ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਮੌਕੇ ਬਟਾਲੇ ਬੁੱਤ ਸਥਾਪਤ ਕਰਨ ਮੌਕੇ ਲੁਧਿਆਣਾ ਤੋਂ ਡਾਃ ਸੁਰਜੀਤ ਪਾਤਰ, ਗੁਰਭਜਨ ਗਿੱਲ ਤੇ ਤ੍ਰੈਲੋਚਨ ਲੋਚੀ ਵੀ ਪੁੱਜੇ
ਲੁਧਿਆਣਾਃ 7 ਮਈ 2023 - ਵੀਰਵੀ ਸਦੀ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ 50ਵੀ ਬਰਸੀ ਮੌਕੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਉੱਦਮ ਸਦਕਾ ਸ਼ਿਵ ਕੁਮਾਰ ਦਾ ਬਹੁਤ ਜੀਵੰਤ ਬੁੱਤ ਸ਼ਿਵ ਆਡੀਟੋਰੀਅਮ ਵਿੱਚ ਜ਼ਿਲ੍ਹਾ ਕਲਚਰਲ ਸੋਸਾਇਟੀ (ਰਜਿਃ) ਵੱਲੋਂ ਸਥਾਪਿਤ ਕੀਤਾ ਗਿਆ। ਇਸ ਦਾ ਪਰਦਾ ਹਟਾਉਣ ਦੀ ਰਸਮ ਸਥਾਨਕ ਵਿਧਾਇਕ ਸ਼ੈਰੀ ਕਲਸੀ ਤੇ ਜਿਲ੍ਹਾ ਪ੍ਰਸ਼ਾਸਨ ਦੇ ਮਾਣ ਦੇਣ ਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ,ਡਾਃ ਸੁਰਜੀਤ ਪਾਤਰ, ਤ੍ਰੈਲੋਚਨ ਲੋਚੀ,ਗੁਰਭਜਨ ਗਿੱਲ ਤੇ ਡਾਃ ਰਵਿੰਦਰ ਸਮੇਤ ਹਾਜ਼ਰ ਕਵੀਆਂ ਨੇ ਨਿਭਾਈ।
ਇਸ ਸਮਾਗਮ ਲਈ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਸੁਰਜੀਤ ਪਾਤਰ, ਗੁਰਭਜਨ ਗਿੱਲ ਤੇ ਤ੍ਰੈਲੋਚਨ ਲੋਚੀ ਤੋ ਇਲਾਵਾ ਸੁਰੀਲੇ ਗਾਇਕ ਦੀਦਾਰ ਪਰਦੇਸੀ , ਰਾਜੂ ਪਰਦੇਸੀ ਤੇ ਮਨਰਾਜ ਪਾਤਰ ਵੀ ਪੁੱਜੇ ਹੋਏ ਸਨ।
ਇਸ ਮੌਕੇ ਬੋਲਦਿਆਂ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਸ਼ਿਵ ਡੂੰਘੇ ਸਾਗਰਾਂ ਦਾ ਤਾਰੂ ਤੇ ਅੰਬਰ ਤੋਂ ਪਾਰ ਜਾਣ ਵਾਲਾ ਇੱਕੋ ਵੇਲੇ ਵਿਯੋਗ ਤੇ ਸੰਯੌਗ ਦਾ ਕਵੀ ਸੀ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਇਸ ਇਲਾਕੇ ਦੇ ਜੰਮਪਲ ਕਵੀ ਗੁਰਭਜਨ ਗਿੱਲ ਨੇ ਕਿਹਾ ਕਿ ਇਹ ਮੌਕਾ ਮੇਲ ਹੀ ਹੈ ਕਿ ਬਟਾਲਾ ਵਿੱਚ ਸ਼ਿਵ ਕੁਮਾਰ ਦੀ ਪਹਿਲੀ ਬਰਸੀ ਵੇਲੇ 1974 ਵੇਲੇ ਵੀ ਮੈਂ ਹਾਜ਼ਰ ਸੀ ਤੇ ਅੱਜ ਵੀ। ਉਨ੍ਹਾਂ ਕਿਹਾ ਕਿ ਸ਼ਿਵ ਆਡੀਟੋਰੀਅਮ ਦੇ ਵਿਹੜੇ ਵਿੱਚ ਸ਼ਿਵ ਕੁਮਾਰ ਜੀ ਦਾ ਬੁੱਤ ਸਥਾਪਤ ਕਰਕੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਨੇ ਵਿਸ਼ਵ ਭਰ ਚ ਵੱਸਦੇ ਪੰਜਾਬੀਆਂ ਵੱਲੋਂ ਜੱਸ ਖੱਟ ਲਿਐ। ਜ਼ਿਲ੍ਹਾ ਪ੍ਰਸ਼ਾਸਨ ਮੁਖੀ ਡਾਃ ਹਿਮਾਂਸ਼ੂ ਅਗਰਵਾਲ ਡੀ ਸੀ ਗੁਰਦਾਸਪੁਰ ਤੇ ਸ਼ੈਰੀ ਕਲਸੀ ਸਮੇਤ ਸਮੂਹ ਲੇਖਕਾਂ ਤੇ ਕਦਰਦਾਨਾਂ ਵੱਲੋਂ ਉਹ ਧੰਨਵਾਦ ਦੇ ਹੱਕਦਾਰ ਹਨ।
