← ਪਿਛੇ ਪਰਤੋ
ਗੁਰਭਜਨ ਗਿੱਲ
ਬਟਾਲਾ 15 ਦਸੰਬਰ 2017 :
ਅਰਬਨ ਅਸਟੇਟ ਬਟਾਲਾ ਵਿਖੇ ਲੋਕ ਵਿਰਾਸਤ ਅਕਾਡਮੀ ਪੰਜਾਬ ਵੱਲੋਂ ਆਯੋਜਿਤ ਸਾਦਾ ਸਾਹਿੱਤਕ ਮਿਲਣੀ ਵਿੱਚ ਪ੍ਰੋ: ਸੁਖਵੰਤ ਸਿੰਘ ਗਿੱਲ ਦਾ ਕਹਾਣੀ ਸੰਗ੍ਰਹਿ ਧਰਤੀ ਗਾਥਾ ਨੂੰ ਲੋਕ ਅਰਪਨ ਕਰਦੇ ਹੋਏ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ: ਅਨੂਪ ਸਿੰਘ ਨੇ ਕਿਹਾ ਹੈ ਕਿ ਉਮਰ ਦੀ ਪਰਪੱਕ ਅਵਸਥਾ ਚ ਪੁੱਜ ਕੇ ਪ੍ਰੋ: ਸੁਖਵੰਤ ਸਿੰਘ ਗਿੱਲ ਨੇ ਜੀਵਨ ਘਟਨਾਵਾਂ ,ਸਮਾਜਿਕ ਤਾਣੇਬਾਣੇ ਦੇ ਵਰਤਾਰੇ, ਸਿਆਸੀ ਭ੍ਰਿਸ਼ਟਾਚਾਰ ਨੂੰ ਵਿਸ਼ਲੇਸ਼ਣੀ ਅੱਖ ਨਾਲ ਵੇਖ ਕੇ ਸਮੂਹ ਚੌਗਿਰਦੇ ਨੂੰ ਕਹਾਣੀ ਦੇ ਚੌਖਟੇ ਵਿੱਚ ਰਸਵੰਤੇ ਢੰਗ ਨਾਲ ਪੇਸ਼ ਕੀਤਾ ਹੈ। ਇਹ ਚੰਗਾ ਕਦਮ ਸ਼ਲਾਘਾਯੋਗ ਹੈ। ਗੁਰੂ ਤੇਗ ਬਹਾਦਰ ਨੈ਼ਨਲ ਕਾਲਿਜ ਦਾਖਾ(ਲੁਧਿਆਣਾ ਦੇ ਸੇਵਾਮੁਕਤ ਪ੍ਰਿੰਸੀਪਲ ਡਾ: ਗੁਰਇਕਬਾਲ ਸਿੰਘ ਨੇ ਕਿਹਾ ਕਿ ਸਾਡੇ ਵੱਡੇ ਭਾ ਜੀ ਨੇ ਸਾਹਿੱਤ ਖੇਤਰ ਚ ਦੂਜੀ ਕਿਤਾਬ ਦਿੱਤੀ ਹੈ। ਪਹਿਲਾਂ ਸ਼ਬਦ ਯਾਤਰੀ ਲੇਖ ਸੰਗ੍ਰਹਿ ਤੇ ਹੁਣ ਕਹਾਣੀ ਸੰਗ੍ਰਹਿ ਧਰਤੀ ਗਾਥਾ ਜੀਵਨ ਦੀਆਂ ਗੁੰਝਲਦਾਰ ਪੇਚੀਦਗੀਆਂ ਸਮਝਣ ਲਈ ਕੁੰਜੀ ਵਾਂਗ ਹੈ। ਇਹ ਕਹਾਣੀਆਂ ਰੂਪਕ ਪੱਖੋਂ ਸਮਰੱਥ ਨਾ ਵੀ ਹੋਣ ਪਰ ਭਾਵਨਾ ਪੱਖੋਂ ਬਲਵਾਨ ਹਨ। ਡਾ: ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਅਧਿਆਪਕ ਤੋਂ ਇਲਾਵਾ ਪ੍ਰੋ: ਸੁਖਵੰਤ ਸਿੰਘ ਗਿੱਲ ਦੇ ਸਹਿਪਾਠੀ ਮਾਸਟਰ ਹਰਭਜਨ ਸਿੰਘ ਭਾਗੋਵਾਲੀਆ ਨੇ ਵੀ ਸੰਬੋਧਨ ਕੀਤਾ। ਪ੍ਰੋ: ਸੁਖਵੰਤ ਸਿੰਘ ਗਿੱਲ ਦੇ ਛੋਟੇ ਵੀਰ ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਮੇਰੇ ਵੱਡੇ ਵੀਰਾਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ: ਸੁਖਵੰਤ ਸਿੰਘ ਨੇ ਹੀ ਮੈਨੂੰ ਸਾਹਿੱਤਕ ਚੇਟਕ ਲਾਈ ਤੇ ਅਗਵਾਈ ਕੀਤੀ। ਅੱਜ ਵੱਡੇ ਵੀਰ ਦੀ ਪੁਸਤਕ ਲੋਕ ਅਰਪਨ ਹੁੰਦੀ ਵੇਖਣਾ ਮੱਰੇ ਲਈ ਸੁਭਾਗ ਹੈ। ਇਸ ਪੁਸਤਕ ਨੂੰ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਬੜੇ ਖੂਬਸੂਰਤ ਅੰਦਾਜ਼ ਚ ਪ੍ਰਕਾਸ਼ਿਤ ਕੀਤਾ ਹੈ।ਪੁਸਤਕ ਦੀ ਪਹਿਲੀ ਕਾਪੀ ਲੇਖਕ ਦੀ ਜੀਵਨ ਸਾਥਣ ਪ੍ਰਿੰ: ਕੁਲਵੰਤ ਕੌਰ ਜੀ ਨੂੰ ਭੇਂਟ ਕੀਤੀ ਗਈ। ਪ੍ਰੋ: ਸੁਖਵੰਤ ਸਿੰਘ ਗਿੱਲ ਨੇ ਸਮਾਗਮ ਚ ਸ਼ਾਮਲ ਵਿਦਵਾਨ ਲੇਖਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਕਹਾਣੀ ਸੰਗ੍ਰਹਿ ਨੂੰ ਲੋਕ ਅਰਪਨ ਕੀਤਾ ਹੈ।
Total Responses : 267