ਕਿਸਾਨ ਅੰਦੋਲਨ ’ਤੇ ਪ੍ਰਕਾਸ਼ਤ ਹੋਈ ਪੁਸਤਕ, ਜਲਦ ਹੋਵੇਗੀ ਲੋਕਾਂ ਦੇ ਹੱਥ
ਚੰਡੀਗੜ੍ਹ, 1 ਨਵੰਬਰ, 2023: 'ਕਿਸਾਨ ਅੰਦੋਲਨ 2020-21 ਦਾ ਸੰਖੇਪ ਇਤਿਹਾਸ' ਪੁਸਤਕ ਪ੍ਰਕਾਸ਼ਤ ਹੋ ਗਈ ਹੈ ਜੋ ਜਲਦੀ ਹੀ ਲੋਕਾਂ ਦੇ ਹੱਥਾਂ ਵਿੱਚ ਹੋਵੇਗਾ। 730 ਪੰਨਿਆਂ ਵਿਚ ਫੈਲੇ ਇਸ ਸੰਖੇਪ ਇਤਿਹਾਸ ਵਿਚ ਲੋਕਾਂ ਨੂੰ ਪੜ੍ਹਨ ਦਾ ਮੌਕਾ ਮਿਲੇਗਾ ਕਿ ਕਿਵੇਂ 5 ਜੂਨ2020 ਨੂੰ ਸੰਸਦ 'ਚ ਪਾਸ ਹੋਏ ਖੇਤੀ ਵਿਰੋਧੀ ਤਿੰਨ ਕਾਨੂੰਨਾਂ ਤੋਂ ਛੇਤੀ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸੂਝਵਾਨ ਆਗੂਆਂ ਨੇ ਜਾਣ ਲਿਆ ਸੀ ਕਿ ਇਹ ਕਾਨੂੰਨ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਆਮ ਲੁਕਾਈ ਦੇ ਵਿਰੁੱਧ ਅਤੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੇ ਪੱਖ ਵਿੱਚ ਹਨ।
ਉਹਨਾਂ ਨੇ ਉਦੋਂ ਹੀ ਸੰਘਰਸ਼ ਦਾ ਬਿਗਲ ਵਜਾ ਦਿੱਤਾ ਸੀ। ਰੈਲੀਆਂ, ਮੁਜ਼ਾਹਰੇ,ਬੰਦ,ਮਾਰਚ, ਸੜਕਾਂ ਤੇ ਰੇਲਾਂ ਜਾਮ ਹੋਈਆਂ। ਫਿਰ 'ਦਿੱਲੀ ਚੱਲੋ 'ਦਾ ਹੋਕਾ ਦਿੱਤਾ ਗਿਆ।26 ਨਵੰਬਰ 2020 ਨੂੰ ਕਿਸਾਨੀ ਫੌਜਾਂ ਬੇਅੰਤ ਰੋਕਾਂ ਦੇ ਬਾਵਜੂਦ ਆਪਣੇ ਦ੍ਰਿੜ ਨਿਸ਼ਚੇ,ਸਬਰ, ਸਿਦਕ ਅਤੇ ਸਿਰੜ ਸਦਕਾ ਜਲ ਤੋਪਾਂ, ਹੰਝੂ ਗੈਸ ਦੇ ਗੋਲਿਆਂ ਆਦਿ ਦਾ ਸਾਹਮਣਾ ਕਰਦੀਆਂ ਹੋਈਆਂ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਗਈਆਂ। ਇੱਕ ਸਾਲ ਲੰਮਾ ਅੰਦੋਲਨ ਚੱਲਿਆ, 700 ਤੋਂ ਵੱਧ ਸ਼ਹੀਦੀਆਂ ਹੋਈਆਂ। ਪਰ ਇਸ ਅੰਦੋਲਨ ਦੇ ਭਾਗੀਦਾਰ ਡੋਲੇ ਨਹੀਂ। ਸਗੋਂ ਅੰਦੋਲਨ ਨੂੰ ਦੇਸ਼ ਭਰ ਵਿੱਚ ਫੈਲਾਉਣ ਵਿੱਚ ਕਾਮਯਾਬ ਹੋ ਗਏ ਅਤੇ ਵਿਦੇਸ਼ਾਂ ਵਿਚ ਵੀ ਇਸ ਦੀ ਗੂੰਜ ਪਈ। ਸਮੂਹਿਕ ਏਕੇ ਅੱਗੇ ਅਖੀਰ ਭਾਰਤ ਸਰਕਾਰ ਨੂੰ ਝੁਕਣਾ ਪਿਆ। ਕਾਨੂੰਨ ਵਾਪਸ ਲੈਣੇ ਪਏ।ਕਿਸਾਨ ਜਸ਼ਨ ਮਨਾਉਂਦੇ ਘਰਾਂ ਨੂੰ ਪਰਤੇ। ਇਸ ਨੂੰ ਪੜ੍ਹਦਿਆਂ ਲੋਕਾਂ ਨੂੰ ਇਹ ਅੰਦੋਲਨ ਇੱਕ ਵਾਰ ਫਿਰ ਯਾਦ ਆ ਜਾਵੇਗਾ।