ਜਰਨੈਲ ਸਿੰਘ ਆਰਟਿਸਟ
ਸਰੀ 24 ਜੁਲਾਈ 2018: ਹਰ ਮਹੀਨੇ ਦੇ ਤੀਸਰੇ ਮੰਗਲਵਾਰ ਦੀ ਸ਼ਾਮ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਸਮਰਪਤ ਕੀਤੀ ਹੋਈ ਹੈ। ਇਸ ਸ਼ਾਮ ਦੇ ਪ੍ਰੋਗਰਾਮ ਵਿਚ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀਆਂ ਦੋ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂ ਬ ਰੂ ਕੀਤਾ ਜਾਂਦਾ ਹੈ। ਸੰਨ ੨੦੧੮ ਦੇ ਜੁਲਾਈ ਮਹੀਨੇ ਦੀ 17 ਤਰੀਕ, ਦਿਨ ਮੰਗਲਵਾਰ ਨੂੰ ਲੰਡਨ,ਓਂਟਾਰੀਓ ਤੋਂ ਆਏ ਦਾਰਸਨਿਕ ਸ਼ਾਇਰ ਨਵਤੇਜ ਭਾਰਤੀ ਅਤੇ ਮਲਵਈ ਗਿੱਧੇ ਨੂੰ ਕੈਨੇਡਾ ਵਿਚ ਪਰਵਾਣ ਚੜ੍ਹਾਉਣ ਵਾਲੇ ਤੇ ਲੋਕ ਬੋਲੀ ਵਿਧਾ ਦੇ ਰਚੇਤਾ ਸ਼ਾਇਰ ਅੰਗ੍ਰੇਜ਼ ਸਿੰਘ ਬਰਾੜ ਸੋਰਤਿਆਂ ਦੇ ਰੂ ਬ ਰੂ ਹੋਏ।
ਇਸ ਪ੍ਰੋਗਰਾਮ ਦੇ ਸੰਚਾਲਕ, ਮੋਹਨ ਗਿੱਲ ਨੇ ਸਟੇਜ 'ਤੇ ਆ ਕੇ ਇਸ ਪ੍ਰੋਗਰਾਮ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਹਾਜ਼ਰ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਸ਼ਾਇਰ ਮੰਗਾ ਸਿੰਘ ਬਾਸੀ ਦੇ ਮਾਤਾ ਜੀ, ਜਿਹੜੇ ਤਕਰੀਬਨ ਸੌ ਸਾਲ ਦੀ ਉਮਰ ਭੋਗ ਕੇ ਪਿਛਲੇ ਦਿਨੀਂ ਇਸ ਸੰਸਾਰ ਤੋਂ ਸਦੀਵੀ ਵਿਦਾਈ ਲੈ ਗਏ ਸਨ, ਦੀ ਯਾਦ ਵਿਚ ਕੁਝ ਸ਼ਬਦ ਕਹੇ। ਉਹਨਾਂ ਕਿਹਾ ਕਿ ਮਾਪੇ ਭਾਵੇਂ ਕਿੰਨੀ ਵੀ ਵਡੇਰੀ ਉਮਰ ਵਿਚ ਜਾਣ, ਪਰਿਵਾਰ ਲਈ ਉਹ ਸਦਾ ਸਹਾਈ ਹੁੰਦੇ ਹਨ ਪਰ ਅਜੇਹੀ ਮੌਤ ਦਾ ਸੋਗ ਮਨਾਉਣ ਦੀ ਥਾਂ ਜਸ਼ਨ ਮਨਾਉਣਾ ਚਾਹੀਦਾ ਹੈ। ਮੰਗਾ ਸਿੰਘ ਬਾਸੀ ਵੀ ਸਰੋਤਿਆਂ ਵਿਚ ਸ਼ਾਮਿਲ ਸਨ। ਉਸ ਤੋਂ ਮਗਰੋਂ ਮੋਹਨ ਗਿੱਲ ਨੇ ਦਾਰਸ਼ਨਿਕ ਸ਼ਾਇਰ ਨਵਤੇਜ ਭਾਰਤੀ ਜੀ ਦੀਆਂ ਸਾਹਿਤਕ ਪਿੜ ਵਿਚ ਕੀਤੀਆਂ ਪ੍ਰਾਪਤੀਆਂ ਦਾ ਸੰਖੇਪ ਜ਼ਿਕਰ ਕਰਨ ਉਪਰੰਤ ਉਹਨਾਂ ਨੂੰ ਸਟੇਜ ਉਪਰ ਆਉਣ ਦਾ ਸੱਦਾ ਦਿੱਤਾ।
