ਲੁਧਿਆਣਾ, 22 ਫਰਵਰੀ, 2017 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਦੀ ਰਹਿਨੁਮਾਈ ਹੇਠ ਯੂਨੀਵਰਸਿਟੀ ਦੇ ਅੱਠ ਵਿਦਿਆਰਥੀਆਂ ਦੀ ਟੀਮ ਨੇ 'ਪੰਜਾਬੀ ਸਾਹਿਤ ਅਕਾਦਮੀ' ਵੱਲੋਂ 21-2-2017 ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ । 'ਅੰਤਰ ਕਾਲਜ ਸਾਹਿਤਕ ਪ੍ਰਤਿਯੋਗਤਾ' ਵਿੱਚ ਭਾਗ ਲਿਆ । ਪੰਜਾਬੀ ਸਾਹਿਤ ਅਕਾਦਮੀ ਵੱਲੋਂ 'ਮਾਤ ਭਾਸ਼ਾ ਦਿਵਸ' ਮਨਾਉਦਿਆਂ ਸੱਤ ਪ੍ਰਤਿਯੋਗਤਾਵਾਂ ਕਰਵਾਈਆਂ ਗਈਆਂ ਜਿਹੜੀਆਂ ਕਿ ਕਹਾਣੀ ਲਿਖਣਾ, ਕਵਿਤਾ ਲਿਖਣਾ, ਕਵਿਤਾ ਪਾਠ, ਲੋਕ ਗੀਤ, ਸਾਹਿਤਕ ਪ੍ਰਸ਼ਨੋਤਰੀ ਅਤੇ ਪੰਜਾਬੀ ਅਖਾਣਾਂ 'ਤੇ ਅਧਾਰਿਤ ਸਨ । ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ/ਯੂਨੀਵਰਸਿਟੀਆਂ ਦੀਆਂ 29 ਟੀਮਾਂ (171 ਪ੍ਰਤਿਯੋਗੀਆਂ) ਨੇ ਭਾਗ ਲਿਆ । ਪੀਏਯੂ ਦੀ ਟੀਮ ਨੇ ਇਹਨਾਂ ਸਾਰੀਆਂ ਪ੍ਰਯੋਗਤਾਵਾਂ ਵਿੱਚ ਭਾਗ ਲਿਆ ਅਤੇ ਸਮੁੱਚੀ ਟਰਾਫੀ ਜਿੱਤੀ । ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਦੀ ਹਰਸਿਮਰਨ ਕੌਰ ਨੇ ਕਵਿਤਾ ਪਾਠ ਵਿੱਚ ਤੀਜਾ ਇਨਾਮ ਹਾਸਲ ਕੀਤਾ ਜਦੋ ਕਿ ਐਗਰੀਕਲਚਰ ਕਾਲਜ ਦੇ ਵਿਦਿਆਰਥੀ ਪਲਵਿੰਦਰ ਸਿੰਘ ਨੇ ਕਵਿਤਾ ਲਿਖਣ ਵਿੱਚ ਤੀਜਾ ਇਨਾਮ ਹਾਸਲ ਕੀਤਾ । ਇਸ ਮੌਕੇ ਉਘੇ ਪੰਜਾਬੀ ਲੇਖਕ ਅਤੇ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਇਨਾਮ ਵੰਡੇ । ਡਾ. ਦਵਿੰਦਰ ਕੌਰ ਕੋਚਰ, ਯੁਵਾ ਲੇਖਕ ਐਸੋਸੀਏਸ਼ਨ ਦੀ ਪ੍ਰਧਾਨ ਨੇ ਪੀਏਯੂ ਦੀ ਟੀਮ ਨਾਲ ਟੀਮ ਇੰਚਾਰਜ ਵਜੋਂ ਕਾਰਜਸ਼ੀਲ ਰਹੇ ।