ਇਸ ਸਮਾਗਮ ਵਿੱਚ ਜਿੱਥੇ ਸੁਰਜੀਤ ਪਾਤਰ, ਤ੍ਰੈਲੋਚਨ ਲੋਚੀ, ਸੁਰਜੀਤ ਜੱਜ, ਡਾਃ ਰਵਿੰਦਰ,ਪ੍ਰਿੰਸੀਪਲ ਅਵਤਾਰ ਸਿੱਧੂ ਤੇ ਉੱਘੇ ਕਵੀ ਬੀਬਾ ਬਲਵੰਤ ਨੂੰ ਸੁਣਨ ਦਾ ਸੁਭਾਗ ਮਿਲਿਆ ਹੈ ਉਥੇ ਦੀਦਾਰ ਪਰਦੇਸੀ ਤੇ ਰਮੇਸ਼ ਭਗਤ ਜੀ ਦਾ ਸ਼ਿਵ ਸ਼ਾਇਰੀ ਗਾਨ ਵੀ ਚੰਗਾ ਲੱਗਿਆ। ਉਨ੍ਹਾਂ ਏ ਡੀ ਸੀ ਗੁਰਦਾਸਪੁਰ ਡਾਃ ਨਿਧੀ ਕੁਮੁਦ ਬਾਂਬਾ ਤੇ ਐੱਸ ਡੀ ਐੱਮ ਬਟਾਲਾ ਡਾਃ ਸ਼ਾਇਰੀ ਭੰਡਾਰੀ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾਃ ਪਰਮਜੀਤ ਸਿੰਘ ਕਲਸੀ ਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਾਂ ਇੰਦਰਜੀਤ ਸਿੰਘ ਹਰਪੁਰਾ ਤੇ ਹਰਜਿੰਦਰ ਸਿੰਘ ਕਲਸੀ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਇਸ ਬਰਸੀ ਸਮਾਗਮ ਵਿੱਚ ਏਨੇ ਚੰਗੇ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਯਕੀਨੀ ਕਰਵਾਈ ਹੈ।
ਉੱਘੇ ਰੰਗ ਕਰਮੀ ਕੇਵਲ ਧਾਲੀਵਾਲ ਦੀ ਪੇਸ਼ਕਸ਼ ਸ਼ਿਵ ਕੁਮਾਰ ਦੀ ਲੂਣਾ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਸਮਾਗਮ ਵਿੱਚ ਪ੍ਰੋਃ ਸੁਖਵੰਤ ਸਿੰਘ ਗਿੱਲ,ਪ੍ਰਿੰਸੀਪਲ ਕੁਲਵੰਤ ਕੌਰ ਗਿੱਲ,ਪਿਰਥੀਪਾਲ ਸਿੰਘ ਹੇਅਰ ਪ੍ਰਧਾਨ ਸੁਰਜੀਤ ਸਪੋਰਟਸ ਤੇ ਸਮੁੱਚੀ ਟੀਮ, ਗਿਆਨੀ ਜੋਗਿੰਦਰ ਸਿੰਘ ਜੀ,ਡਾਃ ਅਨੂਪ ਸਿੰਘ, ਡਾਃ ਨਰੇਸ਼ ਕੁਮਾਰ ਕਾਦੀਆਂ ਪਰਿਵਾਰ ਸਮੇਤ,ਸਤਿੰਦਰ ਕੌਰ ਕਾਹਲੋਂ, ਸੁਖਵਿੰਦਰ ਕੌਰ ਬਾਜਵਾ, ਸੁਖਦੀਪ ਸਿੰਘ ਤੇਜਾ, ਰਾਜਿੰਦਰ ਪਾਲ ਸਿੰਘ ਧਾਲੀਵਾਲ, ਨਿਸ਼ਾਨ ਸਿੰਘ ਰੰਧਾਵਾ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਹਰਮੀਤ ਆਰਟਿਸਟ ਅੰਮ੍ਰਿਤਸਰ, ਡਾਃ ਬਿਕਰਮਜੀਤ, ਸਿਮਰਤਪਾਲ ਵਾਲੀਆ, ਤੇਜਿੰਦਰਪਾਲ ਸਿੰਘ ਸੰਧੂ, ਰੀਟਾਇਰਡ ਏ ਡੀ ਸੀ ਗੁਰਦਾਸਪੁਰ, ਪ੍ਰੋਃ ਓਮ ਪ੍ਰਕਾਸ਼, ਪ੍ਰੋਃ ਬਲਬੀਰ ਸਿੰਘ ਕੋਲ੍ਹਾ ਤੇ ਪੂਰੀ ਸ਼ੇਰੇ ਪੰਜਾਬ ਭੰਗੜਾ ਟੀਮ ਨੇ ਵੀ ਪੂਰੇ ਸਮਾਗਮ ਵਿੱਚ ਪੂਰੀ ਦਿਲਚਸਪੀ ਵਿਖਾਈ।