ਭਾਈ ਹਰਦੀਪ ਸਿੰਘ ਨਿੱਝਰ, ਪੰਜਵੜ ਤੇ ਜਟਾਣਾ ਦੀ ਜੀਵਨੀ ਵਾਲੀ ਕਿਤਾਬ 'ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ' (ਭਾਗ ਤੀਜਾ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਰੀ
- ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਲੇਖਕ ਰਣਜੀਤ ਸਿੰਘ ਦੇ ਕਾਰਜ ਦੀ ਸ਼ਲਾਘਾ
ਅੰਮ੍ਰਿਤਸਰ, 31 ਅਕਤੂਬਰ 2023 - ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ (ਭਾਗ ਤੀਜਾ) ਕਿਤਾਬ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਦੇ ਭਰਾ ਸ. ਪਵਨ ਸਿੰਘ ਅਤੇ ਸ਼ਹੀਦ ਪਰਮਜੀਤ ਸਿੰਘ ਪੰਜਵੜ ਦੇ ਭਰਾ ਸ. ਬਲਦੇਵ ਸਿੰਘ ਨੂੰ ਖ਼ਾਲਿਸਤਾਨੀ ਸੰਘਰਸ਼ ਦੇ ਜੁਝਾਰੂ ਭਾਈ ਦਲਜੀਤ ਸਿੰਘ ਬਿੱਟੂ, ਦਲ ਖ਼ਾਲਸਾ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਬਲਵੰਤ ਸਿੰਘ ਗੋਪਾਲਾ ਤੇ ਜਥੇਦਾਰ ਹਵਾਰਾ ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਭੇਟ ਕਰਕੇ ਜਾਰੀ ਕੀਤੀ।
360 ਪੰਨਿਆਂ ਦੀ ਇਸ ਕਿਤਾਬ 'ਚ ਸ਼ਹੀਦ ਹਰਦੀਪ ਸਿੰਘ ਨਿੱਝਰ, ਸ਼ਹੀਦ ਪਰਮਜੀਤ ਸਿੰਘ ਪੰਜਵੜ, ਸ਼ਹੀਦ ਬਲਵਿੰਦਰ ਸਿੰਘ ਜਟਾਣਾ ਅਤੇ ਜੂਨ 1984 ਘੱਲੂਘਾਰੇ ਤੇ ਜੁਝਾਰੂ ਲਹਿਰ ਦੇ ਬੇਅੰਤ ਸ਼ਹੀਦਾਂ ਦੀਆਂ ਜੀਵਨੀਆਂ ਛਪੀਆਂ ਹਨ। ਪੰਥਕ ਜੁਝਾਰੂ ਸ਼ਖ਼ਸੀਅਤਾਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਇਸ ਕਾਰਜ ਸ਼ਲਾਘਾ ਕਰਦਿਆਂ ਸਨਮਾਨਿਤ ਕੀਤਾ।
ਲੇਖਕ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਤੋਂ ਅਰੰਭ ਹੋਇਆ ਸ਼ਹੀਦੀਆਂ ਦਾ ਸਫ਼ਰ ਸ਼ਹੀਦ ਹਰਦੀਪ ਸਿੰਘ ਨਿੱਝਰ ਤਕ ਲਗਾਤਾਰ ਜਾਰੀ ਹੈ। ਜਿਹੜੇ ਜੁਝਾਰੂ-ਸ਼ਹੀਦ ਸਿੰਘ ਆਪਣਾ ਖ਼ੂਨ ਡੋਲ੍ਹ ਕੇ ਸ਼ਾਨਾਮੱਤਾ ਇਤਿਹਾਸ ਰਚ ਗਏ ਹਨ, ਉਸ ਨੂੰ ਕਲਮਬੰਦ ਕਰਨਾ ਬੇਹੱਦ ਜ਼ਰੂਰੀ ਸੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਤਿਹਾਸ ਨੂੰ ਪੜ੍ਹ ਕੇ ਸੇਧ ਲੈ ਸਕਣ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਵੱਲੋਂ ਅਰੰਭੇ ਸੰਘਰਸ਼ ਨੂੰ ਜਾਰੀ ਰੱਖਿਆ ਜਾ ਸਕੇ। ਲੇਖਕ ਨੇ ਕਿਹਾ ਕਿ ਭਾਈ ਸਰਬਜੀਤ ਸਿੰਘ ਘੁਮਾਣ ਦੀ ਪ੍ਰੇਰਨਾ ਸਦਕਾ ਇਹ ਕਾਰਜ ਕੀਤਾ ਹੈ। ਕਿਤਾਬ 'ਚ ਬੇਅੰਤ ਨਾਮਵਰ ਜੁਝਾਰੂ-ਜਰਨੈਲ ਤੇ ਅਣਗੌਲੇ ਸ਼ਹੀਦਾਂ ਦੀ ਦਾਸਤਾਨ ਹੈ।
ਕਿਤਾਬ ਦੇ ਟਾਈਟਲ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਢੱਠੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਅਤੇ ਪਿਛਲੇ ਸਫ਼ੇ 'ਤੇ ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਜਵੜ, ਬਲਵਿੰਦਰ ਸਿੰਘ ਜਟਾਣਾ ਤੇ ਕਸ਼ਮੀਰ ਸਿੰਘ ਸ਼ੀਰਾ ਦੀ ਤਸਵੀਰ ਛਪੀ ਹੈ। ਕਿਤਾਬ ਅੰਦਰ ਜੀਵਨੀਆਂ ਦੇ ਨਾਲ ਹਰੇਕ ਸ਼ਹੀਦ ਦੀ ਫੋਟੋ ਵੀ ਛਾਪੀ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਖੁਲਾਸੇ ਬਾਰੇ ਵੀ ਲੇਖ ਦਰਜ਼ ਹਨ।
ਇਸ ਮੌਕੇ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ, ਪਰਮਜੀਤ ਸਿੰਘ ਗਾਜੀ, ਬੀਬੀ ਕੁਲਵਿੰਦਰ ਕੌਰ (ਸੁਪਤਨੀ ਸ਼ਹੀਦ ਪਰਮਜੀਤ ਸਿੰਘ ਤੁਗਲਾਵਾਲਾ), ਬੀਬੀ ਜਸਮੀਤ ਕੌਰ ਛੀਨਾ (ਸੁਪਤਨੀ ਸ਼ਹੀਦ ਸਤਨਾਮ ਸਿੰਘ ਸੱਤਾ ਛੀਨਾ), ਸ. ਨਿਰਮਲ ਸਿੰਘ (ਸਪੁੱਤਰ ਸ਼ਹੀਦ ਰਸਾਲ ਸਿੰਘ ਆਰਫ਼ਕੇ) ਭੁਪਿੰਦਰ ਸਿੰਘ ਛੇ ਜੂਨ, ਗਗਨਦੀਪ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ, ਹਰਪ੍ਰੀਤ ਸਿੰਘ ਬੰਟੀ, ਪਾਰਸ ਸਿੰਘ, ਬਲਦੇਵ ਸਿੰਘ ਨਵਾਂਪਿੰਡ ਆਦਿ ਹਾਜ਼ਰ ਸਨ।