ਨਵਤੇਜ ਭਾਰਤੀ ਨੇ ਆਪਣੇ ਬਚਪਨ ਵਿਚ ਹੀ ਸ਼ਾਇਰੀ ਦੇ ਲੜ ਲੱਗਣ ਦਾ ਜ਼ਿਕਰ ਕਰਦਿਆ ਕਿਹਾ ਕਿ ਉਸ ਨੂੰ ਪੰਜ ਕੁ ਸਾਲ ਦੀ ਉਮਰ ਵਿਚ ਹੀ ਗੁਰਦਵਾਰੇ ਪੜ੍ਹਨ ਲਾ ਦਿੱਤਾ ਗਿਆ ਸੀ, ਜਿੱਥੇ ਬਹੁਤ ਸਾਰੇ ਧਾਰਮਿਕ ਗਰੰਥ ਪੜ੍ਹਨ ਦਾ ਅਵਸਰ ਮਿਲਿਆ ਤੇ ਉਹਨਾਂ ਗਰੰਥਾਂ ਦੇ ਅਧਿਅਨ ਵਿਚੋਂ ਹੀ ਸ਼ਬਦ ਸ਼ਕਤੀ ਦਾ ਅਹਿਸਾਸ ਹੋਇਆ। ਇਸ ਸ਼ਬਦ ਸ਼ਕਤੀ ਨੇ ਕਵਿਤਾ ਵਿਚ ਵਿਕਾਸ ਲਿਆਂਦਾ। ਪਹਿਲੀ ਕਵਿਤਾ ਛੇ ਕੁ ਸਾਲ ਦੀ ਉਮਰ ਵਿਚ, ਸ. ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਬਾਲ ਪਰਚੇ 'ਬਾਲ ਸੁਨੇਹਾ' ਵਿਚ ਛਪੀ ਸੀ ਅਤੇ ਉਹਨਾਂ ਦਾ ਅਸ਼ੀਰਵਾਦ ਵੀ ਮਿਲਿਆ। ਹਾਈ ਸਕੂਲ ਵਿਚ ਪੜ੍ਹਨ ਸਮੇਂ ਮਾਸਟਰ ਨਿਰੰਜਣ ਸਿੰਘ ਨੇ ਸਮਾਜਿਕ ਸਰੋਕਾਰਾਂ ਦੇ ਦਰਵਾਜ਼ੇ ਖੋਲ੍ਹੇ। ਉਹਨਾਂ ਪਟਿਆਲੇ ਵਾਲੇ ਭੁਤਵਾੜੇ ਦੀਆਂ ਕੁਝ ਕਹਾਣੀਆਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਕਵਿਤਾ ਦੇ ਸੰਦਰਭ ਵਿਚ ਭਾਰਤੀ ਨੇ ਕਿਹਾ ਕਿ ਦੂਸਰਿਆਂ ਨਾਲੋਂ ਕਵੀ ਦੀ ਇਕ ਰਗ਼ ਵੱਧ ਹੁੰਦੀ ਹੈ ਅਤੇ ਉਹ ਰਗ਼ ਹੁੰਦੀ ਹੈ ਉਸ ਦੀ ਭਾਸ਼ਾ। ਸਹਿਜ, ਸੁਹਜ ਤੇ ਸੰਵੇਦਨਾ ਭਰਪੂਰ ਪਰਚਾਰ ਰਹਿਤ ਕਵਿਤਾ ਦੀ ਵੱਧ ਮਹੱਤਤਾ ਹੁੰਦੀ ਹੈ। ਲੇਖਕ ਦਾ ਨਿੱਜ ਓਨਾ ਮਹੱਤਵਪੂਰਨ ਨਹੀਂ ਹੁੰਦਾ ਜਿੰਨੀ ਉਸ ਦੀ ਕਵਿਤਾ। ਉਹਨਾਂ ਆਪਣੀਆਂ ਪੰਜ ਕਵਿਤਾਵਾਂ; 'ਮੈਰੀਐਨ'. 'ਫਲੀਆਂ 'ਚੋਂ ਮਟਰ ਕਢਦੀ'. 'ਕਬਰ 'ਤੇ ਠੇਡਾ', ਕਿੱਲੇ ਨਾਲ ਨਾ ਬੰਨ੍ਹੀਏ, ਘਣੇ ਬ੍ਰਿਛ ਦੀ ਛਾਂ' ਅਤੇ 'ਮਾਂ ਦਾ ਗੁਰ' ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਮੁੱਚੇ ਰੂਪ ਵਿਚ ਉਹਨਾਂ ਮਨੁੱਖ ਤੇ ਸ਼ਾਇਰੀ ਦੇ ਰਿਸ਼ਤੇ, ਸ਼ਾਇਰੀ ਨੂੰ ਜੀਣ ਤੇ ਥੀਣ ਦੀ ਗੱਲ ਕਰਦਿਆਂ ਆਪਣੀ ਸ਼ਾਇਰੀ ਦੀ ਸਤਰੰਗੀ ਪੀਂਘ ਦੇ ਉਦੇ ਹੋਣ ਦੇ ਪਲਾਂ ਦੀ ਸਾਂਝ ਪੁਆਈ।
ਦੂਸਰੇ ਸੰਚਾਲਕ ਸ. ਜਰਨੈਲ ਸਿੰਘ ਆਰਟਿਸਟ ਨੇ ਨਿਊਯਾਰਕ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨਾਮਵਰ ਸ਼ਾਇਰ ਤ੍ਰਿਲੋਕਬੀਰ ਦੀ ਸਰੋਤਿਆ ਨਾਲ ਜਾਣ ਪਹਿਚਾਣ ਕਰਵਾਈ ਅਤੇ ਉਹਨਾਂ ਨੂੰ ਆਪਣੀਆਂ ਕੋਈ ਦੋ ਮਨਪਸੰਦ ਕਵਿਤਾਵਾਂ ਸੁਣਾਉਣ ਦੀ ਬੇਨਤੀ ਕੀਤੀ। ਤ੍ਰਿਲੋਕਬੀਰ ਨੇ ਆਪਣੇ ਬਾਰੇ ਚੰਦ ਸ਼ਬਦ ਕਹਿਣ ਮਗਰੋਂ ਆਪਣੀਆਂ ਤਿੰਨ ਕਵਿਤਾਵਾਂ 'ਛਾਂਗੀਆਂ ਟਾਹਣੀਆਂ ਵਾਲਾ ਤੂਤ', 'ਈਮੇਲ ਦਾ ਮੌਸਮ' ਅਤੇ 'ਸਮਾਪਤ' ਸੁਣਾ ਕੇ ਸਰੋਤਿਆਂ ਤੋਂ ਵਾਹ! ਵਾਹ!! ਖੱਟੀ।
ਫਿਰ ਸ. ਜਰਨੈਲ ਸਿੰਘ ਆਰਟਿਸਟ ਨੇ ਅੰਗ੍ਰੇਜ਼ ਸਿੰਘ ਬਰਾੜ ਨੂੰ ਸਰੋਤਿਆਂ ਦੇ ਰੂ ਬ ਰੂ ਕਰਦਿਆਂ ਕਿਹਾ ਕਿ ਬਰਾੜ ਸਾਹਿਬ ਜਿੱਥੇ ਉਹ ਮਲਵਈ ਗਿੱਧੇ ਤੇ ਭੰਗੜੇ ਦੇ ਮਾਹਰ ਹਨ ਉਥੇ ਸਾਹਿਤਕ ਬੋਲੀਆਂ ਦੇ ਸਿਰਜਕ ਵੀ ਹਨ।
ਅੰਗ੍ਰੇਜ ਸਿੰਘ ਬਰਾੜ ਨੇ ਆਪਣੀ ਲੇਖਣੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਨੇ ਬਚਪਨ ਵਿਚ ਹੀ ਸਾਖੀਆਂ ਤੇ ਕਿੱਸੇ ਪੜ੍ਹਨੇ ਸ਼ੁਰੂ ਕਰ ਦਿੱਤੇ ਸਨ। ਕਾਲਜ ਵਿਚ ਪੜ੍ਹਨ ਸਮੇਂ ਲਾਇਬ੍ਰੇਰੀ ਨਾਲ ਸੰਪਰਕ ਬਣ ਗਿਆ ਜਿੱਥੇ ਬਹੁਤ ਸਾਰੇ ਨਾਵਲ ਤੇ ਕਵਿਤਾਵਾਂ ਦੀਆਂ ਕਿਤਾਬਾਂ ਪੜ੍ਹੀਆਂ। ਕਾਲਜ ਵਿਚ ਹੀ ਭੰਗੜਾ ਸਿਖਿਆ ਅਤੇ ਸਪੋਰਟਸ ਵਿਚ ਰੁਚੀ ਵੀ ਕਾਲਜ ਆ ਕੇ ਹੀ ਪੈਦਾ ਹੋਈ।
ਸੰਨ ੧੯੯੩ ਵਿਚ ਕੈਨੇਡਾ ਆਉਣ ਦਾ ਸਬੱਬ ਬਣ ਗਿਆ। ਏਥੇ ਆ ਕੇ ਦਰਸ਼ਨ ਸਿੰਘ ਸੰਘਾ ਰਾਹੀਂ ਕੇਂਦਰੀ ਪੰਜਾਬੀ ਲੇਖਕ ਸਭਾ (ਉਤਰੀ ਅਮ੍ਰੀਕਾ) ਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੀਆਂ ਮੀਟਿੰਗਾਂ ਵਿਚ ਜਾਣ ਦਾ ਮੌਕਾ ਮਿਲਿਆ। ਆਪਣਾ ਪਹਿਲਾ ਗੀਤ ਪੰਜਾਬੀ ਲੇਖਕ ਮੰਚ ਦੀ ਇਕ ਮੀਟਿੰਗ ਵਿਚ ਸੁਣਾਇਆ। ਸੰਗੀਤ ਸੁਣਨ ਦਾ ਸ਼ੌਕ ਤੇ ਸੰਗੀਤ ਬਾਰੇ ਕੁਝ ਜਾਣਕਾਰੀ ਹੋਣ ਕਾਰਨ ਆਪਣੀ ਕਵਿਤਾ ਛੰਦ-ਬਧ ਤੇ ਲੈਅ-ਬਧ ਲਿਖਦਾ ਹਾਂ। ਸਾਰੇ ਕਵਿ ਰੂਪ ਪੜ੍ਹਦਾ ਵੀ ਹਾਂ ਤੇ ਲਿਖਦਾ ਵੀ ਹਾਂ ਪਰ ਬੋਲੀ ਕਾਵਿ ਰੂਪ ਲਿਖਣਾ ਸਭ ਤੋਂ ਚੰਗ ਲਗਦਾ ਹੈ। ਬੋਲੀ ਵਿਚ ਬਹੁਤ ਥੋੜੇ ਸ਼ਬਦਾ ਰਾਹੀਂ ਵੱਡੀ ਗੱਲ ਕਹੀ ਜਾ ਸਕਦੀ ਹੈ। ਅਖੀਰ ਵਿਚ ਬਰਾੜ ਸਾਹਿਬ ਨੇ ਬੋਲੀਆਂ ਦੀਆਂ ਕਈ ਵੰਨਗੀਆਂ ਸੁਣਾਈਆਂ ਅਤੇ ਸੱਤ ਬੋਲੀਆਂ ਗਾ ਕੇ ਵੀ ਸੁਣਾਈਆਂ। ਨਮੂਨੇ ਲਈ ਤਿੰਨ ਬੋਲੀਆਂ ਹਾਜ਼ਰ ਹਨ।
ਮਿੱਠੀ ਬੋਲੀ ਮਾਂ ਪੰਜਾਬੀ, ਇਸ ਦੇ ਸੋਹਿਲੇ ਗਾਈਏ
ਚੁਣ ਕੇ ਸੁਹਣੇ ਸੁਹਣੇ ਹੀਰੇ, ਇਸ ਦਾ ਤਾਜ ਸਜਾਈਏ
ਪਹਿਲਾਂ ਆਪ ਪੰਜਾਬੀ ਪੜ੍ਹੀਏ, ਹੋਰਾਂ ਤਾਈਂ ਪੜ੍ਹਾਈਏ
ਮਾਣ ਪੰਜਾਬੀ ਦਾ, ਦੁਨੀਆਂ ਵਿਚ ਵਧਾਈਏ।
ਨਵੇਂ ਨਵੇਂ ਜਦੋਂ ਆਉਣ ਕਨੇਡਾ, ਠੰਡੇ ਹਉਕੇ ਭਰਦੇ
ਕੀ ਪ੍ਰਫੈਸਰ ਕੀ ਪਟਵਾਰੀ, 'ਕੱਠੇ ਨੇ ਕੰਮ ਕਰਦੇ
ਫਾਰਮ ਦੇ ਵਿਚ ਤੋੜਨ ਬੇਰੀ, ਲਾਲਚ ਵਸ ਕੰਮ ਕਰਦੇ
ਰੋਣ ਜਵਾਨੀ ਨੂੰ, ਗੋਡੇ ਕੰਮ ਨਹੀਂ ਕਰਦੇ।
ਧੀਆਂ ਪੁੱਤਰ ਜੰਮਦੇ ਰਹਿੰਦੇ, ਜਿਉਣ ਸਦਾ ਹੀ ਮਾਵਾਂ
ਦੇਸ਼ ਕੌਮ ਲਈ ਲੜਨ ਵਾਲਾ ਪਰ, ਉਹ ਕੋਈ ਟਾਵਾਂ ਟਾਵਾਂ
ਭਗਤ ਸਰਾਭੇ ਊਧਮ ਵਰਗੇ, ਰੌਸ਼ਨ ਕਰ ਗਏ ਰਾਹਵਾਂ
ਐਸੇ ਯੋਧਿਆਂ ਦਾ, ਜਸ ਬੋਲੀ ਵਿਚ ਗਾਵਾਂ।
ਬਾਗਾਂ ਦੇ ਵਿਚ ਕੋਇਲ ਕੂਕਦੀ, ਮੋਰ ਨੇ ਪੈਲਾਂ ਪਾਉਂਦੇ
ਰੋਜ਼ ਸਵੇਰੇ ਬੈਠ ਬਨੇਰੇ, ਰਹਿੰਦੇ ਕਾਂ ਕੁਰਲਾਉਂਦੇ
ਜਦ ਵੀ ਸੌਵਾਂ ਨੈਣਾਂ ਦੇ ਵਿਚ, ਸੁਪਨੇ ਤੇਰੇ ਆਉਂਦੇ
ਦੋ ਪਲ ਖੁਸ਼ੀਆਂ ਦੇ, ਭਾਗਾਂ ਨਾਲ ਲਿਆਉਂਦੇ।
ਇਸ ਸਾਹਿਤਕ ਸ਼ਾਮ ਦੀ ਸਮਾਪਤੀ ਤੋਂ ਪਹਿਲਾਂ ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ ਤੇ ਜਰਨੈਲ ਸਿੰਘ ਸੇਖਾ ਨੇ, ਲਾਇਬ੍ਰੇਰੀ ਵਲੋਂ ਦਿੱਤੇ ਜਾਣ ਵਾਲੇ ਸਨਮਾਨ ਚਿੰਨ੍ਹ, ਸ਼ਾਮ ਦੇ ਬੁਲਾਰਿਆਂ ਨੂੰ ਦੇ ਕੇ ਸਨਮਾਨਤ ਕੀਤਾ।
ਹਾਜ਼ਰ ਸਰੋਤਿਆਂ ਵਿਚ ਨਾਮਵਰ ਸ਼ਖਸੀਅਤਾਂ; ਸ਼ਾਇਰ ਜਸਵਿੰਦਰ, ਅਜਮੇਰ ਰੋਡੇ, ਅਮਰੀਕ ਪਲਾਹੀ, ਸੁਰਜੀਤ ਕਲਸੀ, ਕਵਿੰਦਰ ਚਾਂਦ, ਹਰਦਮ ਸਿੰਘ ਮਾਨ, ਗੁਰਦਰਸ਼ਨ ਬਾਦਲ, ਬਿੰਦੂ ਮਠਾੜੂ, ਦਵਿੰਦਰ ਕੌਰ ਬਸ਼ਰਾ, ਮੋਹਨ ਬਸ਼ਰਾ, ਅਸ਼ੋਕ ਭਾਰਗਵ, ਸੁਖਵਿੰਦਰ ਸਿੰਘ ਚੋਹਲਾ, ਪਰਮਵੀਰ ਸਿੰਘ, ਪਾਲ ਢਿੱਲੋਂ, ਸਤੀਸ਼ ਗੁਲਾਟੀ, ਭੂਪਿੰਦਰ ਮੱਲ੍ਹੀ, ਡਾ. ਸ਼ਬਨਮ ਆਰੀਆ ਮੱਲ੍ਹੀ, ਹਰਦੇਵ ਸੋਢੀ ਅਸ਼ਕ, ਪ੍ਰਮਜੀਤ ਸਿੰਘ ਸੇਖੋਂ, ਛਿੰਦਾ ਢਿੱਲੋਂ, ਸਤਿੰਦਰ ਸਿੱਧੂ, ਜਗਸੀਰ ਸਿੰਘ ਬਰਾੜ ਅਤੇ ਕਈ ਹੋਰ ਸ਼ਾਮਿਲ ਸਨ।
੨੧ ਅਗਸਤ ਨੂੰ ਮਨਾਈ ਜਾਣ ਵਾਲੀ ਸਾਹਿਤਕ ਸ਼ਾਮ ਵਿਚ ਦੋ ਹੋਰ ਨਾਮਵਰ ਸਾਹਿਤਕ ਸ਼ਖਸੀਅਤਾਂ ਨਾਲ ਰੂ ਬ ਰੂ ਕਰਵਾਇਆ ਜਾਵੇਗਾ।