ਧੀਆਂ ਭੈਣਾਂ ਤੇ ਮਾਵਾਂ ਨੂੰ ਸਮਰਪਿਤ ਦਿਹਾੜਾ। ਇਸ ਦਿਵਸ ਨੂੰ ਸਮਰਪਿਤ ਮੇਰੇ ਇਹ ਬੋਲ
ਗ਼ਜ਼ਲ
ਮੈਂ ਸਾਹਾਂ ਵਿੱਚ ਸਾਂਭ ਲਵਾਂਗਾ,ਇਹ ਮੁਸਕਾਨ ਉਧਾਰੀ ਦੇ ਦੇ।
ਅੱਧ ਅਧੂਰੀ ਮੈਂ ਕੀ ਕਰਨੀ,ਜੇ ਦੇਣੀ ਤਾਂ ਸਾਰੀ ਦੇ ਦੇ।
ਰੁੱਤ ਬਸੰਤੀ ਵਾਂਗੂੰ ਖਿੜੀਏ ਧਰਤ ਸੁਹਾਗਣ ਰੂਪਵੰਤੀਏ,
ਘਰ ਘਰ ਵੰਡਿਆ ਸ਼ਗਨਾਂ ਵੇਲਾ ਮੈਨੂੰ ਵੀ ਇੱਕ ਖਾਰੀ ਦੇ ਦੇ।
ਮਹਿਕਵੰਤੀਏ, ਕਲਾਵੰਤੀਏ, ਰੂਹ ਵੱਲੋਂ ਵੀ ਸੁਹਜਵੰਤੀਏ,
ਇਹ ਸਾਰਾ ਕੁਝ ਮੇਰੇ ਕੰਮ ਦਾ, ਭਰ ਕੇ ਇੱਕ ਪਟਾਰੀ ਦੇ ਦੇ।
ਬ੍ਰਹਿਮੰਡਲ ਸਭ ਅੰਬਰ,ਜਲ,ਥਲ ,ਪੌਣਾਂ ਅੰਦਰ ਵੰਡ ਦਿਆਂਗਾ,
ਏਨਾ ਕਰਮ ਕਮਾ ਦੇ ਹੁਣ ਤੂੰ ਸੂਰਜ ਪਾਰ ਉਡਾਰੀ ਦੇ ਦੇ।
ਹੇ ਕੁਦਰਤ ਤੂੰ ਜੋ ਜੋ ਵੰਡਦੀ ਮਹਿਕਾਂ ਖੁਸ਼ੀਆਂ ਅਣਮੁੱਕ ਖੇੜੇ,
ਮੈਂ ਤੇਰੇ ਦਰ ਖੜ੍ਹਾ ਸਵਾਲੀ, ਮੈਨੂੰ ਜਲਵਾਕਾਰੀ ਦੇ ਦੇ।
ਬੰਦ ਕਮਰਾ ਸੰਸਾਰ ਵਚਿੱਤਰ ਕੰਕਰੀਟ ਦਾ ਨਿਕ ਸੁਕ ਮਾਰੂ,
ਹੋਰ ਕਿਤੇ ਪਥਰਾ ਨਾ ਜਾਵਾਂ , ਵਿੱਚ ਬਗੀਚੇ ਬਾਰੀ ਦੇ ਦੇ।
ਆਪਣੀ ਹਉਮੈ ਪਾਰ ਕਰਨ ਦੀ ਸ਼ਕਤੀ ਦੇ ਤੂੰ ਦਾਨਵੰਤੀਏ,
ਮੇਰੀ ਬੁੱਕਲ ਵੱਡੀ ਕਰ ਦੇ ਵਿੱਚੇ ਧਰਤ ਪਿਆਰੀ ਦੇ ਦੇ।
ਗੁਰਭਜਨ ਗਿੱਲ
Gurbhajansinghgill@ gmail. Com
Phone: 98726 31199