ਲੁਧਿਆਣਾ, 21 ਅਗਸਤ, 2017 : ਪੰਜਾਬ ਦੀ ਸਭ ਤੋਂ ਪੁਰਾਣੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦੇ ਬਾਨੀ ਮੈਂਬਰ ਸ. ਮੱਲ ਸਿੰਘ ਰਾਮਪੁਰੀ ਪਰਿਵਾਰ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ 'ਮੱਲ ਸਿੰਘ ਰਾਮਪੁਰੀ ਕਵਿਤਾ ਪੁਰਸਕਾਰ' ਸਥਾਪਿਤ ਕਰਨ ਲਈ ਢਾਈ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ। ਸ. ਰਾਮਪੁਰੀ ਦੇ ਭਤੀਜੇ ਸ. ਸਤਿਬੀਰ ਸਿੰਘ ਰਾਮਪੁਰੀ ਨੇ ਚੈੱਕ ਪੰਜਾਬੀ ਸਾਹਿਤ ਅਕਾਡਮੀ ਦੇੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਅਤੇ ਤ੍ਰੈਲੋਚਨ ਲੋਚੀ, ਪ੍ਰੋ ਰਵਿੰਦਰ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਅਵਤਾਰ ਸਿੰਘ ਧਮੋਟ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤਾ।
ਸ. ਮੱਲ ਸਿੰਘ ਰਾਮਪੁਰੀ ਨੂੰ ਇਸ ਮੌਕੇ ਅਕਾਡਮੀ ਦੇ ਪ੍ਰਧਾਨ ਅਤੇ ਬਾਕੀ ਮੈਂਬਰਾਂ ਨੇ ਦੋਸ਼ਾਲਾ, ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਸ. ਰਾਮਪੁਰੀ ਨੇ ਆਪਣੀਆਂ ਪੁਸਤਕਾਂ 'ਗ਼ਜ਼ਨੀ ਤੋਂ ਰਾਮਪੁਰ', 'ਜੇਲ੍ਹਾਂ ਜਾਈ', 'ਹਰ ਪਾਸੇ ਚਮਕੌਰ ਗੜ੍ਹੀ ਹੈ' ਅਤੇ ਡਾ. ਕੁਲਦੀਪ ਸਿੰਘ ਦੀਪ ਵੱਲੋਂ ਸੰਪਾਦਿਕ ਪੁਸਤਕ 'ਮੱਲ ਸਿੰਘ ਰਾਮਪੁਰੀ ਦੇ ਓਪੇਰੇ' ਅਕਾਡਮੀ ਦੇ ਰੈਫ਼ਰੈਂਸ ਲਾਇਬ੍ਰੇਰੀ ਲਈ ਡਾਇਰੇਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ ਨੂੰ ਭੇਂਟ ਕੀਤੀਆਂ।
ਇਸ ਮੌਕੇ ਬੋਲਦਿਆਂ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਮਲ ਸਿੰਘ ਰਾਮਪੁਰੀ ਪਰਿਵਾਰ ਦਾ ਧੰਨਵਾਦ ਕੀਤਾ ਜਿਸ ਨੇ ਪੰਜਾਬੀ ਸਾਹਿਤ ਵਿਕਾਸ ਲਈ ਆਪਣੀ ਕਮਾਈ 'ਚੋਂ ਪੁਰਸਕਾਰ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਦੇ ਵਿਆਜ ਨਾਲ ਹਰ ਸਾਲ ਇੱਕ ਪੰਜਾਬੀ ਕਵੀ ਨੂੰ ਉਸ ਦੀ ਸਮੁੱਚੀ ਸਾਹਿਤ ਸੇਵਾ ਲਈ ਸਨਮਾਨਿਤ ਕੀਤਾ ਜਾਵੇਗਾ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸ. ਮੱਲ ਸਿੰਘ ਰਾਮਪੁਰੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੁਰਸਕਾਰ ਸਥਾਪਿਤ ਕਰਨ ਦੀ ਸ਼ਲਾਘਾ ਕੀਤੀ।
ਸ. ਮੱਲ ਸਿੰਘ ਰਾਮਪੁਰੀ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਪੰਜਾਬੀ ਲੇਖਕਾਂ ਦੀ ਮਾਂ ਸੰਸਥਾ ਹੈ ਜੋ 1954 ਤੋਂ ਲਗਾਤਾਰ ਸਾਹਿਤ ਅਧਿਐਨ ਅਤੇ ਪੰਜਾਬੀ ਭਵਨ 'ਚ ਸਾਹਿਤ ਸਰਗਰਮੀਆਂ ਸਦਕਾ ਯੋਗ ਅਗਵਾਈ ਦੇ ਰਹੀ ਹੈ। ਇਸ ਪੁਰਸਕਾਰ ਨੂੰ ਸਥਾਪਿਤ ਕਰਨ ਦੀ ਪ੍ਰੇਰਨਾ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੇ ਕੇ ਮੈਨੂੰ ਮਰਨ ਉਪਰੰਤ ਵੀ ਇਸ ਮਹਾਨ ਸੰਸਥਾ ਨਾਲ ਜੋੜਿਆ ਹੈ। ਅਕਾਡਮੀ ਵਲੋਂ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ ਤੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਰਾਮਪੁਰੀ ਪਰਿਵਾਰ ਦਾ ਧੰਨਵਾਦ ਕੀਤਾ।