ਅੰਮ੍ਰਿਤਸਰ, 15 ਫਰਵਰੀ 2019 - ਪੰਜਾਬੀ ਦੇ ਸਿਰਮੌਰ ਸ਼ਾਇਰ ਪ੍ਰਮਿੰਦਰਜੀਤ ਦੀ ਯਾਦ ਵਿੱਚ ਲਗਾਤਾਰ ਕਾਰਜਸ਼ੀਲ ਅੱਖਰ ਕਾਵਿ-ਕਬੀਲਾ ਦੀ ਟੀਮ ਵੱਲੋਂ ਇਕ ਜਰੂਰੀ ਮੀਟਿੰਗ ਬੀਤੇ ਦਿਨੀਂ ਪ੍ਰਧਾਨ ਇੰਦਰੇਸ਼ਮੀਤ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ । ਜਿਸ ਵਿੱਚ ਅੱਖਰ ਕਾਵਿ-ਕਬੀਲਾ ਦੇ ਅਹੁਦੇਦਾਰਾਂ ਤੋਂ ਇਲਾਵਾ ਸ਼ਬਦ ਚੇਤਨਾ ਮੰਚ ਰਈਆ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ । ਪਿਛਲੇ ਕੁੱਝ ਸਮੇਂ ਤੋਂ ਦੋਵੇਂ ਸੰਸਥਾਵਾਂ ਆਪੋ ਆਪਣੇ ਤੌਰ ਤੇ ਪ੍ਰੋਗਰਾਮ ਆਯੋਜਿਤ ਕਰਦੀਆਂ ਆ ਰਹੀਆਂ ਸਨ । ਅੱਜ ਇਕ ਸਾਂਝੀ ਮੀਟਿੰਗ ਵਿੱਚ ਦੋਵਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹੋਰ ਮਿਆਰੀ ਸਰਗਰਮੀਆੰ ਰਚਾਉਣ ਅਤੇ ਨਿੱਠ ਕੇ ਕੰਮ ਕਰਨ ਲਈ ਸ਼ਬਦ ਚੇਤਨਾ ਮੰਚ ਰਈਆ ਨੂੰ ਅੱਖਰ ਕਾਵਿ ਕਬੀਲਾ ਵਿੱਚ ਵਿਲੀਨ ਕਰਕੇ ਨਵੀਂ ਟੀਮ ਦਾ ਗਠਨ ਕੀਤਾ ਗਿਆ । ਇਸ ਮੌਕੇ ਹਾਜ਼ਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਡਾ. ਵਿਕਰਮਜੀਤ ਸਿੰਘ ਨੂੰ ਮੁੜ ਸਰਪ੍ਰਸਤ ਅਤੇ ਸ਼ਾਇਰ ਇੰਦਰੇਸ਼ਮੀਤ ਨੂੰ ਪ੍ਰਧਾਨ ਵਜੋਂ ਚੁਣ ਲਿਆ । ਕੋਆਰਡੀਨੇਟਰ ਵਜੋਂ ਵਿਸ਼ਾਲ ਸੰਪਾਦਕ ਅੱਖਰ ਅਤੇ ਮੀਤ ਪ੍ਰਧਾਨਾਂ ਵਜੋਂ ਮਲਵਿੰਦਰ, ਤਰਲੋਚਨ ਅਤੇ ਸੁਖਦੇਵ ਸਿੰਘ ਭੁੱਲਰ ਦਾ ਨਾਮ ਪਰਵਾਨ ਕੀਤਾ ਗਿਆ ।
ਨੌਜਵਾਨ ਕਵੀ ਬਲਦੇਵ ਕ੍ਰਿਸ਼ਨ ਸ਼ਰਮਾ ਨੂੰ ਜਨਰਲ ਸਕੱਤਰ, ਜਗਜੀਤ ਸਿੰਘ ਗਿੱਲ ਨੂੰ ਸਹਾਇਕ ਸਕੱਤਰ, ਸੰਦੀਪ ਮੰਨਣ ਨੂੰ ਸੂਚਨਾ ਸਕੱਤਰ, ਕੰਵਲਜੀਤ ਸਿੰਘ ਫਰੀਡਮ ਨੂੰ ਜਾਇੰਟ ਸਕੱਤਰ, ਬਖਤਾਵਰ ਧਾਲੀਵਾਲ ਨੂੰ ਮੀਡੀਆ ਸਕੱਤਰ ਅਤੇ ਕੰਵਲਜੀਤ ਭੁੱਲਰ ਨੂੰ ਕੈਸ਼ੀਅਰ ਵਜੋਂ ਜ਼ੁੰਮੇਵਾਰੀ ਸੌਪੀ ਗਈ । ਪ੍ਰਬੰਧਕੀ ਸਲਾਹਕਾਰਾਂ ਵਜੋਂ ਪ੍ਰਿੰਸੀਪਲ ਮਨਜੀਤ ਸਿੰਘ, ਮਾਸਟਰ ਧਰਮ ਸਿੰਘ ਅਤੇ ਵਿਸ਼ੇਸ ਸਲਾਹਕਾਰਾਂ ਵਜੋਂ ਡਾ. ਹੀਰਾ ਸਿੰਘ ਅਤੇ ਡਾ. ਨਰੇਸ਼ ਕੁਮਾਰ ਦੀ ਚੋਣ ਕੀਤੀ ਗਈ ।
