ਲੁਧਿਆਣਾ, 25 ਫਰਵਰੀ 2019 - ਭਗਵੰਤ ਮਾਨ ਅਤੇ ਘਰਾਚੋਂ (ਸੰਗਰੂਰ) ਦੇ ਨੌਜਵਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਲਾਈਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ। ਮਾਨ ਨੇ ਆਪਣੇ ਐਮਪੀ ਫੰਡ 'ਚੋਂ ੧੦ ਲੱਖ ਰੁਪਏ ਖਰਚ ਕਰਕੇ ਇਸ ਲਾਈਬ੍ਰੇਰੀ ਦਾ ਨਿਰਮਾਣ ਕਰਾਉਣ 'ਚ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਸ਼ੁਭ ਕਾਰਜ 'ਚ ਆਪਣਾ ਯੋਗਦਾਨ ਪਾਉਣ ਲਈ ਉੱਘੀ ਪੰਜਾਬੀ ਸਾਹਿਤਕ ਸ਼ਖਸੀਅਤ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਸ਼ਗਨ ਵਜੋਂ ਨਵੇਂ ਉਸਾਰੇ ਸ਼ਹੀਦ ਭਗਤ ਸਿੰਘ ਪੁਸਤਕ ਭਵਨ ਲਈ 101 ਕਿਤਾਬਾਂ ਦੇਣ ਦਾ ਐਲਾਨ ਕੀਤਾ ਹੈ।
ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ ਉਹ ਹੋਰਨਾਂ ਸੱਜਣਾਂ ਨੂੰ ਵੀ ਬੇਨਤੀ ਕਰਦੇ ਹਨ ਕਿ ਇਸ ਸ਼ੁਭ ਕਾਰਜ ਚ ਹਿੱਸਾ ਪਾਉਣ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਇਸ ਲਾਇਬਰੇਰੀ ਮਾਡਲ ਨੂੰ ਅਪਣਾ ਸਕਣ ਤਾਂ ਪੰਜਾਬ ਦੇ ਪੇਂਡੂ ਖੇਤਰਾਂ ਚ ਸ਼ਬਦ ਸਭਿਆਚਾਰ ਦੇ ਕੇਂਦਰ ਉੱਸਰ ਸਕਦੇ ਹਨ।
ਪ੍ਰੋ. ਗਿਲ ਨੇ ਕਿਹਾ ਕਿ ਘਰਾਚੋਂ ਵਾਲੇ ਹਿੰਮਤੀ ਵੀਰ ਉਨ੍ਹਾਂ ਤੋਂ 101 ਕਿਤਾਬਾਂ ਜਦ ਚਾਹੁਣ ਲੁਧਿਆਣਾ ਪਹੁੰਚ ਕੇ ਹਾਸਲ ਕਰ ਸਕਦੇ ਹਨ। ਉਨ੍ਹਾਂ ਇਸ ਨੇਕ ਕਾਰਜ ਲਈ ਭਗਵੰਤ ਮਾਨ ਤੇ ਹਿੰਮਤੀ ਨੌਜਵਾਨਾਂ ਨੂੰ ਮੁਬਾਰਕਬਾਦ ਦਿੱਤੀ।
ਲਾਈਬ੍ਰੇਰੀ ਦਾ ਉਦਘਾਟਨ ਕਰਦੇ ਭਗਵੰਤ ਮਾਨ
ਪ੍ਰੋ. ਗੁਰਭਜਨ ਗਿੱਲ