ਐਸ.ਏ.ਐਸ.ਨਗਰ 26 ਜੂਨ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਸਿੱਖਿਆ ਬੋਰਡ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਮਿਤੀ 25.06.2018 ਨੂੰ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਦੀ ਪ੍ਰਧਾਨਗੀ ਹੇਠ ਹੋਈ| ਇਸ ਮੀਟਿੰਗ ਵਿੱਚ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਬਤੌਰ ਮੈਂਬਰ ਡੀ.ਜੀ.ਐਸ.ਈ ਕਮ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ, ਵਿਸ਼ੇਸ਼ ਸਕੱਤਰ, ਸਕੂਲ ਸਿੱਖਿਆ ਵਿਭਾਗ, ਪੰਜਾਬ ਸ੍ਰੀ ਮਨਵੇਸ਼ ਸਿੰਘ ਸਿੱਧੂ, ਵਿੱਤ ਵਿਭਾਗ ਦੇ ਨੁਮਾਇੰਦੇ ਵਜੋਂ ਡਿਪਟੀ ਕੰਟਰੋਲਰ ਲੋਕਲ ਆਡਿਟ ਪੰਜਾਬ ਸਕੂਲ ਸਿੱਖਿਆ ਬੋਰਡ ਸ੍ਰੀ ਅਸ਼ਵਨੀ ਬਾਂਸਲ, ਡੀਨ/ਸੀ.ਓ.ਏ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਡਾ. ਐਸ.ਐਸ.ਕੁਕਲ, ਰਜਿਸਟਰਾਰ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਡਾ. ਐਸ.ਐਸ.ਵਾਲੀਆ, ਡੀ.ਪੀ.ਆਈ (ਸੈ) ਸ੍ਰੀ ਪਰਮਜੀਤ ਸਿੰਘ, ਡੀ.ਪੀ.ਆਈ.(ਐਲੀ/ਐਸ.ਸੀ.ਈ.ਆਰ.ਟੀ. ) ਸ੍ਰੀ ਇੰਦਰਜੀਤ ਸਿੰਘ ਹਾਜ਼ਰ ਹੋਏ| ਸ੍ਰੀਮਤੀ ਹਰਗੁਣਜੀਤ ਕੌਰ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਤੌਰ ਕਨਵੀਨਰ ਆਪਣੀ ਜ਼ਿੰਮੇਵਾਰੀ ਨਿਭਾਈ|
ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਦਸਵੀਂ ਅਤੇ ਬਾਰ੍ਹਵੀ ਦੀਆਂ ਸਲਾਨਾਂ ਪ੍ਰੀਖਿਆਵਾਂ ਵਿਚ ਹੋਣ ਵਾਲੀ ਪ੍ਰਯੋਗੀ ਪ੍ਰੀਖਿਆ ਬੋਰਡ ਵੱਲੋਂ ਲਈ ਜਾਵੇਗੀ| ਇਸੇ ਕਾਰਨ ਪ੍ਰਯੋਗੀ ਪ੍ਰੀਖਿਆਵਾਂ ਸਬੰਧੀ ਲਈ ਜਾਣ ਵਾਲੀ ਫੀਸ ਵਿੱਚ ਇੱਕ ਸੌ ਰੁਪਏ ਦਾ ਵਾਧਾ ਕੀਤਾ ਗਿਆ| ਵੋਕੇਸ਼ਨਲ ਸਟਰੀਮ ਅਧੀਨ 11ਵੀਂ/12ਵੀਂ ਸ਼੍ਰੇਣੀ ਦੇ 'ਬਿਜਨਸ ਐਂਡ ਕਾਮਰਸ ਗਰੁੱਪ' ਦੇ ਟਰੇਡ 'ਰੂਰਲ ਮਾਰਕੀਟਿੰਗ', 'ਟੈਕਸੇਸ਼ਨ ਪ੍ਰੈਕਟੀਸਿਸ', 'ਇੰਸੋਰੈਂਸ਼', 'ਕੋ-ਆਪਰੇਸ਼ਨ', ਅਤੇ 'ਇਮਪੋਰਟ ਐਂਡ ਐਕਸਪੋਰਟ ਪ੍ਰੇਕਟੀਸਿਸ ਅਤੇ ਡਾਕੂਮੈਂਟੇਸ਼ਨ' ਦੇ ਵਿਸ਼ਿਆਂ ਨੂੰ ਵੀ ਪ੍ਰੈਕਟੀਕਲ ਵਿਸ਼ਿਆਂ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ|
ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੀਨੀਅਰ ਸੈਕੰਡਰੀ ਸਟਰੀਮ ਆਫ ਸਟੱਡੀਜ਼ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀ ਸ਼੍ਰੇਣੀ ਦੇ ਦਰਜ ਵਿਸ਼ਿਆਂ ਵਿੱਚੋਂ ਜਿਹੜੇ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਬੋਰਡ ਵੱਲੋਂ ਤਿਆਰ ਨਹੀਂ ਕੀਤੀਆਂ ਗਈਆਂ, ਉਨ੍ਹਾਂ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਵਿੱਦਿਅਕ ਸੈਸ਼ਨ 2018-19 ਲਈ ਪ੍ਰਾਈਵੇਟ ਪਬਲਿਸ਼ਰਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਪੁਸਤਕਾਂ ਨੂੰ ਬੋਰਡ ਵੱਲੋਂ ਰਿਕਮੈਂਡ ਕਰਨ ਦਾ ਫੈਸਲਾ ਵੀ ਲਿਆ ਗਿਆ|
ਵਿਭਿੰਨ ਕਰਮਚਾਰੀਆਂ ਅਤੇ ਐਫੀਲਿਏਟਿਡ ਸਕੂਲਾਂ ਵੱਲੋਂ ਕੀਤੀਆਂ ਗਈਆਂ ਅਪੀਲਾਂ ਲਈ ਸਜਾ ਅਤੇ ਅਪੀਲ ਵਿਨਿਯਮ ਅਧੀਨ ਦੋ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ| ਇਨ੍ਹਾਂ ਵਿੱਚੋਂ ਇੱਕ ਕਮੇਟੀ ਐਫੀਲਿਏਟਿਡ ਸਕੂਲਾਂ ਨਾਲ ਸਬੰਧਤ ਕੇਸਾਂ ਵਿਰੁੱਧ ਅਪੀਲਾਂ ਦਾ ਰਿਵਿਊ ਕਰਨ ਲਈ ਬਣਾਈ ਗਈ ਹੈ ਜਿਸ ਵਿੱਚ ਡੀ.ਪੀ.ਆਈ.(ਐਲੀ) ਸ੍ਰੀ ਇੰਦਰਜੀਤ ਸਿੰਘ, ਡਾਇਰੈਕਟਰ ਅਕਾਦਮਿਕ ਸ੍ਰੀਮਤੀ ਮਨਜੀਤ ਕੌਰ, ਰਜਿਸਟਰਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸ਼ਾਮਿਲ ਹਨ ਅਤੇ ਦੂਜੀ ਕਮੇਟੀ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਜ਼ਾ ਵਿਰੁੱਧ ਅਪੀਲਾਂ ਸਬੰਧੀ ਰਿਵਿਊ ਕਰਨ ਲਈ ਬਣਾਈ ਗਈ ਹੈ ਜਿਸ ਵਿੱਚ ਡੀ.ਜੀ.ਐਸ.ਈ ਕਮ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ, ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ , ਵਿੱਤ ਵਿਭਾਗ ਦੇ ਨੁਮਾਇੰਦੇ ਵਜੋਂ ਡਿਪਟੀ ਕੰਟਰੋਲਰ ਲੋਕਲ ਆਡਿਟ ਪੰਜਾਬ ਸਕੂਲ ਸਿੱਖਿਆ ਬੋਰਡ ਸ੍ਰੀ ਅਸ਼ਵਨੀ ਬਾਂਸਲ ਨੂੰ ਮਨੋਨੀਤ ਕੀਤਾ ਗਿਆ|