ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਡਾ. ਸਰਬਜੀਤ ਕੌਰ ਸੋਹਲ ਨਾਲ ਰੂਬਰੂ
ਹਰਦਮ ਮਾਨ, ਬਾਬੂਸ਼ਾਹੀ ਨੈੱਟਵਰਕ
ਸਰੀ, 31 ਮਾਰਚ 2022-ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ “ਸਿਰਜਣਾ ਦੇ ਆਰ ਪਾਰ” ਪ੍ਰੋਗਰਾਮ ਤਹਿਤ ਡਾ. ਸਰਬਜੀਤ ਕੌਰ ਸੋਹਲ (ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ) ਨਾਲ ਰੂਬਰੂ ਕਰਵਾਇਆ ਗਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੇ ਵਿਸ਼ੇਸ਼ ਯਤਨਾਂ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਹਰਪ੍ਰੀਤ ਸੰਧੂ ਨੇ ਡਾ. ਸਰਬਜੀਤ ਸੋਹਲ ਅਤੇ ਪ੍ਰੋ. ਕੁਲਜੀਤ ਕੌਰ ਦੀ ਰਸਮੀ ਜਾਣ ਪਛਾਣ ਕਰਵਾਈ। ਰਿੰਟੂ ਭਾਟੀਆ ਨੇ ਸਰਬਜੀਤ ਸੋਹਲ, ਪ੍ਰੋਫੈਸਰ ਕੁਲਜੀਤ ਕੌਰ ਤੇ ਹਾਜ਼ਰੀਨ ਮੈਂਬਰਾਂ ਨੂੰ ਨਿੱਘੀ ਜੀ ਆਇਆਂ ਕਹੀ। ਉਨ੍ਹਾਂ ਪ੍ਰੋਫੈਸਰ ਕੁਲਜੀਤ ਦੀ ਜਾਣ ਪਹਿਚਾਣ ਕਰਾਉਂਦੇ ਹੋਏ ਕਿਹਾ ਕਿ ਉਹ ਇਕ ਵਧੀਆ ਸ਼ਾਇਰ ਤੇ ਲੇਖਕ ਹੋਣ ਦੇ ਨਾਲ ਇਕ ਮੰਝੇ ਹੋਏ ਐਂਕਰ ਤੇ ਹੋਸਟ ਵੀ ਨੇ। ਉਹਨਾਂ ਨੇ ਡਾ. ਸਰਬਜੀਤ ਕੌਰ ਸੋਹਲ ਦੀਆਂ ਕਾਵਿ ਰਚਨਾਵਾਂ ਨੂੰ ਸਲਾਹਿਆ। ਉਪਰੰਤ ਪ੍ਰੋ ਕੁਲਜੀਤ ਕੌਰ ਨੇ ਡਾ ਸਰਬਜੀਤ ਕੌਰ ਸੋਹਲ ਨਾਲ ਉਹਨਾਂ ਦੇ ਪਰਿਵਾਰਕ ਜੀਵਨ ਬਾਰੇ, ਅਧਿਐਨ ਅਤੇ ਅਧਿਆਪਨ ਦੇ ਸਫ਼ਰ ਬਾਰੇ, ਉਹਨਾਂ ਦੇ ਇਨਾਮਾਂ ਸਨਮਾਨਾਂ ਬਾਰੇ ਅਤੇ ਉਨ੍ਹਾਂ ਦੀ ਸਾਹਿਤ ਸਿਰਜਣਾ ਬਾਰੇ ਵਿਸਥਾਰ ਸਹਿਤ ਸੰਵਾਦ ਰਚਾਇਆ।
ਡਾ ਸੋਹਲ ਨੇ ਆਪਣੇ ਜੀਵਨ ਦੇ ਮੁੱਢਲੇ ਦੌਰ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਤੇ ਬਹੁਤ ਵਿਦਵਤਾ ਨਾਲ ਚਾਨਣਾ ਪਾਇਆ। ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਉਪਰ ਸੰਤੁਸ਼ਟੀ ਪ੍ਰਗਟ ਕੀਤੀ। ਬਹੁਤ ਰੌਚਿਕ ਅੰਦਾਜ਼ ਵਿੱਚ ਉਹਨਾਂ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ ਜਿਨ੍ਹਾਂ ਦੇ ਵਿਸ਼ੇ ਨਾਰੀ ਜੀਵਨ ਪ੍ਰਕਿਰਤੀ ਅਤੇ ਸਮਾਜ ਨਾਲ ਜੁੜੇ ਹੋਏ ਸਨ। ਉਹਨਾਂ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਸੰਕੇਤ ਕੀਤਾ। ਹਾਜ਼ਰ ਵਿਦਵਾਨ ਸਾਹਿਤਕਾਰਾਂ ਵੀਨਾ ਬਟਾਲਾ, ਹਰਪ੍ਰੀਤ ਸੰਧੂ, ਮਨਜੀਤ ਕੌਰ ਸੇਖੋਂ ਯੂ ਐਸ ਏ, ਹਰਦਿਆਲ ਸਿੰਘ ਝੀਤਾ ਕੈਨੇਡਾ, ਕੁਲਵੰਤ ਕੌਰ ਢਿੱਲੋਂ ਯੂ ਕੇ , ਦਲਵੀਰ ਕੌਰ ਯੂ ਕੇ, ਡਾ ਅਨੀਸ਼ ਗਰਗ ਆਦਿ ਨੇ ਮੈਡਮ ਸੋਹਲ ਤੋਂ ਬਹੁਤ ਸਾਰੇ ਸਵਾਲ ਵੀ ਪੁੱਛੇ ਜਿਨ੍ਹਾਂ ਦਾ ਡਾ ਸੋਹਲ ਨੇ ਬਹੁਤ ਹਲੀਮੀ ਨਾਲ ਤਸੱਲੀ ਬਖਸ਼ ਜਵਾਬ ਦਿੱਤੇ। ਪੱਬਪਾ, ਜਗਤ ਪੰਜਾਬੀ ਸਭਾ ਤੇ ਵਰਲਡ ਪੰਜਾਬੀ ਕਾਨਫ਼ਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਕੈਨੇਡਾ ਨੇ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਆਪਣੀਆਂ ਵਿਸ਼ੇਸ਼ ਟਿੱਪਣੀਆਂ ਵੀ ਕੀਤੀਆਂ। ਪੂਨਮ ਸਿੰਘ ਪ੍ਰੀਤਲੜੀ , ਸੁਰਜੀਤ ਕੌਰ , ਹਰਦੀਪ ਕੌਰ , ਡਾ ਅਮਰ ਜਿਉਤੀ ਮਾਂਗਟ ਯੂ ਕੇ , ਜੈਸਮੀਨ ਮਾਹੀ , ਡਾਕਟਰ ਪੁਸ਼ਵਿੰਦਰ ਕੌਰ , ਕੁਲਦੀਪ ਕੌਰ ਧੰਜੂ , ਡਾ ਰਵਿੰਦਰ ਭਾਟੀਆ , ਹਰਭਜਨ ਕੌਰ ਗਿੱਲ ਕੈਨੇਡਾ , ਹਰਸ਼ਰਨ ਕੌਰ ਸਰੀ , ਡਾ ਗਗਨਦੀਪ ਕੌਰ , ਮਨਜੀਤ ਧੀਮਾਨ ਕੁਲਵਿੰਦਰ ਕੌਰ ਸਮਰਾ , ਅੰਜਨਾ ਮੈਨਨ , ਮਨੀ ਹਠੂਰ ਸਿੰਗਰ, ਮਨਮੋਹਨ ਸਿੰਘ ਵਾਲੀਆ ਆਹਲੂਵਾਲੀਆ ਸਭਾ , ਹਰਦਿਆਲ ਸਿੰਘ ਝੀਤਾ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ , ਮਾਲਟਨ ਵੂਮੈਨ ਕੌਂਸਲ ਸੁਰਜੀਤ ਸੰਧੂ ਤੇ ਹੋਰ , ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਅਸੀਸ ਮੰਚ , ਹੈਲਪਿੰਗ ਹੈਂਡਜ਼ ਚੈਰੀਟੇਬਲ ਟਰਸਟ ਤੇ ਹੋਰ ਸਭਾਵਾਂ ਦੇ ਮੈਂਬਰਾਂ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ।
