ਕੁਝ ਲੋਕ ਸ਼ਹਿਰ ਦਾ ਪਛਾਣ ਚਿੰਨ੍ਹ ਹੁੰਦੇ ਨੇ। ਪ੍ਰੇਮ ਅਵਤਾਰ ਰੈਣਾ ਵਰਗੇ।
ਸਾਰੀ ਉਮਰ ਅੰਮ੍ਰਿਤਸਰ ਤੇ ਹੁਣ ਪਿਛਲੇ ਕੁਝ ਸਾਲਾਂ ਤੋਂ ਲੁਧਿਆਣੇ ਰਹਿੰਦੇ ਨੇ।
ਪੰਜਾਬੀ ਭਵਨ 'ਚ ਲਗਾਤਾਰ ਹਰ ਸਰਗਰਮੀ ਚ ਸ਼ਾਮਿਲ ਹੋਣ ਵਾਲੇ।
ਪੀ ਏ ਯੂ ਕੈਂਪਸ ਚ ਆਪਂਣੇ ਵਿਗਿਆਨੀ ਪੁੱਤਰ ਡਾ: ਨਵਪ੍ਰੇਮ ਸਿੰਘ ਦੇ ਪਰਿਵਾਰ ਤੇ ਧੁੱਪੇ ਘਣਛਾਵਾਂ ਬਿਰਖ ਅਤੇ ਸਿਆਲੀ ਰੁੱਤੇ ਖਿੜੀ ਦੁਪਹਿਰ ਬਣਦੇ ਨੇ।
ਸ਼ੌਕ ਹੈ ਵਧੀਆ ਵਿਸ਼ਵ ਸਾਹਿੱਤ ਪੜ੍ਹਨਾ ਤੇ ਪੰਜਾਬੀ ਚ ਅਨੁਵਾਦਣਾ।
ਅੱਜ ਕੱਲ੍ਹ ਪਾਕਿਸਤਾਨ ਦੀ ਸ੍ਵ: ਲੇਖਿਕਾ ਅਫ਼ਜ਼ਲ ਤੌਸੀਫ਼ ਦੀ ਪੰਜਾਬ ਬਾਰੇ ਕਿਤਾਬ ਲਿਪੀਅੰਤਰ ਕਰ ਰਹੇ ਹਨ। ਸ਼ਾਹਮੁਖੀ ਤੋਂ ਗੁਰਮੁਖੀ।
ਪੰਜਾਬੀ ਭਵਨ ਲਾਇਬ੍ਰੇਰੀ ਚ ਲਗਾਤਾਰ ਆਉਣ ਤੇ ਪੜ੍ਹਨ ਵਾਲੇ। ਨਿਰੰਤਰਤਾ ਦਾ ਸਜੀਵ ਸਰੂਪ।
ਇਹ ਫ਼ਸਲ ਆਖ਼ਰੀ ਹੈ ਸਮਰਪਿਤ ਕਾਫ਼ਲੇ ਦੀ। ਹਰ ਪਲ ਨਵੇਂ ਸਫ਼ਰ ਦੀ ਤਿਆਰੀ ਵਾਲੇ ਪਾਂਧੀ।
ਮੈਂ ਹਰ ਵਾਰ ਇਨ੍ਹਾਂ ਤੋਂ ਨਵੀਂ ਊਰਜਾ ਹਾਸਿਲ ਕਰਦਾ ਹਾਂ
ਤੁਸੀਂ ਕਿਓ ਂ ਵਿਰਵੇ ਹੋ।ਬਾਰਸ਼ ਵਿੱਚ ਵੀ ਅਣਭਿੱਜੇ।
ਕਾਲੀ ਐਨਕ ਤੇ ਦਸਤਾਨੇ ਉਤਾਰ ਕੇ ਜ਼ਿੰਦਗੀ ਦੇ ਗੁਪਤ ਨਾਇਕਾਂ ਦੀ ਬਗਲਗੀਰੀ ਕਰੋ।
ਕਮਾਲ ਦੀ ਅਮੀਰੀ ਲੱਭੇਗੀ ਰੂਹਾਂ ਦੇ ਮੇਲੇ ਚੋਂ।
ਤੁਰ ਪਵੋ ਹੁਣੇ ਹੀ। ਅਗਲੇ ਪਲ ਹੀ ਕੁਵੇਲ਼ਾ ਹੋ ਰਿਹਾ ਹੈ।