ਅੱਖਰ ਕਾਵਿ ਕਬੀਲਾ ਦੀ ਪੁਨਰ ਗਠਿਤ ਟੀਮ ਨੇ ਵਿੱਛੜ ਚੁੱਕੇ ਸ਼ਾਇਰ ਦੋਸਤ ਪ੍ਰਮਿੰਦਰਜੀਤ ਦੀ ਯਾਦ ਪਿਛਲੇ ਸਾਲ ਸਥਾਪਿਤ ਕੀਤੇ ‘ਸਰਵੋਤਮ ਸ਼ਾਇਰ ਪ੍ਰਮਿੰਦਰਜੀਤ’ ਪੁਰਸਕਾਰ ਦੇ ਸਮਾਗਮ ਬਾਰੇ ਵਿਚਾਰਾਂ ਕੀਤੀਆਂ ਅਤੇ ਐਲਾਨ ਕੀਤਾ ਕਿ ਇਹ ਸਮਾਗਮ ਜਲਦ ਹੀ ਅੰਮ੍ਰਿਤਸਰ ਵਿਖੇ ਹੋਵੇਗਾ । ਇਸ ਸਮਾਗਮ ਦੀ ਤਰੀਕ ਆਉਣ ਵਾਲੇ ਦਿਨਾਂ ਵਿੱਚ ਨਿਰਧਾਰਿਤ ਕਰ ਦਿੱਤੀ ਜਾਵੇਗੀ । ਜਿਕਰਯੋਗ ਹੈ ਕਿ ਇਹ ਪੁਰਸਕਾਰ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਦੇ ਸਹਿਯੋਗ ਨਾਲ ਪਿਛਲੇ ਸਾਲ ਹੀ ਸਥਾਪਿਤ ਕੀਤਾ ਗਿਆ ਸੀ, ਜਿਸ ਵਿੱਚ 11000 ਰੂਪੈ ਦੀ ਰਾਸ਼ੀ ਅਤੇ ਇਕ ਸੌਵੀਨਾਰ ਸ਼ਾਮਿਲ ਹੈ ।
ਪਹਿਲਾਂ ਤੋਂ ਐਲਾਨ ਕੀਤੇ ਫ਼ੈਸਲੇ ਅਨੁਸਾਰ ਸਾਲ 2018 ਦਾ ਪੁਰਸਕਾਰ ਦਿੱਲੀ ਸਾਹਿਤ ਅਕਾਡਮੀ ਦੇ ਐਵਾਰਡ ਜੇਤੂ ਸ਼ਾਇਰ ਮੋਹਨਜੀਤ ਨੂੰ ਦਿੱਤਾ ਜਾਵੇਗਾ, ਜੋ ਕਿ ਕੁੱਝ ਜ਼ਰੂਰੀ ਕਾਰਨਾਂ ਕਰਕੇ ਅੱਗੇ ਕੀਤਾ ਗਿਆ ਸੀ । ਸਾਲ 2019 ਦੇ ਲਈ ਯੁਵਾ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਰੱਥਵਾਨ ਆਲੋਚਕ ਅਤੇ ਸ਼ਾਇਰ ਡਾ. ਜਗਵਿੰਦਰ ਜੋਧਾ ਦਾ ਨਾਮ ਪ੍ਰਸਤਾਵਿਤ ਹੋਇਆ ਜੋ ਸਾਰੇ ਮੈਂਬਰਾਂ ਨੇ ਸਰਵ ਸੰਮਤੀ ਨਾਲ ਪਰਵਾਨ ਕਰ ਲਿਆ । ਦੋਵਾਂ ਹੀ ਵਰਿਆਂ ਦਾ ਸਨਮਾਨ ਸਮਾਰੋਹ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰੀਨ ਸ਼ਾਇਰਾਂ ਵੱਲੋਂ ਕਵਿਤਾ ਪਾਠ ਕੀਤਾ ਜਾਵੇਗਾ ਅਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ।