ਏ.ਡੀ.ਜੀ.ਪੀ. ਅਮਰਜੀਤ ਸਿੰਘ ਰਾਏ ਨੇ ‘ਸਾਡਾ ਪੰਜਾਬ’ ਕਿਤਾਬ ਦੇ ਲੇਖਕ ਮੁਨੀਸ਼ ਜਿੰਦਲ ਦੇ ਕੋਚਿੰਗ ਕੈਂਪਸ ਦਾ ਕੀਤਾ ਉਦਘਾਟਨ
ਚੰਡੀਗੜ/ਐਸਏਐਸ ਨਗਰ, 19 ਦਸੰਬਰ 2021 - ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਇੰਟੈਲੀਜੈਂਸ ਅਮਰਦੀਪ ਸਿੰਘ ਰਾਏ ਨੇ ਐਤਵਾਰ ਨੂੰ ਮੁਹਾਲੀ ਵਿਖੇ ਸਿਵਲ ਸਰਵਿਸਸ ਦੀ ਤਿਆਰੀ ਕਰਵਾਉਣ ਵਾਲੇ ‘ਸਾਡਾ ਪੰਜਾਬ’ ਕੋਚਿੰਗ ਇੰਸਟੀਚਿਊਟ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ।
ਇਸ ਕੈਂਪਸ ਦੀ ਸਥਾਪਨਾ, ਪੰਜਾਬ ਰਾਜ ਸਬੰਧੀ ਆਮ ਗਿਆਨ ’ਤੇ ਅਧਾਰਤ ਕਿਤਾਬਾਂ ‘ਸਾਡਾ ਪੰਜਾਬ’ ਅਤੇ ‘ਦਿ ਪੰਜਾਬ ਰਿਵਿਉ ‘ ਦੇ ਮਸ਼ਹੂਰ ਲੇਖਕ ਮੁਨੀਸ਼ ਜਿੰਦਲ ਦੁਆਰਾ ਕੀਤੀ ਗਈ ਹੈ ਤਾਂ ਜੋ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (ਆਈ.ਏ.ਐਸ.), ਪੰਜਾਬ ਸਿਵਲ ਸੇਵਾਵਾਂ(ਪੀ.ਸੀ.ਐਸ.) ਅਤੇ ਹੋਰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾ ਸਕੇ।
ਏਡੀਜੀਪੀ ਰਾਏ ਨੇ ਰਸਮੀ ਤੌਰ ‘ਤੇ ਅਦਾਰੇ ਦਾ ਬਰੋਸ਼ਰ ਲਾਂਚ ਕਰਦੇ ਹੋਏ ਕਿਹਾ ਕਿ ਮਿਆਰੀ ਸਿੱਖਿਆ ਹੀ ਵਿਦਿਆਰਥੀਆਂ ਨੂੰ ਉਨਾਂ ਦੇ ਸਬੰਧਤ ਖੇਤਰਾਂ ਵਿੱਚ ਉੱਤਮਤਾ ਪ੍ਰਦਾਨ ਕਰ ਸਕਦੀ ਹੈ।
ਉਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਵੱਖ-ਵੱਖ ਪੱਧਰਾਂ ‘ਤੇ ਮੁਕਾਬਲਾ ਪ੍ਰੀਖਿਆਵਾਂ ਔਖੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਚਾਹਵਾਨ ਵਿਦਿਆਰਥੀਆਂ ਨੂੰ ਰਣਨੀਤਕ ਤੌਰ ‘ਤੇ ਤਿਆਰੀ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਪਹਿਲਾਂ ਸਿਵਲ ਸੇਵਾਵਾਂ ਦੇ ਚਾਹਵਾਨਾਂ ਵਿਦਿਆਰਥੀਆਂ ਨੂੰ ਆਪਣੀ ਤਿਆਰੀ ਲਈ ਦੂਜੇ ਰਾਜਾਂ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਇਸ ਕੈਂਪਸ ਦੇ ਖੁੱਲਣ ਨਾਲ ਵਿਦਿਆਰਥੀਆਂ ਨੂੰ ਕਿਸੇ ਹੋਰ ਸੂਬਿਆਂ ’ਚ ਜਾਣ ਦੀ ਲੋੜ ਨਹੀਂ ਪਵੇਗੀ।
ਇਸ ਮੌਕੇ ‘ਤੇ ਏਡੀਜੀਪੀ ਰਾਏ ਨੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪੀਜੀਆਈ ਕੁਮਾਰ ਗੌਰਵ ਧਵਨ ਨਾਲ ਸਿਵਲ ਸੇਵਾਵਾਂ ਵਿੱਚ ਪਹਿਲਾਂ ਹੀ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਜਿੰਦਲ ਨੇ ਕਿਹਾ ਕਿ ਮੇਰਾ ਟੀਚਾ ਚਾਹਵਾਨ ਵਿਦਿਆਰਥੀਆਂ ਦੀ ਸਮਰੱਥਾ ਨੂੰ ਸੁਚੱਜੇ ਢੰਗ ਨਾਲ ਵਰਤੋ ਵਿੱਚ ਲਿਆਉਣਾ ਹੈ ਤਾਂ ਜੋ ਉਹ ਸਰਗਰਮ ਤਰੀਕੇ ਨਾਲ ਇਸ ਚੁਣੌਤੀ ਅਤੇ ਮੁਕਾਬਲੇ ਭਰੀ ਦੁਨੀਆ ਵਿੱਚ ਵਧੇਰੇ ਚੰਗੇ ਢੰਗ ਨਾਲ ਪ੍ਰਦਰਸ਼ਨ ਕਰ ਸਕਣ।
ਉਨਾਂ ਕਿਹਾ ਕਿ ਸਿਵਲ ਸੇਵਾ ਦੀ ਤਿਆਰੀ ਮਨੁੱਖ ਨੂੰ ਕਾਬਲ ਅਤੇ ਉੱਤਮ ਬਣਾਉਂਦੀ ਹੈ। ਜੇਕਰ ਤਿਆਰੀ ਕਰਨ ਤੋਂ ਬਾਅਦ ਕਿਸੇ ਦੀ ਚੋਣ ਸਿਵਲ ਸੇਵਾ ਦੀ ਪ੍ਰੀਖਿਆ ਵਿੱਚ ਨਹੀਂ ਵੀ ਹੁੰਦੀ ਤਾਂ ਵੀ ਉਹ ਕਿਸੇ ਹੋਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ।