9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦਾ ਦੂਜਾ ਦਿਨ: ਅਮਰੀਕਾ ਅਤੇ ਭਾਰਤ ਦੇ ਵਿਦਵਾਨਾਂ ਨੇ ਕੀਤੀ ਵਿਚਾਰ ਚਰਚਾ
- ਪ੍ਰੋ. ਪੂਰਨ ਸਿੰਘ ਦੀਆਂ ਇਕ ਸਦੀ ਬਾਅਦ ਅਪ੍ਰਕਾਸ਼ਿਤ ਪੁਸਤਕਾਂ ਹੋਈਆਂ ਰਿਲੀਜ਼
ਅੰਮ੍ਰਿਤਸਰ, 5 ਮਾਰਚ 2024 - ਖੋਜ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੁਆਰਾ ਪ੍ਰਸਿੱਧ ਸਮਾਜ ਸ਼ਾਸਤਰੀ ਪ੍ਰੋ. ਜੇ.ਪੀ.ਐੱਸ. ਓਬਰਾਏ ਨੂੰ ਸਮਰਪਿਤ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਦੂਜੇ ਦਿਨ ਵੀ ਵੱਖ-ਵੱਖ ਵੰਨਗੀਆਂ ਨਾਲ ਸੰਬੰਧਿਤ ਸਮਾਗਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿਚ ਅੰਤਰਰਾਸ਼ਟਰੀ ਵਿਦਵਾਨਾਂ ਨੇ ਵੀ ਭਾਗ ਲਿਆ। ਅੱਜ ਦੇ ਪਹਿਲੇ ਸਮਾਗਮ ਵਿਚ ਸੰਸਥਾ ਵੱਲੋਂ ਪ੍ਰਕਾਸ਼ਿਤ ਪੰਜ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ, ਜਿਹਨਾਂ ਵਿਚ ਭਾਈ ਵੀਰ ਸਿੰਘ ਦੇ ਨਾਵਲ ‘ਸੁੰਦਰੀ’ ਦਾ ਪ੍ਰੋ. ਪੂਰਨ ਸਿੰਘ ਦੁਆਰਾ ਅਨੁਵਾਦਿਤ ਰੂਪ, ਪ੍ਰੋ. ਪੂਰਨ ਸਿੰਘ ਦੇ ਨਾਵਲ ‘ਭਗੀਰਥ’, ਭਾਈ ਵੀਰ ਸਿੰਘ ਨੂੰ ਲਿਖੀਆਂ ਪ੍ਰੋ. ਪੂਰਨ ਸਿੰਘ ਦੀਆਂ ਚਿੱਠੀਆਂ, ਥੰਡਰਿੰਗ ਡਾਅਨ ਆਦਿ ਸ਼ਾਮਲ ਹਨ। ਇਸ ਮੌਕੇ ਪ੍ਰੋ. ਪੂਰਨ ਸਿੰਘ ਦੇ ਪਰਿਵਾਰ ਵੱਲੋਂ ਪਹੁੰਚੇ ਬਲੌਸਮ ਸਿੰਘ ਨੇ ਪ੍ਰੋ. ਪੂਰਨ ਸਿੰਘ ਨਾਲ ਸੰਬੰਧਿਤ ਅਨੇਕਾਂ ਯਾਦਾਂ ਸਾਂਝੀਆਂ ਕੀਤੀਆਂ ਜਦਕਿ ਡਾ. ਗੁਰਨਾਮ ਕੌਰ ਬੇਦੀ ਨੇ ਕਿਹਾ ਕਿ ਸੌ ਸਾਲ ਬਾਅਦ ਪ੍ਰਕਾਸ਼ਿਤ ਇਹ ਕਿਤਾਬਾਂ ਸਿਰਫ ਪੰਜਾਬ ਵਿਚ ਹੀ ਨਹੀਂ ਬਲਕਿ ਭਾਰਤ ਵਿਚ ਵੀ ਪ੍ਰੋ. ਪੂਰਨ ਸਿੰਘ ਦੇ ਨਵੇਂ ਬਿੰਬ ਦੀ ਸਿਰਜਨਾ ਕਰਨਗੀਆਂ।
ਅੱਜ ਦੇ ਦੂਜੇ ਸਮਾਗਮ ਵਿਚ ਭਾਰਤੀ ਸੈਕੁਲਰਿਜ਼ਮ ਬਾਬਤ ਸੰਵਾਦ ਵੀ ਪ੍ਰਭਾਵਸ਼ਾਲੀ ਰਿਹਾ। ਇਸ ਮੌਕੇ ਅਮਰੀਕੀ ਵਿਦਵਾਨ ਮਾਈਕਲ ਵਿਲੀਅਮਜ਼ ਨੇ ਅਮਰੀਕਾ ਦੇ ਪ੍ਰਸੰਗ ਵਿਚ ਨਿਆਂ ਪ੍ਰਬੰਧ ਅਤੇ ਘੱਟ ਗਿਣਤੀਆਂ ਦੇ ਮਸਲਿਆਂ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਪੈਦਾ ਹੋ ਰਹੇ ਸੈਕੁਲਰਿਜ਼ਮ ਦੇ ਨਵੇਂ ਰੁਝਾਨਾਂ ਤੋਂ ਵੀ ਵਿਦਿਆਰਥੀਆਂ/ਖੋਜਾਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਇਕ ਹੋਰ ਅਮਰੀਕੀ ਵਿਦਵਾਨ ਅਮਨਦੀਪ ਸਿੰਘ ਨੇ ਸੈਕੁਲਰਿਜ਼ਮ ਦੇ ਅੰਦਰ ਪੈਦਾ ਹੋ ਰਹੀਆਂ ਵਿਭਿੰਨਤਾਵਾਂ ਬਾਰੇ ਦੱਸਿਆ। ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਕੇਸ਼ਵ ਕੁਮਾਰ ਨੇ ਅੰਤਰ ਧਰਮ ਦੇ ਮਸਲਿਆਂ ਤੋਂ ਇਲਾਵਾ ਹਰ ਧਰਮ ਦੇ ਅੰਦਰ ਦੀਆਂ ਅਸਮਾਨਤਾਵਾਂ ਵੱਲ ਧਿਆਨ ਦੁਆਇਆ।
ਤੀਜਾ ਸਮਾਗਮ ਅਕਾਦਮਿਕ ਖੋਜ ਅਤੇ ਇਨਕਲਾਬ ਨਾਲ ਸੰਬੰਧਿਤ ਸੀ, ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੇ ਸਾਬਕਾ ਪ੍ਰੋ. ਡਾ. ਬਰਿੰਦਰਪਾਲ ਸਿੰਘ ਨੇ ਕੀਤੀ ਜਦਕਿ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰੋ. ਈਸ਼ਵਰ ਦਿਆਲ ਗੌੜ ਸਨ। ਇਸ ਸਮਾਗਮ ਵਿਚ ਡਾ. ਦੀਪਿੰਦਰਜੀਤ ਰੰਧਾਵਾ, ਡਾ. ਮਨਮੋਹਨ, ਡਾ, ਜਸਵਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਅੱਜ ਆਯੋਜਿਤ ਕੀਤੇ ਗਏ ਵੱਖ-ਵੱਖ ਸਮਾਗਮਾਂ ਦੌਰਾਨ ਪੰਜਾਬ ਅਤੇ ਹੋਰ ਰਾਜਾਂ ਤੋਂ ਵੀ ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਜ਼ਿਕਰਯੋਗ ਹੈ ਕਿ ਕੱਲ੍ਹ ਨੂੰ ‘ਚੜ੍ਹਿਆ ਬਸੰਤ’ ਸਲਾਨਾ ਕਵੀ ਦਰਬਾਰ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਕਵੀ ਵੀ ਭਾਗ ਲੈ ਰਹੇ ਹਨ।