਕਰ ਚੁੱਕੇ ਹਨ। ਇਕ ਰੰਗਕਰਮੀ ਵਜੋਂ ਬਤੌਰ ਨਿਰਦੇਸ਼ਕ ਅਤੇ ਅਦਾਕਾਰ ਪੰਜਾਬੀ ਰੰਗਮੰਚ ਦੀ ਮੂਹਰਲੀ ਕਤਾਰ ਵਿਚ ਆਉਣ ਸਦਕਾ ਪੰਜਾਬੀ ਅਕਾਦਮੀ. ਦਿੱਲੀ ਵਲੋਂ 'ਸਤੀਸ਼ ਕੁਮਾਰ ਵਰਮਾ ਦਾ ਥੀਏਟਰ' ਨਾਂ ਦੇ ਤਿੰਨ ਰੋਜ਼ਾ ਆਯੋਜਨ ਸਮੇਤ ਉਸ ਨੂੰ ਅਕਾਦਮੀ ਵਲੋਂ ਦੇ ਵਾਰ 'ਬੈਸਟ ਡਾਇਰੈਕਟਰ' ਦਾ ਇਨਾਮ ਵੀ ਮਿਲ ਚੁੱਕਾ ਹੈ। ਉਸ ਦੀਆਂ ਸਮੀਖਿਆ ਅਤੇ ਖੋਜ ਦੀਆਂ ਪੁਸਤਕਾਂ 'ਰੰਗਕਰਮੀਆਂ ਨਾਲ ਸੰਵਾਦ' ਅਤੇ 'ਪੰਜਾਬੀ ਨਾਟਕ ਦਾ ਇਤਿਹਾਸ' ਨੂੰ ਭਾਸ਼ਾ ਵਿਭਾਗ, ਪੰਜਾਬ ਦੇ ਕ੍ਰਮਵਾਰ ਭਾਈ ਕਾਨ੍ਹ ਸਿੰਘ ਨਾਭਾ ਸੰਪਾਦਨ ਪੁਰਸਕਾਰ ਅਤੇ ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਮਿਲ ਚੁੱਕੇ ਹਨ। ਨਾਟ-ਮੰਚ ਦੇ ਨਾਲ ਨਾਲ ਰੇਡੀਓ, ਟੀਵੀ ਤੇ ਸਿਨੇਮਾ ਲਈ ਲਿਖਣ ਵਾਲੇ ਡਾ. ਵਰਮਾ ਨੇ ਬਤੌਰ ਕਲਾਕਾਰ ਵੀ ਇਨ੍ਹਾਂ ਮਾਧਿਅਮਾਂ ਵਿਚ ਆਪਣੀ ਪਛਾਣ ਬਣਾਈ ਹੈ।
ਇਕ ਬਹੁਪੱਖੀ ਲੇਖਕ ਤੇ ਚਿੰਤਕ ਵਜੋਂ ਨਾਟਕ, ਵਾਰਤਕ, ਕਵਿਤਾ, ਆਲੋਚਨਾ, ਖੋਜ, ਅਨੁਵਾਦ, ਸੰਪਾਦਨ, ਕੋਸ਼ਕਾਰੀ ਆਦਿ ਖੇਤਰਾਂ ਵਿਚ ਉਸ ਦੀਆਂ ਆਪਣੀ ਉਮਰ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਹਨ। ਦੇਸ਼ ਵਿਦੇਸ਼ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਭਾਸ਼ਾਵਾਂ ਦੇ ਬੁਲਾਰੇ ਤੇ ਐਕਰ ਵਜੋਂ ਪ੍ਰਸਿਧ ਅਤੇ ਚਾਰੇ ਭਾਸ਼ਾਵਾਂ ਦੇ ਕਸਬੀ ਅਨੁਵਾਦਕ ਵਜੋਂ ਜਾਣੇ ਜਾਂਦੇ ਸਤੀਸ਼ ਕੁਮਾਰ ਵਰਮਾ ਨੂੰ 'ਰੰਗਮੰਚ ਦਾ ਕੋਹਿਨੂਰ: ਪ੍ਰਿਥਵੀ ਰਾਜ ਕਪੂਰ ਪੁਸਤਕ ਲਈ ਭਾਰਤੀ ਸਾਹਿਤ ਅਕਾਦੇਮੀ ਦਾ 'ਅਨੁਵਾਦ ਪੁਰਸਕਾਰ' ਵੀ ਮਿਲ ਚੁੱਕਾ ਹੈ। ਉਸ ਨੇ 2006 ਵਿਚ ਪ੍ਰਿੰਸ ਚਾਰਲਸ ਦੇ ਭਾਸ਼ਣ ਦਾ ਮੰਚ ਉਤੇ ਪੈਰਾ ਦਰ ਪੈਰਾ 'ਲਾਈਵ ਅਨੁਵਾਦ ਕਰਕੇ ਵੀ ਸ਼ੋਭਾ ਖੱਟੀ ਹੈ। ਇਕ ਸਮਰਪਿਤ ਅਧਿਆਪਕ ਵਜੋਂ ਆਪਣੇ 42 ਸਾਲ (1978-2020) ਦੇ ਅਧਿਆਪਨ ਕੈਰੀਅਰ ਦੌਰਾਨ ਨਾਟ-ਮੰਚ, ਰੇਡੀਓ, ਟੀਵੀ ਤੇ ਸਿਨੇਮਾ ਦੇ ਖੇਤਰ ਵਿਚ ਲਗਪਗ ਏਨੀ ਹੀ ਗਿਣਤੀ ਵਿਚ ਪੀਐਚ.ਡੀ ਅਤੇ ਇਸ ਤੋਂ ਤਿਗਣੀ ਗਿਣਤੀ ਵਿਚ ਐਮ.ਫਿਲ. ਦੇ ਖੋਜ-ਕਾਰਜ ਕਰਵਾਉਣ ਵਾਲਾ ਸਤੀਸ਼ ਕੁਮਾਰ ਵਰਮਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਮੇਂ ਸਮੇਂ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਸੰਸਕ੍ਰਿਤ ਵਿਭਾਗ, ਵਿਦੇਸ਼ੀ ਭਾਸ਼ਾਵਾਂ ਵਿਭਾਗ, ਡੀਨ ਭਾਸ਼ਾ ਫੈਕਲਟੀ ਅਤੇ ਡਾਇਰੈਕਟਰ, ਯੁਵਕ ਭਲਾਈ ਵਿਭਾਗ ਰਹਿਣ ਉਪਰੰਤ ਅੱਜ ਕੱਲ੍ਹ ਕੁਲਵਕਤੀ ਲੇਖਕ ਹੋਣ ਦੇ ਨਾਲ ਨਾਲ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ ਵਿਚ ਆਨਰੇਰੀ ਤੌਰ ਤੇ ਪ੍ਰੋਫੈਸਰ ਅਮੈਰੀਟਸ ਵਜੋਂ ਨਿਯੁਕਤ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਵਜੋਂ ਕਾਰਜਸ਼ੀਲ ਹੈ। ਆਪਣੇ ਸਟਾਰ ਬੇਟੇ ਪਰਮੀਸ਼ ਵਰਮਾ ਦੇ ਸਮਾਨਾਂਤਰ ਮੁਖ ਭੂਮਿਕਾ ਵਾਲੀ ਉਸ ਦੀ ਫ਼ਿਲਮ 'ਮੈਂ ਤੇ ਬਾਪੂ' ਚਰਚਿਤ ਰਹੀ ਹੈ।