ਪੂਨਮ ਸਿੰਘ ਪ੍ਰੀਤਲੜੀ ਨੇ ਆਪਣੇ ਲਿਖਤੀ ਸੁਨੇਹੇ ਵਿਚ ਕਿਹਾ ਕਿ ਰਮਿੰਦਰ ਰਮੀ ਦੇ ਉਪਰਾਲੇ ਬਹੁਤ ਸ਼ਲਾਘਾਯੋਗ ਹਨ ਤੇ ਪ੍ਰੋਫ਼ੈਸਰ ਕੁਲਜੀਤ ਵੀ ਗੁਣਾਂ ਦੀ ਖਾਣ ਹਨ ਤੇ ਬਹੁਤ ਵਧੀਆ ਐਂਕਰ ਹੋਸਟ ਅਤੇ ਸ਼ਾਇਰ ਵੀ ਹਨ । ਸਰਬਜੀਤ ਕੌਰ ਸੋਹਲ ਇਕ ਪੁਖਤਾ ਅਤੇ ਤੰਦਰੁਸਤ ਪਰਿਵਾਰ ਦੇ ਸਹਿਜ ਪਿਆਰ ਨਾਲ ਆਪਣੀ ਇਕ ਭਰਪੂਰ ਸ਼ਖਸੀਅਤ ਲੈ ਕੇ ਪੰਜਾਬੀ ਸਾਹਿਤ ਜਗਤ ਵਿਚ ਯੋਗਦਾਨ ਪਾ ਰਹੇ ਹਨ। ਜਿੱਥੇ ਉਨ੍ਹਾਂ ਦੀ ਵਿਗਿਆਨ ਦੇ ਖੇਤਰ ਦੀ ਪੜ੍ਹਾਈ ਵੀ ਸਾਹਿਤ ਵਿਚ ਪ੍ਰੈਕਟੀਕਲ ਪੱਧਰ ‘ਤੇ ਸੇਵਾ ਨਿਭਾਉਣ ਲਈ ਉਨ੍ਹਾਂ ਦਾ ਸਾਥ ਦੇ ਹੀ ਰਹੀ ਹੈ, ਓਥੇ ਬਚਪਨ ਤੋਂ ਪੰਜਾਬੀ ਦਾ ਸਾਹਿਤ ਪੜ੍ਹਨ ਅਤੇ ਜਾਨਣ ਦੀ ਲਗਨ ਤੋਂ ਲੈ ਕੇ ਇਸ ਪਾਸੇ ਦੀ ਉੱਚ ਪੱਧਰ ਦੀ ਪੜ੍ਹਾਈ ਅਤੇ ਪੜ੍ਹਾਉਣ ਵਿਚ ਦਿੱਤੀ ਜਾ ਰਹੀ ਸੇਵਾ ਅਤੇ ਉਨ੍ਹਾਂ ਵੱਲੋਂ ਲਿਖਿਆ ਗਿਆ ਬਹੁਤ ਸਾਰਾ ਸਾਹਿਤ ਉਨ੍ਹਾਂ ਨੂੰ ਹਰ ਤਰੀਕੇ ਨਾਲ ਇਸ ਖੇਤਰ ਵਿਚ ਆਗੂ ਕਿਰਦਾਰ ਨਿਭਾਉਣ ਲਈ ਹੱਕਦਾਰ ਬਣਾਉਂਦਾ ਹੈ। ਇਹ ਹੋਰ ਵੀ ਚੰਗੀ ਗੱਲ ਹੈ ਜੋ ਉਹ ਆਪਣੀਆਂ ਤਾਕਤਾਂ ਅਤੇ ਸੀਮਾਵਾਂ ਪ੍ਰਤੀ ਵੀ ਖੂਬ ਜਾਗਰੂਕ ਅਤੇ ਖੁੱਲ੍ਹੇ ਹਨ ਜੋ ਇਕ ਆਗੂ ਲਈ ਬਹੁਤ ਚੰਗਾ ਗੁਣ ਹੁੰਦਾ ਹੈ। ਇਕ ਨਾਰੀ ਦਾ ਸਥਾਨ ਸਮਾਜ ਵਿਚ ਕਿਹੋ ਜਿਹਾ ਹੋਣਾ ਚਾਹੀਦਾ ਹੈ ਅਤੇ ਉਸ ਦਾ ਸਵੈਮਾਣ, ਉਸ ਲਈ ਸਰਬਜੀਤ ਕੌਰ ਸੋਹਲ ਇਕ ਆਲ੍ਹਾ ਮਿਸਾਲ ਹਨ।
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਸਭ ਮੈਂਬਰਾਂ, ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਇਸ ਸੰਸਥਾ ਦੀ ਬੈਕ ਬੋਨ ਹਨ, ਉਹਨਾਂ ਦੇ ਸਾਥ ਤੇ ਸਹਿਯੋਗ ਦੇ ਬਿਨਾਂ ਅਸੀਂ ਅਧੂਰੇ ਹਾਂ। ਡਾਕਟਰ ਕੁਲਦੀਪ ਸਿੰਘ ਦੀਪ ਤੇ ਅਰਵਿੰਦਰ ਢਿੱਲੋਂ , ਡਾਕਟਰ ਗੁਰਚਰਨ ਕੋਚਰ ਤੇ ਪੂਨਮ ਸਿੰਘ ਪ੍ਰੀਤਲੜੀ ਵੀ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਦੋਸਤਾਂ ਦੇ ਸਹਿਯੋਗ ਧੰਨਵਾਦ ਕੀਤਾ। ਅੰਤ ਵਿੱਚ ਮੈਡਮ ਸਤਿੰਦਰ ਕੌਰ ਕਾਹਲੋਂ ਨੇ ਡਾ ਸਰਬਜੀਤ ਕੌਰ ਸੋਹਲ ਅਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ। ਸਮੁੱਚੇ ਤੌਰ ਤੇ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com