ਚੰਡੀਗੜ੍ਹ, 12 ਸਤੰਬਰ, 2016 : ਬੀਤੇ ਦਿਨੀ ਲੇਖਕ ਉਨ੍ਹਾਂ ਦੀ ਆਵਾਜ਼ ਬਣਦੇ ਹਨ ਜਿਨ੍ਹਾਂ ਲੋਕਾਂ ਦੀ ਆਵਾਜ਼ ਦਬਾਅ ਦਿੱਤੀ ਜਾਂਦੀ ਹੈ। ਸਾਹਿਤ , ਲੇਖਕ ਆਪਣੇ ਸ਼ਬਦਾਂ ਨਾਲ ਤੇ ਕਲਮ ਦੇ ਹਥਿਆਰ ਨਾਲ ਹੀ ਲੜਾਈ ਲੜਦੇ ਹਨ। ਇਹ ਲੜਾਈ ਜੁਗਾਂ ਤੋਂ ਚੱਲੀ ਆ ਰਹੀ ਹੈ। ਇਹ ਵਿਚਾਰ ਉਘੇ ਸਾਹਿਤ ਚਿੰਤਕ ਡਾ. ਸਰਬਜੀਤ ਸਿੰਘ ਨੇ ਪ੍ਰਗਟ ਕੀਤੇ, ਜੋ ਪੰਜਾਬ ਕਲਾ ਭਵਨ ਵਿਚ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਆਯੋਜਿਤ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਆਪਣੀ ਗੱਲ ਸਾਂਝੀ ਕਰ ਰਹੇ ਸਨ। ਪ੍ਰਸਿੱਧ ਕਹਾਣੀਕਾਰ ਸਰੂਪ ਸਿਆਲਵੀ ਦੀ ਪੁਸਤਕ 'ਚਾਰ ਤੱਤ ਦਾ ਪੁਤਲਾ' 'ਤੇ ਹੋਈ ਵਿਚਾਰ ਚਰਚਾ ਦੌਰਾਨ ਡਾ. ਸਰਬਜੀਤ ਸਿੰਘ ਨੇ ਆਖਿਆ ਕਿ ਆਜ਼ਾਦੀ ਦੀ ਲੜਾਈ ਅੱਜ ਵੀ ਲੜਨੀ ਪੈ ਰਹੀ ਹੈ। ਹਾਂ ਜੇਕਰ ਅਸੀਂ ਹੁਣ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ, ਧਰਮ-ਜਾਤ ਦੇ ਪਾੜਿਆਂ ਨੂੰ ਮਿਟਾਉਣ ਲਈ ਸੰਘਰਸ਼ ਨਾ ਕੀਤਾ ਤਾਂ ਕੋਈ ਸ਼ੱਕ ਨਹੀਂ ਕਿ ਅਸੀਂ ਦੇਰ-ਸਵੇਰੇ ਮੁੜ ਆਰੀਆ ਯੁੱਗ ਵਿਚ ਪਰਤ ਜਾਵਾਂਗੇ। ਅੱਜ ਵੰਗਾਰ ਦੀ ਲੋੜ ਹੈ ਤੇ ਇਸ ਵਿਚ ਸਾਹਿਤਕਾਰ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਜ਼ਿਕਰਯੋਗ ਹੈ ਕਿ ਕਹਾਣੀਕਾਰ ਸਰੂਪ ਸਿਆਲਵੀ ਦੀ ਪੁਸਤਕ 'ਚਾਰ ਤੱਤਾਂ ਦਾ ਪੁਤਲਾ' ਅੱਠ ਕਹਾਣੀਆਂ ਨੂੰ ਲੈ ਕੇ ਕਿਤਾਬ ਦੇ ਰੂਪ ਵਿਚ ਪਾਠਕਾਂ ਤੱਕ ਪਹੁੰਚਿਆ ਹੈ। ਜਿਸ ਦੇ ਰਿਲੀਜ਼ ਸਮਾਗਮ ਵਿਚ ਸਭ ਤੋਂ ਪਹਿਲਾਂ ਲੇਖਕ ਸਭਾ ਦੇ ਪ੍ਰਧਾਨ ਸ਼ਿਰੀਰਾਮ ਅਰਸ਼ ਨੇ ਜਿੱਥੇ ਸਭਨਾਂ ਨੂੰ ਜੀ ਆਇਆਂ ਆਖਿਆ ਉਥੇ ਉਨ੍ਹਾਂ ਸਰੂਪ ਸਿਆਲਵੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੇਖਕ ਦਲਿਤ ਚੇਤਨਾ ਦਾ ਹਾਮੀ ਹੈ ਤੇ ਸਮਾਜ ਵਿਚ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਹੈ।
ਇਸ ਉਚੇਚੇ ਸਮਾਗਮ ਦੌਰਾਨ ਟੈਗੋਰ ਥੀਏਟਰ ਦੇ ਬਤੌਰ ਡਾਇਰੈਕਟਰ ਕਾਰਜ ਸੰਭਾਲਣ ਵਾਲੇ ਬਲਕਾਰ ਸਿੱਧੂ ਦਾ ਪੰਜਾਬੀ ਲੇਖਕ ਸਭਾ ਨੇ ਵਿਸ਼ੇਸ਼ ਸਨਮਾਨ ਕੀਤਾ। ਬਲਕਾਰ ਸਿੱਧੂ ਦੇ ਲੋਕ ਹਿੱਤੀ ਅਤੇ ਕਲਾ ਹਿੱਤੀ ਕਾਰਜਾਂ 'ਤੇ ਝਾਤ ਪਾਉਂਦਿਆਂ ਮਨਜੀਤ ਕੌਰ ਮੀਤ ਨੇ ਬੜੇ ਹੀ ਸੋਹਣੇ ਸ਼ਬਦਾਂ ਵਿਚ ਇਕ ਤਸਵੀਰ ਉਕਰ ਦਿੱਤੀ। ਜ਼ਿਕਰਯੋਗ ਹੈ ਕਿ ਬਲਕਾਰ ਸਿੰਘ ਸਿੱਧੂ ਲੰਮਾ ਸਮਾਂ ਜਿੱਥੇ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਰਹੇ ਹਨ ਉਥੇ ਹੀ ਉਹ ਇਫਟਾ ਵਿਚ ਮੁੱਢਲੀਆਂ ਸੇਵਾਵਾਂ ਨਿਭਾਅ ਰਹੇ ਹਨ।
ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ ਇਸ ਸਾਹਿਤਕ ਸਮਾਗਮ ਵਿਚ ਸਰੂਪ ਸਿਆਲਵੀ ਦੀ ਕਿਤਾਬ 'ਤੇ ਮੁੱਖ ਪਰਚਾ ਜੇ.ਬੀ. ਸੇਖੋਂ ਹੁਰਾਂ ਨੇ ਪੜ੍ਹਿਆ। ਜਦੋਂਕਿ ਦਵਿੰਦਰ ਬੋਹਾ ਅਤੇ ਫਤਿਹ ਜੰਗ ਸਿੰਘ ਹੁਰਾਂ ਨੇ ਵੀ ਕਿਤਾਬ ਬਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਆਲੋਚਕਾਂ ਨੇ ਕਿਤਾਬ ਦੀ ਕਹਾਣੀ 'ਹਨੇਰੇ ਤੋਂ ਚਾਨਣ ਵੱਲ ਤੇ ਚਾਰ ਤੱਤਾਂ ਦਾ ਪੁਤਲਾ' ਨੂੰ ਸਮਾਜ ਦਾ ਆਈਨਾ ਦੱਸਿਆ। ਉਨ੍ਹਾਂ ਕਿਹਾ ਕਿ ਕਿਤਾਬ ਪਿੰਡ ਦੀ ਬਾਤ ਪਾਉਂਦੀ ਹੈ,ਦਲਿਤ ਭਾਈਚਾਰੇ ਦੇ ਸੰਘਰਸ਼ ਦੀ ਹਾਮੀ ਭਰਦੀ ਹੈ ਤੇ ਹਾਰੇ ਹੋਏ ਲੋਕਾਂ ਦੀ ਆਵਾਜ਼ ਵੀ ਬਣਦੀ ਹੈ। ਇਸ ਮੌਕੇ 'ਤੇ ਜਿੱਥੇ ਸ਼ਾਮ ਸਿੰਘ 'ਅੰਗ ਸੰਗ' ਹੁਰਾਂ ਨੇ ਵੱਖਰੇ ਅੰਦਾਜ਼ ਵਿਚ ਕਿਹਾ ਕਿ ਲੇਖਕਾਂ ਤੇ ਕਿਤਾਬਾਂ ਦਾ ਕੰਮ ਜਾਤਾਂ-ਧਰਮਾਂ ਦੇ ਪਾੜੇ ਨੂੰ ਵਧਾਉਣਾ ਨਹੀਂ ਬਲਕਿ ਕਿਤਾਬ ਦਾ ਮਨੋਰਥ ਤਾਂ ਮਾਨਵਤਾ ਪੈਦਾ ਕਰਨਾ ਹੁੰਦਾ ਹੈ। ਉਥੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਅ ਰਹੇ ਡਾ. ਗੁਰਮੇਲ ਸਿੰਘ ਹੁਰਾਂ ਨੇ ਵੀ ਦਲਿਤ ਭਾਈਚਾਰੇ ਨਾਲ ਸਦੀਆਂ ਤੋਂ ਚੱਲੀਆਂ ਆ ਰਹੀਆਂ ਵਧੀਕੀਆਂ ਦਾ ਜ਼ਿਕਰ ਕਰਕੇ ਕਿਤਾਬ ਦੀ ਸਾਰਥਿਕਤਾ ਨੂੰ ਬਾਖੂਬੀ ਬਿਆਨ ਕੀਤਾ।
ਇਸ ਮੌਕੇ 'ਤੇ ਲੇਖਕ ਸਭਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤੇ ਗਏ ਟੈਗੋਰ ਥੀਏਟਰ ਦੇ ਡਾਇਰੈਕਟਰ ਬਲਕਾਰ ਸਿੱਧੂ ਨੇ ਸਭਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਡਿਊਟੀ ਤਾਂ ਕਾਰਜ ਕਰਨਾ ਹੀ ਹੈ ਤੇ ਉਹ ਉਸਾਰੂ ਸਮਾਜ ਲਈ ਹਮੇਸ਼ਾ ਸਾਹਿਤਕ ਤੇ ਕਲਾ ਖੇਤਰ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸੇ ਤਰ੍ਹਾਂ ਕਹਾਣੀਕਾਰ ਸਰੂਪ ਸਿਆਲਵੀ ਨੇ ਵੀ ਸਭਾ ਦੇ ਨਾਲ-ਨਾਲ ਮੌਜੂਦ ਸਾਰੇ ਕਹਾਣੀਕਾਰਾਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਬੁੱਧੀਜੀਵੀਆਂ ਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਮਨਜੀਤ ਇੰਦਰਾ,ਅਵਤਾਰ ਸਿੰਘ ਪਤੰਗ, ਮਨਜੀਤ ਕੌਰ ਮੀਤ, ਮਲਕੀਤ ਬਸਰਾ,ਰਜਿੰਦਰ ਕੌਰ, ਸੈਵੀ ਰੈਤ, ਮਨਜੀਤ ਕੌਰ ਮੋਹਾਲੀ, ਸੁਰਿੰਦਰ ਗਿੱਲ, ਦੀਪਕ ਸ਼ਰਮਾ ਚਨਾਰਥਲ ਆਦਿ ਮੌਜੂਦ ਸਨ।