ਪ੍ਰਤਿਭਾ ਸ਼ਰਮਾ ਤੇ ਬਾਰੂਨੀ ਅਰੋੜਾ ਦਾ ਅੰਗਰੇਜ਼ੀ ਨਾਵਲ 'ਸਮਰ ਅਨੀਗਮਾ' ਡਾ.ਸੁਰਜੀਤ ਪਾਤਰ, ਡਾ.ਐਸ.ਪੀ.ਸਿੰਘ ਤੇ ਹੋਰ ਸ਼ਖਸੀਅਤਾਂ ਵੱਲੋਂ ਰਿਲੀਜ਼
ਲੁਧਿਆਣਾ: 22 ਜੁਲਾਈ 2021 - ਬਾਲ ਨਾਵਲ ਸਿਰਜਕ ਪ੍ਰਤਿਭਾ ਸ਼ਰਮਾ ਅਤੇ ਬਾਰੂਨੀ ਅਰੋੜਾ ਦਾ ਲਿਖਿਆ ਅੰਗਰੇਜ਼ੀ ਨਾਵਲ 'ਸਮਰ ਅਨਿਗਮਾ ' ਅੱਜ ਸਤਲੁਜ ਕਲੱਬ ਲੁਧਿਆਣਾ ਵਿੱਚ ਲੋਕ ਅਰਪਨ ਕੀਤਾ ਗਿਆ।
ਇਸ ਨਾਵਲ ਨੂੰ ਪੰਜਾਬ ਆਰਟਸ ਕੌਂਸਿਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ.ਐਸ.ਪੀ. ਸਿੰਘ, ਉੱਘੇ ਲੇਖਕ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਜੰਗ ਬਹਾਦਰ ਗੋਇਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਪ੍ਰੋ: ਗੁਰਭਜਨ ਸਿੰਘ ਗਿੱਲ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਡਾ: ਨੀਲਮ ਗੋਇਲ, ਸ: ਰਣਜੋਧ ਸਿੰਘ ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਿਲ ਤੇ ਸ਼੍ਰੀ ਮਨਹਰ ਅਰੋੜਾ ਐੱਮ ਡੀ,ਸੇਂਟ ਸੋਲਜਰ ਗਰੁੱਪ ਆਫ਼ ਕਾਲਿਜਜ ਜਲੰਧਰ ਤੇ ਕਈ ਹੋਰ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਲੋਕ ਅਰਪਨ ਕੀਤਾ ਗਿਆ।
ਪ੍ਰਤਿਭਾ ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਸ਼ਰਮਾ ਦੀ ਨਿੱਕੀ ਬੇਟੀ ਹੈ ਜਿਸ ਦਾ ਅੱਜ ਚੌਧਵਾਂ ਜਨਮ ਦਿਨ ਸੀ।
ਪ੍ਰਤਿਭਾ ਸ਼ਰਮਾ ਨੇ ਆਪਣੀ ਸਹੇਲੀ ਬਰੂਨੀ ਅਰੋੜਾ ਜਲੰਧਰ ਦੇ ਨਾਲ ਮਿਲ ਤੇ ਇਸ ਨਾਵਲ ਨੂੰ ਸਾਂਝੇ ਤੌਰ ਤੇ ਲਿਖਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਤਿਭਾ ਸ਼ਰਮਾ ਅਤੇ ਬਾਰੂਨੀ ਅਰੋੜਾ ਨੇ ਦੱਸਿਆ ਕਿ ਲਾਕਡਾਊਨ ਦੇ ਦੌਰ ਸਮੇਂ ਉਨ੍ਹਾਂ ਦੋਵਾਂ ਨੇ ਆਪਣੇ ਵਿਚਾਰ ਲਿਖਣ ਦਾ ਫ਼ੈਸਲਾ ਕੀਤਾ, ਜਿਸ ਹੌਲੀ ਹੌਲੀ ਨਾਵਲ ਦੀ ਸ਼ਕਲ ਲੈ ਲਈ। ਇਹ ਦੋਵੇਂ ਸਹੇਲੀਆਂ ਇਕੱਠੀਆਂ ਡੀ ਪੀ ਐੱਸ ਜਲੰਧਰ ਵਿਖੇ ਪੜ੍ਹਦੀਆਂ ਸਨ, ਪਰ ਜਦੋਂ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਲੁਧਿਆਣਾ ਵਿਖੇ ਬਦਲੀ ਹੋ ਗਈ ਤਾਂ ਦੋਵੇਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਰਹੀਆਂ ਅਤੇ ਪ੍ਰਾਪਤ ਸਮੇਂ ਦੀ ਪੂਰੀ ਤਰ੍ਹਾਂ ਸਹੀ ਵਰਤੋਂ ਕੀਤੀ। ਪੁਸਤਕ ਦਾ ਟਾਈਟਲ ਪ੍ਰਤਿਭਾ ਦੀ ਵੱਡੀ ਭੈਣ ਮਾਧਵੀ ਸ਼ਰਮਾ ਦੁਆਰਾ ਤਿਆਰ ਕੀਤਾ ਗਿਆ ਹੈ.
ਇਸ ਸਮੇਂ ਪ੍ਰਤਿਭਾ ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਲੁਧਿਆਣਾ ਦੀ ਵਿਦਿਆਰਥਣ ਹੈ, ਜਦੋਂਕਿ ਬਾਰੂਨੀ ਅਰੋੜਾ ਇਨੋਸੈਂਟ ਹਾਰਟਸ ਸਕੂਲ ਜਲੰਧਰ ਦੀ ਵਿਦਿਆਰਥਣ ਹੈ।
ਇਸ ਮੌਕੇ ਡਾ. ਸੁਰਜੀਤ ਪਾਤਰ, ਡਾ ਐਸ.ਪੀ. ਸਿੰਘ, ਸ੍ਰੀ ਜੰਗ ਬਹਾਦੁਰ ਗੋਇਲ, ਡਾ: ਸੁਸ਼ਮਿੰਦਰ ਕੌਰ ਮੁਖੀ ਪੋਸਟਗਰੈਜੂਏਟ ਡੀਪਾਰਟਮੈਂਟ ਆਫ਼ ਇੰਗਲਿਸ਼ ਜੀ ਜੀ ਐੱਨ ਖ਼ਾਲਸਾ ਕਾਲਿਜ,ਪ੍ਰੋ: ਰਵਿੰਦਰ ਭੱਠਲ ਤੇ ਗੁਰਭਜਨ ਗਿੱਲ ਨੇ ਦੋਵਾਂ ਬਾਲ ਲੇਖਿਕਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਸਮੂਹ ਬੱਚਿਆਂ ਤੇ ਕਿਸ਼ੋਰ ਉਮਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਾਂਝੀ ਪਹਿਲਕਦਮੀ ਵੱਲ ਧਿਆਨ ਦੇਣ ਅਤੇ ਸੋਸ਼ਲ ਮੀਡੀਆ 'ਤੇ ਸਮਾਂ ਬਰਬਾਦ ਕਰਨ ਦੀ ਥਾਂ ਵਧੇਰੇ ਸਿਰਜਣਾਤਮਿਕ ਹੋਣ।
ਅੱਜ ਦੇ ਸਮਾਗਮ ਦੌਰਾਨ ਮੌਜੂਦ ਪ੍ਰਮੁੱਖ ਸ਼ਖਸੀਅਤਾਂ ਵਿੱਚ ਡਾ: ਨੀਰੂ ਕਤਿਆਲ ਏ ਡੀ ਸੀ ਲੁਧਿਆਣਾ, ਸ: ਭਵਨੂਰ ਸਿੰਘ ਬੇਦੀ ਚੇਅਰਮੈਨ ਪਿਰਾਮਿਡ ਗਰੁੱਪ ਆਫ ਕਾਲਿਜਜ,ਡਾ: ਨੀਲਮ ਗੋਇਲ,ਸ.ਰਣਜੋਧ ਸਿੰਘ,ਸਤਲੁਜ ਕਲੱਬ ਦੇ ਜਨ: ਸਕੱਤਰ ਸੰਜੀਵ ਢੰਡਾ, ਲੋਕ ਸੰਪਰਕ ਅਧਿਕਾਰੀ ਲੁਧਿਆਣਾ ਸ: ਪੁਨੀਤਪਾਲ ਸਿੰਘ ਗਿੱਲ, ਡਾ: ਗੁਰਪ੍ਰੀਤ ਸਿੰਘ, ਡਾ: ਹਰਗੁਣਜੋਤ ਕੌਰ,ਪ੍ਰੋ: ਇਬਨਾ ਭੱਠਲ, ਪ੍ਰਤਿਭਾ ਸ਼ਰਮਾ ਦੇ ਦਾਦਾ ਜੀ, ਨਾਨਾ ਜੀ ਸਮੇਤ ਪਰਿਵਾਰ,ਬਾਰੂਨੀ ਅਰੋੜਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਸ਼ਾਮਲ ਸਨ। ਡਾ: ਐੱਸ ਪੀ ਸਿੰਘ ਨੇ ਇਸ ਮੌਕੇ ਕਿਹਾ ਕਿ ਇਨ੍ਹਾਂ ਦੋਹਾਂ ਲੇਖਕਾਂ ਦੇ ਨਾਲ ਨਾਲ ਬਾਲ ਕਵਿੱਤਰੀ ਸੁਖਮਨੀ ਬਰਾੜ ਤੇ ਹੋਰ ਬਾਲ ਸਿਰਜਕਾਂ ਦੀਆਂ ਰਚਨਾਵਾਂ ਬਾਰੇ ਵਿਚਾਰ ਵਟਾਂਦਰਾ ਜੀ ਜੀ ਐੱਨ ਖਾਲਸਾ ਕਾਲਿਜ ਚ ਕਰਵਾਇਆ ਜਾਵੇਗਾ ਅਤੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਨਾਵਲ ਨੂੰ ਪਰਿੰਟਵੈੱਲ ਅੰਮ੍ਰਿਤਸਰ ਨੇ ਛਾਪਿਆ ਹੈ ਅਤੇ ਵਿਜ਼ਡਮ ਕੁਲੈਕਸ਼ਨ ਦੇ ਨਾਲ ਸਾਤਵਿਕ ਬੁੱਕਸ ਨੇ ਪ੍ਰਕਾਸ਼ਿਤ ਕੀਤਾ ਹੈ।